ਸਦਾ ਵਗਦੀ ਹੈ ਜੀਵਨ ਧਾਰਾ

ਸਦਾ ਵਗਦੀ ਹੈ ਜੀਵਨ ਧਾਰਾ

ਜਸਵਿੰਦਰ ਸਿੰਘ ਰੁਪਾਲ

ਸਾਨੂੰ ਜੀਵਨ ਜਿਊਣ ਲਈ ਮਿਲਿਆ ਹੈ, ਇਹ ਕੁਦਰਤ ਵੱਲੋਂ ਹੈ ਜਾਂ ਕਾਦਰ ਵੱਲੋਂ, ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਦਾਤ ਦਿੱਤੀ ਕਿਸ ਨੇ ਹੈ। ਮਹੱਤਵਪੂਰਨ ਪੱਖ ਤਾਂ ਇਹ ਹੈ ਕਿ ਅਸੀਂ ਇਸ ਦਾਤ ਨੂੰ ਕਿਵੇਂ ਵਰਤਿਆ ਹੈ। ਮਨੁੱਖ ਨੂੰ ਸਮੁੱਚੀ ਕਾਇਨਾਤ ਦਾ ਸਰਦਾਰ ਮੰਨਿਆ ਗਿਆ ਹੈ ਕਿਉਂਕਿ ਉਸ ਕੋਲ ਸੋਚਣ, ਵਿਚਾਰਨ, ਵਿਸ਼ਲੇਸ਼ਣ ਕਰਨ, ਕਲਪਨਾ ਕਰਨ, ਸੁਪਨੇ ਦੇਖਣ, ਨਵਾਂ ਸਿਰਜਣ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਹੈ। ਉਸ ਨੇ ਆਪਣੀ ਇਸ ਯੋਗਤਾ ਨੂੰ ਬਾਖੂਬੀ ਵਰਤਿਆ ਵੀ ਹੈ ਅਤੇ ਇਸੇ ਕਾਰਨ ਅੱਜ ਉਹ ਨਾ ਕੇਵਲ ਜੀਵਾਂ ਦਾ ਹੀ ਸਰਦਾਰ ਹੈ, ਸਗੋਂ ਉਸ ਨੇ ਕੁਦਰਤੀ ਸ਼ਕਤੀਆਂ ਅਤੇ ਕੁਦਰਤੀ ਸਾਧਨਾਂ ਨੂੰ ਆਪਣੇ ਸੁੱਖ ਸਹੂਲਤਾਂ ਲਈ ਖ਼ੂਬ ਵਰਤਿਆ ਹੈ ਅਤੇ ਆਫ਼ਤਾਂ ’ਤੇ ਵੀ ਕਾਬੂ ਪਾਇਆ ਹੈ।

ਇਹੀ ਤਾਂ ਜ਼ਿੰਦਗੀ ਹੈ। ਇਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਜਿਊਂਦਿਆਂ ਮਨੁੱਖ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕੀਤਾ ਹੈ। ਜ਼ਿੰਦਗੀ ਦੇ ਹਰ ਪੱਖ ਨੂੰ ਹੋਰ ਸੋਹਣਾ ਬਣਾਉਣ ਲਈ ਭਾਵੇਂ ਉਹ ਧਨ ਦੌਲਤ ਜਾਂ ਦੁਨਿਆਵੀ ਲੋੜਾਂ ਦੀ ਪੂਰਤੀ ਹੋਵੇ, ਮਨ ਦੀ ਭਾਵਨਾਤਮਕ ਤਸੱਲੀ ਹੋਵੇ, ਕਲਾ ਅਤੇ ਵਿਗਿਆਨਕ ਵਿਕਾਸ ਦੀ ਗੱਲ ਹੋਵੇ ਜਾਂ ਇੱਥੇ ਵਿਚਰਦਿਆਂ ਆਪਣੇ ਸਮਾਜਿਕ ਸਬੰਧਾਂ ਨੂੰ ਨਿਭਾਉਣ ਦਾ ਮਸਲਾ ਹੋਵੇ, ਮਨੁੱਖ ਨੇ ਹਰ ਪੱਖ ’ਤੇ ਬੇਅੰਤ ਸੰਘਰਸ਼ ਕੀਤਾ ਹੈ। ਸਿਰਫ਼ ਸੰਘਰਸ਼ ਕੀਤਾ ਹੀ ਨਹੀਂ, ਸਗੋਂ ਇਸ ਵਿੱਚ ਕਾਮਯਾਬੀ ਵੀ ਪਾਈ ਹੈ।

