ਕੈਪਟਨ ਦਾ ਗੜ੍ਹ ਤੋੜਨ ਲਈ ਕਾਂਗਰਸ ਸਰਗਰਮ

ਕੈਪਟਨ ਦਾ ਗੜ੍ਹ ਤੋੜਨ ਲਈ ਕਾਂਗਰਸ ਸਰਗਰਮ

ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਪਟਿਆਲਾ ਵਿੱਚ ਕਾਂਗਰਸ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਕੈਪਟਨ ਸਮੇਤ ਪ੍ਰਨੀਤ ਕੌਰ ਦਾ ਗੜ੍ਹ ਤੋੜਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹਿਰ ਵਿੱਚ 114 ਆਗੂਆਂ ਦੀ ਡਿਊਟੀ ਲਗਾਈ ਹੈ ਤਾਂ ਜੋ ਬੂਥ ਪੱਧਰ ’ਤੇ ਲੋਕਾਂ ਤੱਕ ਪਹੁੰਚ ਕਾਇਮ ਕੀਤੀ ਜਾ ਸਕੇ। ਤਾਇਨਾਤ ਕੀਤੇ ਗਏ ਆਗੂਆਂ ਵਿੱਚੋਂ 29 ਆਗੂਆਂ ਦੀ ਸੂਚੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ਹਿਰੀ ਖੇਤਰਾਂ ਲਈ ਕਮੇਟੀ ਦਾ ਗਠਨ ਕੀਤਾ ਹੈ। ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਆਗੂਆਂ ਸਮੇਤ ਕੁੱਲ 114 ਆਗੂਆਂ ਨੂੰ ਪਾਰਟੀ ਵੱਲੋਂ ਇਲਾਕਿਆਂ ਦੀ ਵੰਡ ਕੀਤੀ ਗਈ ਹੈ। ਉਕਤ ਹਰੇਕ ਉਹ ਆਗੂ ਆਪਣੇ ਇਲਾਕੇ ਵਿੱਚ ਪਾਰਟੀ ਦਾ ਚਿਹਰਾ ਵੀ ਬਣੇਗਾ। ਜ਼ਿਕਰਯੋਗ ਹੈ ਕਿ ਪਟਿਆਲਾ ਸ਼ਹਿਰ ਕਾਂਗਰਸ ਲਈ ਸ਼ੁਰੂ ਤੋਂ ਹੀ ਮਹੱਤਵਪੂਰਨ ਰਿਹਾ ਹੈ, ਪਰ ਕੈਪਟਨ ਦੇ ਜਾਣ ਮਗਰੋਂ ਇੱਥੇ ਪਾਰਟੀ ਦੀ ਪਕੜ ਕਾਫ਼ੀ ਕਮਜ਼ੋਰ ਹੋ ਗਈ ਹੈ। ਕੈਪਟਨ ਦੇ ਜਾਣ ਮਗਰੋਂ ਕੁਝ ਉਨ੍ਹਾਂ ਦੇ ਖੇਮੇ ਵਿੱਚ ਚਲੇ ਗਏ ਅਤੇ ਕੁਝ ‘ਆਪ’ ਵਿੱਚ ਸ਼ਾਮਲ ਹੋ ਗਏ। ਕੈਪਟਨ ਦੇ ਪਾਰਟੀ ਛੱਡਣ ਮਗਰੋਂ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਚੋਣ ਜਿੱਤਣ ਵਾਲੀ ਪ੍ਰਨੀਤ ਕੌਰ ਨੇ ਵੀ ਪਾਰਟੀ ਤੋਂ ਦੂਰੀ ਬਣਾ ਲਈ ਅਤੇ ਪਾਰਟੀ ਮੀਟਿੰਗਾਂ ਵਿੱਚ ਸ਼ਮੂਲੀਅਤ ਵੀ ਬੰਦ ਕਰ ਦਿੱਤੀ।

ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੁਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਲਈ ਪਟਿਆਲਾ ਪੁੱਜੇ ਸਨ। ਉਸ ਮੌਕੇ ਪ੍ਰਨੀਤ ਕੌਰ ਦੇ ਕਾਂਗਰਸ ਵਿੱਚ ਹੋਣ ਜਾਂ ਨਾ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਦੱਸਿਆ ਸੀ ਕਿ ਪ੍ਰਨੀਤ ਕੌਰ ਕਾਂਗਰਸ ਵਿੱਚੋਂ ਮੁਅੱਤਲ ਹਨ ਅਤੇ ਇਸ ਵਾਰ ਪਟਿਆਲਾ ਤੋਂ ਪਾਰਟੀ ਉਮੀਦਵਾਰ ਨਹੀਂ ਹੋਣਗੇ।

ਚਰਚਾ ਹੈ ਕਿ ਕਾਂਗਰਸ ਇਸ ਸੀਟ ’ਤੇ ਨਵਾਂ ਤਜਰਬਾ ਕਰਨ ਦੀ ਤਿਆਰੀ ਵਿੱਚ ਹੈ। ਪਟਿਆਲਾ ਕਾਂਗਰਸ ਪ੍ਰਧਾਨ ਨਰੇ‌ਸ਼ ਦੁੱਗਲ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਬੂਥ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਹਰੇਕ ਥਾਂ ਭਾਜਪਾ ਦੀ ਜ਼ਮਾਨਤ ਜ਼ਬਤ ਕਰਵਾਈ ਜਾਵੇਗੀ।