ਨਕੋਦਰ ਗੋਲੀਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਨਕੋਦਰ ਗੋਲੀਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਜਲੰਧਰ- ਨਕੋਦਰ ਗੋਲੀਕਾਂਡ ਵਿੱਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਨੂੰ ਅੱਜ ਪਿੰਡ ਲਿੱਤਰਾਂ ਦੇ ਗੁਰਦੁਆਰੇ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਦੇ ਬਾਈਕਾਟ ਦਾ ਸੱਦਾ ਦਿੱਤਾ। ਉਨ੍ਹਾਂ ਚਾਰ ਸਿੱਖ ਨੌਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੁਲੀਸ ’ਤੇ ਅਦਾਲਤ ਨੂੰ ਗੁਮਰਾਹ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਇਸ ਕਾਂਡ ਦੀ ਜਾਂਚ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਵਿੱਚ ਕੋਈ ਸੀਨੀਅਰ ਪੁਲੀਸ ਅਧਿਕਾਰੀ ਸ਼ਾਮਲ ਨਹੀਂ ਹੋਇਆ ਹੈ। ਇਸ ਕਾਂਡ ਵਿੱਚ ਸ਼ਹੀਦ ਹੋਏ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਸ ਦੇ ਜਿਊਂਦੇ ਜੀਅ ਇਸ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜ਼ਿਕਰਯੋਗ ਹੈ ਕਿ ਇਹ ਬੇਅਦਬੀ ਕਾਂਡ 1986 ਨੂੰ ਵਾਪਰਿਆ ਸੀ ਜਦੋਂ ਨਕੋਦਰ ਦੇ ਇੱਕ ਗੁਰੂਘਰ ਵਿੱਚ 2 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸਾੜ ਦਿੱਤੇ ਗਏ ਸਨ। ਇਸ ਦਾ ਰੋਸ ਪ੍ਰਗਟਾਉਣ ਲਈ ਇੱਕਠੀਆਂ ਹੋਈਆਂ ਸਿੱਖ ਸੰਗਤਾਂ ’ਤੇ 4 ਫਰਵਰੀ 1986 ਨੂੰ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਗੋਲੀਬਾਰੀ ਵਿੱਚ ਚਾਰ ਸਿੱਖ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ, ਝਿਲਮਣ ਸਿੰਘ ਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਇਹ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਸਨ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਹਏ ਸਨ।

ਇਨ੍ਹਾਂ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਥਕ ਆਗੂ ਪਾਲ ਸਿੰਘ ਫਰਾਂਸ ਨੇ ਕਿਹਾ ਕਿ 38 ਸਾਲ ਬੀਤਣ ਦੇ ਬਾਵਜੂਦ ਪੰਥ ਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ, ਜਦਕਿ ਇਸ ਵਕਫ਼ੇ ਦੌਰਾਨ 15 ਸਾਲ ਸ਼੍ਰੋਮਣੀ ਅਕਾਲੀ ਦਲ ਵੀ ਸੱਤਾ ਵਿੱਚ ਰਹੀ ਹੈ। ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ’ਤੇ ਟਿੱਪਣੀ ਕਰਦਿਆਂ ਪਾਲ ਸਿੰਘ ਫਰਾਂਸ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਨੂੰ ਪਿੰਡਾਂ ਵਿੱਚ ਦਾਖ਼ਲ ਨਾ ਹੋਣ ਦੇਣ ਅਤੇ ਇਨ੍ਹਾਂ ਦਾ ਬਾਈਕਾਟ ਕੀਤਾ ਜਾਵੇ। ਪੰਥਕ ਆਗੂ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਇਸ ਕਾਂਡ ਦੇ ਵਾਪਰਨ ਮੌਕੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਜਿਸ ਨੇ ਮੌਕੇ ਦੇ ਅਫਸਰਾਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ ਸੀ। ਉਨ੍ਹਾਂ ਕਿਹਾ ਕਿ 38 ਸਾਲਾਂ ਦੀ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ। ਨੌਜਵਾਨ ਪੰਥਕ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਟ ਬਣਾਉਣ ਦਾ ਆਦੇਸ਼ ਦਿੰਦਿਆਂ ਕਿਹਾ ਸੀ ਕਿ ਅਫਸਰਾਂ ਦੀ ਮਿਲੀਭੁਗਤ ਕਾਰਨ ਹੀ ਇਸ ਵੱਡੇ ਕਾਂਡ ਦੀ ਜਾਂਚ ਰਿਪੋਰਟ ਦਾ ਦੂਜਾ ਹਿੱਸਾ ਜਾਣ-ਬੁੱਝ ਕੇ ਗਾਇਬ ਕੀਤਾ ਗਿਆ ਹੈ। ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਪੁਲੀਸ ਦੇ ਇਸ ਜ਼ੁਲਮ ਦੀ ਉਦੋਂ ਹੱਦ ਹੋ ਗਈ ਸੀ ਜਦੋਂ ਇਨ੍ਹਾਂ ਚਾਰੋਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਆਖ ਕੇ ਨਕੋਦਰ ਦੇ ਇੱਕ ਸ਼ਮਸ਼ਾਨਘਾਟ ਵਿੱਚ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ ਜਦਕਿ ਉਹ ਆਪਣੇ ਪੁੱਤਰ ਸਮੇਤ ਦੂਜੇ ਨੌਜਵਾਨਾਂ ਦੀ ਪਛਾਣ ਕਰਕੇ ਲਾਸ਼ਾਂ ਲੈਣ ਲਈ ਕਦੇ ਸਿਵਲ ਹਸਪਤਾਲ ਤੇ ਕਦੇ ਥਾਣੇ ਦੇ ਚੱਕਰ ਕੱਟ ਰਹੇ ਸਨ।