ਹਰ ਸੋਹਣੇ ਨੂੰ ਹੋਰ ਸੋਹਣਾ ਬਣਾਉਣ ਲਈ ਅਤੇ ਹਰ ਮਾੜੇ ਜਾਂ ਗ਼ਲਤ ਨੂੰ ਠੀਕ ਅਤੇ ਸੋਹਣਾ ਬਣਾਉਣ ਲਈ ਇਸ ਦੇ ਕਦਮ ਸਦਾ ਹਰਕਤ ਵਿੱਚ ਰਹੇ ਹਨ। ਇਸ ਨੇ ਖਿਆਲਾਂ ਅਤੇ ਵਿਚਾਰਾਂ ਨੂੰ ਸਾਣ ’ਤੇ ਲਗਾਇਆ ਹੈ, ਹੋਰ ਰਗੜਿਆ ਹੈ, ਆਪਣੇ ਇਤਿਹਾਸ ਵਿੱਚੋਂ ਚੰਗਿਆਂ ਤੋਂ ਪ੍ਰੇਰਨਾ ਲਈ ਹੈ ਅਤੇ ਹੋਈਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਆਪਣੀ ਨਿੱਜੀ ਸ਼ਖ਼ਸੀਅਤ ਨੂੰ, ਆਪਣੀ ਸੱਭਿਅਤਾ ਨੂੰ ਅਤੇ ਆਪਣੇ ਸੱਭਿਆਚਾਰ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਆਪਣੇ ਇਸ ਕਰਮ ਵਿੱਚ ਜੀਵਨ ਦਾ ਇਹ ਅਣਥੱਕ ਪਾਂਧੀ ਲਗਾਤਾਰ ਲੱਗਿਆ ਹੋਇਆ ਹੈ। ਇਹੀ ਇਸ ਦੀ ਸਭ ਤੋਂ ਵੱਡੀ ਖ਼ੂਬੀ ਹੈ, ਇਹੀ ਇਸ ਦੀ ਕਲਾ ਹੈ ਅਤੇ ਇਹੀ ਇਸ ਦਾ ਫਰਜ਼ ਵੀ ਹੈ।

