ਪੰਜਾਬੀ ’ਵਰਸਿਟੀ ਨੂੰ ਵਿੱਤੀ ਘਾਟ ਨਹੀਂ ਆਉਣ ਦਿਆਂਗੇ: ਚੀਮਾ

ਪੰਜਾਬੀ ’ਵਰਸਿਟੀ ਨੂੰ ਵਿੱਤੀ ਘਾਟ ਨਹੀਂ ਆਉਣ ਦਿਆਂਗੇ: ਚੀਮਾ

ਪਟਿਆਲਾ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਪੱਖੋਂ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ’ਚ ਇਸ ਯੂਨੀਵਰਸਿਟੀ ਦੀ ਗਰਾਂਟ ’ਚ ਰਿਕਾਰਡ ਵਾਧਾ ਕੀਤਾ ਹੈ।

ਉਹ ਅੱਜ ਇੱਥੇ ਯੂਨੀਵਰਸਿਟੀ ਵਿੱਚ ਚੱਲ ਰਹੇ 37ਵੇਂ ਨੌਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੇ ਚੌਥੇ ਦਿਨ ਗੁਰੂ ਤੇਗ ਬਹਦਾਰ ਹਾਲ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਿਹਤ ਅਤੇ ਸਿੱਖਿਆ ਲਈ ਰਿਕਾਰਡ ਬਜਟ ਰੱਖਿਆ ਹੈ। ਇੱਥੋਂ ਦੇ ਸਾਬਕਾ ਵਿਦਿਆਰਥੀ ਵਜੋਂ ਉਨ੍ਹਾਂ ਕਿਹਾ ਕਿ ਜਿਹੜੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਮੌਜੂਦਾ ਮੁਕਾਮ ਤੱਕ ਪਹੁੰਚਾਇਆ ਹੈ ਉਸ ਨੂੰ ਉਹ ਸੰਕਟ ਵਿੱਚ ਕਿਵੇਂ ਦੇਖ ਸਕਦੇ ਹਨ। ਉਨ੍ਹਾਂ ਯੂਨੀਵਰਸਿਟੀ ਦੀ ਬਿਹਤਰੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਉਪ-ਕੁਲਪਤੀ ਪ੍ਰੋਫੈਸਰ ਅਰਵਿੰਦ ਦੀ ਸ਼ਲਾਘਾ ਵੀ ਕੀਤੀ। ਗਰਾਂਟ ਸਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਇਸ ਸਰਕਾਰ ਨੇ ਯੂਨੀਵਰਸਿਟੀ ਦੀ ਉਸ ਵੇਲੇ ਬਾਂਹ ਫੜੀ ਹੈ ਜਦੋਂ ਅਜਿਹੇ ਸਹਾਰੇ ਦੀ ਬੇਹੱਦ ਲੋੜ ਸੀ। ਇਸ ਤੋਂ ਪਹਿਲਾਂ ਉਨ੍ਹਾਂ ਵੀਸੀ ਦਫਤਰ ਵਿੱਚ ਰਜਿਸਟਰਾਰ ਡਾ. ਨਵਜੋਤ ਕੌਰ ਅਤੇ ਸਰਕਾਰ ਵੱਲੋਂ ਕੜੀ ਵਜੋਂ ਤਾਇਨਾਤ ਕੀਤੇ ਗਏ ਵੀਸੀ ਦੇ ਨਿੱਜੀ ਸਕੱਤਰ ਪ੍ਰੋਫੈਸਰ ਨਾਗਰ ਮਾਨ ਸਮੇਤ ਮੰਤਰੀ ਦੇ ਓਐੱਸਡੀ ਐਡਵੋਕੇਟ ਤਪਿੰਦਰ ਸੋਹੀ ਤੇ ਹੋਰਾਂ ਨਾਲ ਮੀਟਿੰਗ ਕੀਤੀ।