ਭਾਜਪਾ ਨੇ ਝਾਰਖੰਡ ’ਚ ਸਰਕਾਰ ‘ਚੋਰੀ’ ਕਰਨ ਦੀ ਕੋਸ਼ਿਸ਼ ਕੀਤੀ: ਰਾਹੁਲ

ਭਾਜਪਾ ਨੇ ਝਾਰਖੰਡ ’ਚ ਸਰਕਾਰ ‘ਚੋਰੀ’ ਕਰਨ ਦੀ ਕੋਸ਼ਿਸ਼ ਕੀਤੀ: ਰਾਹੁਲ

ਕਾਂਗਰਸ ਆਗੂ ਨੇ ਬੈਦਯਨਾਥ ਧਾਮ ਵਿੱਚ ਪੂਜਾ ਅਰਚਨਾ ਕੀਤੀ
ਗੋਡਾ (ਝਾਰਖੰਡ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਝਾਰਖੰਡ ’ਚ ਸਰਕਾਰ ਦੀ ‘ਚੋਰੀ’ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕ ਫਤਵੇ ਦੀ ਰਾਖੀ ਲਈ ਦਖਲ ਦਿੱਤਾ ਹੈ।

ਗੋਡਾ ਜ਼ਿਲ੍ਹੇ ’ਚ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਨੂੰ ਬਚਾਉਣ ’ਚ ਕਾਂਗਰਸ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਇੱਕ ਵਾਰ ਫਿਰ ਭਾਜਪਾ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਦੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਹ ਬਾਅਦ ਵਿੱਚ ਦਿਓਘਰ ਪੁੱਜੇ ਅਤੇ ਇੱਥੇ ਬੈਦਯਨਾਥ ਧਾਮ ’ਚ ਪੂਜਾ ਕੀਤੀ ਤੇ ਇਸ ਤੋਂ ਇਲਾਵਾ ਇੱਕ ਹੋਰ ਰੈਲੀ ਨੂੰ ਵੀ ਸੰਬੋਧਨ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ, ‘ਦੇਸ਼ ਦੇ ਨੌਜਵਾਨ ਰੁਜ਼ਗਾਰ ਚਾਹੁੰਦੇ ਹਨ। ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਅੰਦਰ ਬੇਰੁਜ਼ਗਾਰੀ ਦੀ ਬਿਮਾਰੀ ਫੈਲਾ ਦਿੱਤੀ ਹੈ। ਇਹ ਨਵੀਂ ਬਿਮਾਰੀ ਦੇਸ਼ ਦੇ ਨੌਜਵਾਨਾਂ ਨੂੰ ਬਿਮਾਰ ਕਰ ਰਹੀ ਹੈ ਅਤੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੀ ਹੈ।’ ਉਨ੍ਹਾਂ ਨਾਲ ਹੀ ਦੇਸ਼ ਅੰਦਰ ਕਬਾਇਲੀਆਂ, ਦਲਿਤਾਂ ਤੇ ਪੱਛੜੇ ਵਰਗ ਦੇ ਲੋਕਾਂ ਦੀ ਅਸਲ ਗਿਣਤੀ ਪਤਾ ਲਾਉਣ ਲਈ ਜਾਤੀ ਆਧਾਰਿਤ ਜਨਗਣਨਾ ਕਰਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਦੇਸ਼ ਅੰਦਰ ਕਬਾਇਲੀਆਂ, ਦਲਿਤਾਂ ਤੇ ਪੱਛੜੇ ਵਰਗ ਦੇ ਲੋਕਾਂ ਨਾਲ ਬੇਇਨਸਾਫੀ ਲਗਾਤਾਰ ਵਧ ਰਹੀ ਹੈ।’

ਮਨੀਪੁਰ ਤੋਂ 14 ਜਨਵਰੀ ਨੂੰ ਸ਼ੁਰੂ ਹੋਈ ਇਹ ਯਾਤਰਾ ਬੀਤੇ ਦਿਨ ਦੁਪਹਿਰ ਨੂੰ ਪੱਛਮੀ ਬੰਗਾਲ ਤੋਂ ਪਾਕੁੜ ਜ਼ਿਲ੍ਹੇ ’ਚੋਂ ਹੁੰਦੀ ਹੋਈ ਝਾਰਖੰਡ ਪਹੁੰਚੀ। ਕਾਂਗਰਸ ਦੇ ਤਰਜਮਾਨ ਰਾਕੇਸ਼ ਸਿਨਹਾ ਨੇ ਦੱਸਿਆ ਕਿ ਪਾਕੁੜ ਦੇ ਲਿੱਟੀਪਾੜਾ ’ਚ ਰਾਤ ਨੂੰ ਆਰਾਮ ਮਗਰੋਂ ਅੱਜ ਸਵੇਰੇ ਗੋਡਾ ਜ਼ਿਲ੍ਹੇ ਦੇ ਸਰਕੰਡਾ ਚੌਕ ਤੋਂ ਯਾਤਰਾ ਮੁੜ ਸ਼ੁਰੂ ਹੋਈ।