ਤੁਸੀਂ ਕਦੇ ਨਦੀਆਂ ਨੂੰ ਰੁਕ ਕੇ ਸਾਹ ਲੈਂਦਿਆਂ ਤੱਕਿਆ ਹੈ? ਕਦੇ ਸੂਰਜ, ਚੰਦ, ਸਿਤਾਰੇ ਤੇ ਬ੍ਰਹਿਮੰਡ ਨੂੰ ਆਪਣੀ ਗਤੀ ਤੋਂ ਅੱਕਦਾ ਥੱਕਦਾ ਸੁਣਿਆ ਹੈ? ਕਦੇ ਵੀ ਨਹੀਂ। ਜਿਵੇਂ ਇਹ ਕੁਦਰਤ ਦਾ ਇੱਕ ਸਵੈ-ਚਾਲਿਤ ਅਨੁਸ਼ਾਸਨ ਹੈ, ਉਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਦੀ ਗਤੀ ਹੈ। ਇਸ ਜ਼ਿੰਦਗੀ ਦੇ ਸਕੂਲ ਵਿੱਚ ਬੇਅੰਤ ਵਿਦਿਆਰਥੀ ਆਉਂਦੇ ਹਨ, ਪੜ੍ਹਦੇ ਹਨ, ਸਿੱਖਦੇ ਹਨ, ਕੁਝ ਆਪਣੀ ਪੜ੍ਹਾਈ ਪੂਰੀ ਕਰਕੇ ਸਕੂਲ ਛੱਡ ਜਾਂਦੇ ਹਨ, ਕੁਝ ਰਸਤੇ ’ਚੋਂ ਵੀ ਉਕਤਾ ਕੇ ਛੱਡ ਦਿੰਦੇ ਹਨ ਪਰ ਇਹ ਹੋਇਆ ਹੀ ਨਹੀਂ, ਹੋ ਸਕਦਾ ਹੀ ਨਹੀਂ ਕਿ ਇਸ ਸਕੂਲ ਵਿੱਚ ਕਦੇ ਛੁੱਟੀ ਮਿਲੇ। ਮਤਲਬ ਹੀ ਨਹੀਂ। ਜੋ ਇਸ ਦੀ ਗਤੀ ਦੇ ਨਾਲ ਨਹੀਂ ਤੁਰ ਸਕਣਗੇ, ਉਹ ਖ਼ਤਮ ਹੁੰਦੇ ਰਹਿਣਗੇ। ਜਿਵੇਂ ਇੱਕ ਦਰੱਖਤ ਦੇ ਸੁੱਕੇ ਪੱਤੇ ਝੜਦੇ ਜਾਂਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਹਨ। ਕਰਮ ਹੀ ਇਸ ਸਕੂਲ ਦਾ ਪਹਿਲਾ ਅਤੇ ਇਹੀ ਇਸ ਦਾ ਆਖਰੀ ਸਬਕ ਹੈ। ਬਸ ਤੁਸੀਂ ਕਰਮ ਕਰਦੇ ਰਹੋ, ਕਦਮ ਚੱਲਦੇ ਰਹਿਣ, ਦਿਮਾਗ਼ ਸੋਚਦਾ ਰਹੇ, ਖ਼ਿਆਲ ਉੱਡਦੇ ਰਹਿਣ। ਆਪਣੀਆਂ ਲੋੜਾਂ ਪੂਰੀਆਂ ਕਰਦੇ ਰਹੋ। ਨਵੀਆਂ ਲੋੜਾਂ ਸਿਰਜਦੇ ਰਹੋ। ਕੁਝ ਪਦਾਰਥਕ ਬਣਾਉਂਦੇ ਰਹੋ। ਪੁਰਾਣੇ ਅਤੇ ਨਾ ਵਰਤੋਂਯੋਗ ਨੂੰ ਨਕਾਰਦੇ ਰਹੋ। ਨਵੀਆਂ ਸਿਰਜਣਾਵਾਂ ਦਾ ਆਕਾਸ਼ ਬਹੁਤ ਮੋਕਲਾ ਹੈ। ਹਰ ਛੋਟੀ ਤੋਂ ਛੋਟੀ ਵਸਤੂ ਤੋਂ ਲੈ ਕੇ ਹਰ ਵੱਡੀ ਤੋਂ ਵੱਡੀ ਵਸਤੂ ਨੇ ਹੋਰ ਵਿਕਾਸ ਕਰਨਾ ਹੈ। ਹਰ ਵਸਤੂ ਦੇ ਆਕਾਰ, ਗਤੀ, ਤਰੰਗਾਂ ਅਤੇ ਦਿਸਹੱਦਿਆਂ ’ਤੇ ਅਜੇ ਹੋਰ ਨਵੀਆਂ ਖੋਜਾਂ ਹੋਣੀਆਂ ਹਨ। ਬਸ! ਤੁਸੀਂ ਜੁਟੇ ਰਹੋ।

