ਪੰਜਾਬ ਸਰਕਾਰ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ: ਸੁਖਬੀਰ

ਪੰਜਾਬ ਸਰਕਾਰ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ’ਚ ਕੱਢੀ ‘ਪੰਜਾਬ ਬਚਾਓ ਯਾਤਰਾ’; ਲੋਕਾਂ ਨੇ ਸੁਖਬੀਰ ਬਾਦਲ ਨੂੰ ਦੱਸੀਆਂ ਸਮੱਸਿਆਵਾਂ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਨੂੰ ਅੰਮ੍ਰਿਤਸਰ ਵਿੱਚ ਅੱਜ ਭਰਵਾਂ ਹੁੰਗਾਰਾ ਮਿਲਿਆ ਤੇ ਵੱਡੀ ਗਿਣਤੀ ਲੋਕਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਪਿਛਲੇ ਦੋ ਦਿਨ ਅਰਾਮ ਕਰਨ ਮਗਰੋਂ ਅੱਜ ਇਹ ਯਾਤਰਾ ਪੱਛਮੀ ਵਿਧਾਨ ਸਭਾ ਹਲਕੇ ਦੇ ਇੰਡੀਆ ਗੇਟ ਤੋਂ ਸ਼ੁਰੂ ਹੋਈ ਤੇ ਪਾਰਟੀ ਪ੍ਰਧਾਨ ਨੇ ਅੱਜ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਯਾਤਰਾ ਸ਼ੁਰੂ ਕਰਨ ਮੌਕੇ ਵੱਡੀ ਗਿਣਤੀ ਬਜ਼ੁਰਗਾਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਤੇ ਆਪਣੇ ਨੀਲੇ ਕਾਰਡ ਕੱਟੇ ਜਾਣ ਬਾਰੇ ਦੱਸਿਆ। ਇਸੇ ਤਰ੍ਹਾਂ ਪਿੰਡ ਕਾਲੇ ਘਨੂਪੁਰ ਦੀਆਂ ਕੁਝ ਔਰਤਾਂ ਤੇ ਛੇਹਰਟਾ ਦੇ ਵਸਨੀਕਾਂ ਨੇ ਵੀ ਬਿਨਾਂ ਕਾਰਨ ਦੱਸਿਆ ਉਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਦਾ ਗਿਲਾ ਕੀਤਾ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ‘ਆਪ’ ਸਰਕਾਰ ਨੇ 80 ਸਾਲ ਦੇ ਬਜ਼ੁਰਗਾਂ ਨੂੰ ਮਿਲਣ ਵਾਲੇ ਲਾਭ ਵਿੱਚ ਕਟੌਤੀ ਕਰਕੇ ਉਨ੍ਹਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਉਨ੍ਹਾਂ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਲੋਕਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰੀ ਕਿਉਂ ਹਨ? ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਗਨ ਸਕੀਮ ਬੰਦ ਕਰ ਦਿੱਤੀ ਗਈ ਹੈ ਤੇ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਵਰਗੀਆਂ ਸਕੀਮਾਂ ਵਿੱਚ ਵੱਡੀ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਵਿੱਚੋਂ 40 ਲੱਖ ਲੋਕਾਂ ਨੂੰ ਬਾਹਰ ਕਰ ਦਿੱਤਾ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਸਸਤੀ ਬਿਜਲੀ ਸਹੂਲਤ ਦਾ ਲਾਭ ਨਾ ਮਿਲਣ ਦੀ ਵੀ ਸ਼ਿਕਾਇਤ ਕੀਤੀ ਗਈ ਜਿਸ ’ਤੇ ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਗਰੀਬਾਂ ਤੇ ਲੋੜਵੰਦਾਂ ਨੂੰ ਅਣਗੌਲਿਆ ਕਰਨ ਦੀ ਨਿਖੇਧੀ ਕੀਤੀ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਕੋਲ ਗਰੀਬਾਂ ਵਾਸਤੇ ਸਮਾਂ ਨਹੀਂ ਹੈ ਤੇ ਉਹ ਸਿਰਫ ਅਰਵਿੰਦ ਕੇਜਰੀਵਾਲ ਦੇ ਹਿੱਤਾਂ ਦੀ ਰਾਖੀ ਵਿੱਚ ਲੱਗੇ ਹੋਏ ਹਨ।

