ਜਾਂਚ ਏਜੰਸੀਆਂ ਤੋਂ ਭੱਜ ਕੇ ਭਰੋਸਾ ਗੁਆ ਰਹੇ ਨੇ ਕੇਜਰੀਵਾਲ: ਭਾਜਪਾ

ਜਾਂਚ ਏਜੰਸੀਆਂ ਤੋਂ ਭੱਜ ਕੇ ਭਰੋਸਾ ਗੁਆ ਰਹੇ ਨੇ ਕੇਜਰੀਵਾਲ: ਭਾਜਪਾ

ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂਚ ਏਜੰਸੀਆਂ ਤੋਂ ਭੱਜ ਕੇ ਆਪਣੀ ਭਰੋਸੇਯੋਗਤਾ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਵਿਵਹਾਰ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਸ੍ਰੀ ਸਚਦੇਵਾ ਨੇ ਅਰਵਿੰਦ ਕੇਜਰੀਵਾਲ ਦੇ ਟਵੀਟ ਅਤੇ ਮੰਤਰੀ ਆਤਿਸ਼ੀ ਦੇ ਬਿਆਨ ਨੂੰ ਇੱਕ ਸਕ੍ਰੀਨ ’ਤੇ ਦਿਖਾਉਂਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ 27 ਜਨਵਰੀ ਤੋਂ ਰੌਲਾ ਪਾ ਰਹੇ ਸਨ ਕਿ ਭਾਜਪਾ ਸਾਡੇ ਵਿਧਾਇਕਾਂ ’ਤੇ ‘ਲੋਟਸ-2’ ਚਲਾ ਰਹੀ ਹੈ ਅਤੇ ਸਾਡੇ ਕੋਲ ਭਾਜਪਾ ਵੱਲੋਂ ‘ਆਪ’ ਵਿਧਾਇਕਾਂ ਨੂੰ ਲੁਭਾਉਣ ਦੀ ਰਿਕਾਰਡਿੰਗ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਆਪਣੇ ਦੋਸ਼ਾਂ ਦੀ ਪੁਲੀਸ ਜਾਂਚ ਤੋਂ ਭੱਜ ਰਹੇ ਹਨ।

ਭਾਜਪਾ ਆਗੂਆਂ ਨੇ ਕਿਹਾ ਹੈ ਕਿ ਲੋਕ ਗਵਾਹ ਹਨ ਕਿ ਉਨ੍ਹਾਂ ਨੇ ਕਿੰਨੀ ਵਾਰ ਭਾਜਪਾ ’ਤੇ ਦੋਸ਼ ਲਗਾਏ ਅਤੇ ਫਿਰ ਮੁਆਫੀ ਮੰਗੀ ਅਤੇ ਹੁਣ ਉਹ ਆਪਣੇ ਦੋਸ਼ਾਂ ਦੀ ਜਾਂਚ ਤੋਂ ਵੀ ਭੱਜ ਰਹੇ ਹਨ। ਇਸ ਤਰ੍ਹਾਂ ਕੇਜਰੀਵਾਲ ਈਡੀ ਸੰਮਨ ਦੇ ਨਾਲ-ਨਾਲ ਹੁਣ ਉਹ ਕ੍ਰਾਈਮ ਬ੍ਰਾਂਚ ਦੇ ਨੋਟਿਸ ਤੋਂ ਵੀ ਬਚ ਰਹੇ ਹਨ। ਸ੍ਰੀ ਸਚਦੇਵਾ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਨੋਟਿਸ ਮਾਮਲੇ ਵਿੱਚ ਬੀਤੀ ਸ਼ੁੱਕਰਵਾਰ ਰਾਤ ਤੋਂ ਕੇਜਰੀਵਾਲ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜਾਣਬੁੱਝ ਕੇ ਜਾਂਚ ਤੋਂ ਭੱਜ ਰਹੇ ਹਨ ਕਿਉਂਕਿ ਕੇਜਰੀਵਾਲ ਕੋਲ ਕੋਈ ਸਬੂਤ ਨਹੀਂ ਹੈ ਅਤੇ ‘ਲੋਟਸ 2’ ਦਾ ਦੋਸ਼ ਲਾ ਕੇ ਆਪਣੇ ਭ੍ਰਿਸ਼ਟਾਚਾਰ ਤੋਂ ਜਨਤਾ ਨੂੰ ਗੁਮਰਾਹ ਕਰ ਰਹੇ ਹਨ। ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਆਤਿਸ਼ੀ ਭਾਜਪਾ ’ਤੇ ਲਗਾਏ ਦੋਸ਼ਾਂ ਨੂੰ ਸਾਬਿਤ ਕਰਨ, ਨਹੀਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੇਜਰੀਵਾਲ ਅਤੇ ਉਨ੍ਹਾਂ ਦੇ ਵਿਧਾਇਕਾਂ ਵੱਲੋਂ ਇੱਕ ਦਰਜਨ ਤੋਂ ਵੱਧ ਅਜਿਹੇ ਬਿਆਨ ਦਿੱਤੇ ਜਾ ਚੁੱਕੇ ਹਨ ਅਤੇ ਵਿਧਾਨ ਸਭਾ ਸੈਸ਼ਨ ਵਿੱਚ ਚਰਚਾ ਕਰਨ ਦੇ ਬਾਵਜੂਦ ਅੱਜ ਤੱਕ ਉਹ ਭਾਜਪਾ ਆਗੂਆਂ ਦੇ ਨਾਂ ਉਜਾਗਰ ਨਹੀਂ ਕਰ ਸਕੇ ਹਨ।