ਕਦੇ ਪੁਰਾਤਨ ਨੂੰ ਅੰਤਿਮ ਸਮਝ ਕੇ ਸੰਤੁਸ਼ਟ ਨਹੀਂ ਹੋਣਾ। ਆਪਣੀ ਜਗਿਆਸਾ ਨੂੰ ਜਗਾਈ ਰੱਖਣਾ ਹੈ। ਸਿਰਫ਼ ਪਦਾਰਥਕ ਪੱਖ ਤੋਂ ਹੀ ਨਹੀਂ, ਅਜੋਕੇ ਮਨੁੱਖ ਨੇ ਸੂਖਮ ਪੱਖ ਵਿੱਚ ਵੀ ਬੇਅੰਤ ਖੋਜਾਂ ਕੀਤੀਆਂ ਹਨ। ਮਨ ਦੇ ਕਿੰਨੇ ਹੀ ਭੇਦ ਲੱਭ ਲਏ ਹਨ। ਸੁਪਨੇ, ਸੋਚਣ, ਖ਼ਿਆਲ, ਭਾਵਨਾਵਾਂ, ਸੰਵੇਦਨਾਵਾਂ ਕਿਸ ਵਿਸ਼ੇ ਨੂੰ ਨਹੀਂ ਛੋਹਿਆ ਗਿਆ? ਜਿਹੋ ਜਿਹੀ ਚਾਹੁੰਦੇ ਹਾਂ, ਓਹੀ ਜਿਹੀ ਸੋਚ ਅਸੀਂ ਬਣਾ ਸਕਦੇ ਹਾਂ। ਆਤਮਾ ਦੇ ਪੱਧਰ ’ਤੇ ਵੀ ਬਹੁਤ ਕੁਝ ਹੋਇਆ ਹੈ, ਬਹੁਤ ਕੁਝ ਹੋ ਰਿਹਾ ਹੈ ਅਤੇ ਅੱਗੇ ਹੋਰ ਬਹੁਤ ਕੁਝ ਨਵਾਂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ। ਬਸ ਇੱਕ ਅਣਥੱਕ ਪਾਂਧੀ ਵਾਂਗ ਲਗਾਤਾਰ ਤੁਰਦੇ ਰਹਿਣ ਦੀ ਜ਼ਰੂਰਤ ਹੈ। ਜ਼ਿੰਦਗੀ ਨੂੰ ਸਕਾਰਾਤਮਕ ਦ੍ਰਿਸ਼ਟੀ ਤੋਂ ਦੇਖੋ। ਸ਼ੱਕ, ਸ਼ਿਕਵੇ ਅਤੇ ਸ਼ਿਕਾਇਤਾਂ ਨੂੰ ਛੱਡ ਦੇਵੋ, ਭੁੱਲ ਜਾਵੋ ਹਰ ਨਾਂਹ ਵਾਚਕ ਵਾਰਤਾ ਨੂੰ। ਆਕਾਸ਼ ਬਾਹਵਾਂ ਅੱਡੀ ਖੜ੍ਹਾ ਹੈ, ਬਸ ਤੁਸੀਂ ਪਰਵਾਜ਼ ਭਰਨ ਦਾ ਹੌਸਲਾ ਨਹੀਂ ਡਿੱਗਣ ਦੇਣਾ।