ਲੋਕਾਂ ਨੇ ਅਕਾਲੀ ਦਲ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਵਿੱਢਣ ਦੀ ਅਪੀਲ ਕੀਤੀ। ਸੁਖਬੀਰ ਬਾਦਲ ਨੇ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੇ ਸੱਤਾ ਵਿੱਚ ਆਉਣ ਮਗਰੋਂ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦਿਆਂ ਨਾਲ ਪੰਜਾਬ ਦਾ ਨੁਕਸਾਨ ਕੀਤਾ ਤੇ ਹੁਣ ਭਗਵੰਤ ਮਾਨ ਨੇ ਦੋ ਸਾਲਾਂ ਵਿੱਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਚੜ੍ਹਾ ਦਿੱਤਾ ਹੈ। ਇਸ ਮੌਕੇ ਸੀਨੀਅਰ ਆਗੂ ਅਨਿਲ ਜੋਸ਼ੀ, ਬਿਕਰਮ ਸਿੰਘ ਮਜੀਠੀਆ, ਤਲਬੀਰ ਸਿੰਘ ਗਿੱਲ, ਸੁਰਜੀਤ ਸਿੰਘ ਪਹਿਲਵਾਨ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਸਮੇਤ ਹੋਰ ਆਗੂ ਯਾਤਰਾ ਵਿਚ ਸ਼ਾਮਲ ਸਨ।
ਸੁਖਬੀਰ ਤੇ ਹੋਰਾਂ ਨੇ ਲਿਆ ਚਾਹ-ਪਕੌੜਿਆਂ ਦਾ ਆਨੰਦ

ਲਗਭਗ ਬਾਅਦ ਦੁਪਹਿਰ 4 ਵਜੇ ਜਦੋਂ ਇਹ ਯਾਤਰਾ ਹਾਲ ਬਾਜ਼ਾਰ ਨੇੜੇ ਪੁੱਜਣ ਵਾਲੀ ਸੀ ਤਾਂ ਉਸ ਵੇਲੇ ਭੰਡਾਰੀ ਪੁਲ ਸ਼ੁਰੂ ਹੋਣ ਤੋਂ ਪਹਿਲਾਂ ਗਿਆਨੀ ਟੀ ਸਟਾਲ ਕੋਲ ਯਾਤਰਾ ਅਚਨਚੇਤ ਰੁਕ ਗਈ। ਯਾਤਰਾ ਵਿੱਚ ਸ਼ਾਮਿਲ ਸੁਖਬੀਰ ਸਿੰਘ ਬਾਦਲ, ਅਨਿਲ ਜੋਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਆਗੂ ਉਤਰੇ ਅਤੇ ਗਿਆਨੀ ਟੀ ਸਟਾਲ ’ਤੇ ਚਲੇ ਗਏ। ਜਿੱਥੇ ਗਿਆਨੀ ਟੀ ਸਟਾਲ ਦੇ ਮਾਲਕ ਨੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ੍ਰੀ ਬਾਦਲ ਤੇ ਹੋਰਨਾਂ ਨੇ ਇੱਥੇ ਬੈਠ ਕੇ ਚਾਹ ਚਾਹ ਪੀਤੀ ਤੇ ਪਕੌੜੇ ਖਾਧੇ। ਇਸ ਦੌਰਾਨ ਸੁਖਬੀਰ ਬਾਦਲ ਨੇ ਕਈ ਲੋਕਾਂ ਨਾਲ ਗੱਲਬਾਤ ਵੀ ਕੀਤੀ।