ਹਾਂ, ਕਦੇ ਕਦੇ ਜੋ ਅਸੀਂ ਨਹੀਂ ਸੋਚਿਆ ਤੇ ਚਾਹਿਆ ਹੁੰਦਾ, ਉਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਬਹੁਤ ਕਰੀਬੀ ਦਾ ਸਾਥ ਛੱਡ ਜਾਣਾ, ਕਿਸੇ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈਣਾ, ਕਿਸੇ ਅਜਿਹੀ ਬਿਮਾਰੀ ਜਾਂ ਦਰਦ ਨਾਲ ਵਾਹ ਪੈ ਜਾਣਾ ਜੋ ਤਨ, ਮਨ ਅਤੇ ਧਨ ਨੂੰ ਚੂਸ ਕੇ ਰੱਖ ਦੇਵੇ, ਕਿਤੇ ਸਨਮਾਨ ਤੇ ਸਤਿਕਾਰ ਦੀ ਥਾਂ ਅਪਮਾਨ ਮਿਲ ਜਾਣਾ ਆਦਿ ਬੜਾ ਕੁਝ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਸਮੂਹਿਕ ਰੂਪ ਵਿੱਚ ਵੀ ਕਿਧਰੇ ਕੋਈ ਕੁਦਰਤੀ ਆਫ਼ਤ ਭੁਚਾਲ, ਹੜ੍ਹ, ਕਰੋਨਾ ਆਦਿ ਵਰਗੀਆਂ ਸੈਂਕੜੇ ਬਿਪਤਾਵਾਂ ਦਾ ਸਾਹਮਣਾ ਮਨੁੱਖਤਾ ਨੇ ਕੀਤਾ ਹੈ ਪਰ ਕੀ ਉਹ ਸਦਾ ਰਹੀਆਂ? ਕੁਝ ਵੀ ਸਦੀਵੀ ਨਹੀਂ। ਕਿਸੇ ਰਾਤ ਦੇ ਸੁਪਨੇ ਵਾਂਗ ਸਭ ਬੀਤ ਜਾਂਦਾ ਹੈ ਜੋ ਅੱਧ ਪਚੱਧਾ ਜਿਹਾ ਯਾਦ ਰਹਿੰਦਾ ਹੈ, ਉਹ ਵੀ ਬਹੁਤ ਥੋੜ੍ਹੀ ਦੇਰ ਲਈ ਹੀ। ਮੁੜ ਜ਼ਿੰਦਗੀ ਆਪਣੀ ਤੋਰ ਤੁਰਦੀ ਜਾਂਦੀ ਹੈ। ਸਭ ਕੁਝ ਪਹਿਲਾਂ ਵਾਂਗ ਹੀ ਹੋ ਰਿਹਾ ਹੁੰਦਾ ਹੈ। ਇੱਕ ਪਲ ਲਈ ਸੋਚੋ ਕਿ ਜੇ ਅਸੀਂ ਮਰ ਜਾਈਏ ਤਾਂ ਕੀ ਦੁਨੀਆ ਰੁਕ ਜਾਏਗੀ? ਕੁਝ ਵੀ ਨਹੀਂ ਰੁਕੇਗਾ। ਰਿਸ਼ਤੇਦਾਰ ਤੇ ਦੋਸਤ ਕੁਝ ਦਿਨ ਸੋਗ ਮਨਾ ਕੇ ਫਿਰ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਜਾਣਗੇ ਅਤੇ ਤੁਹਾਡੇ ਹਰ ਕਾਰਜ ਦਾ ਬਦਲ ਲੱਭ ਲਿਆ ਜਾਏਗਾ।

ਇਸ ਲਈ ਹਮੇਸ਼ਾਂ ਇਹ ਸੋਚ ਕੇ ਕਿ ਦੁਨੀਆ ਨੂੰ ਤੁਹਾਡੀ ਲੋੜ ਨਹੀਂ, ਸਗੋਂ ਤੁਹਾਨੂੰ ਦੁਨੀਆ ਦੀ ਲੋੜ ਹੈ, ਸੰਪਰਕ ਵਿੱਚ ਆਏ ਹਰ ਇਨਸਾਨ ਨਾਲ ਹਮੇਸ਼ਾਂ ਆਪਣੇ ਮਨ, ਬਚਨ ਅਤੇ ਕਰਮ ਕਰਕੇ ਚੰਗਾ ਹੀ ਕਰੋ। ਬਦਲੇ ਵਿੱਚ ਆਪਣੇ ਆਪ ਚੰਗਾ ਹੀ ਮਿਲੇਗਾ। ਉਹ ਜੋ ਤੁਸੀਂ ਸੋਚਿਆ ਹੈ, ਕਲਪਿਆ ਹੈ, ਮਹਿਸੂਸਿਆ ਹੈ, ਦੇਖਿਆ ਤੇ ਪਰਖਿਆ ਹੈ, ਸਿੱਟਾ ਕੱਢਿਆ ਹੈ, ਉਹ ਨਿਰੋਲ ਤੁਹਾਡਾ ਹੈ। ਕੋਈ ਸ਼ੱਕ ਨਹੀਂ ਕਿ ਤੁਸੀਂ ਉਸ ਲਈ ਕੁਝ ਪਹਿਲੀਆਂ ਜਾਣੀਆਂ ਪਹਿਚਾਣੀਆਂ, ਸੁਣੀਆਂ- ਦੇਖੀਆਂ, ਵਸਤੂਆਂ ਅਤੇ ਵਿਚਾਰਧਾਰਾਵਾਂ ਦੀ ਮਦਦ ਵੀ ਲਈ ਸੀ। ਤੁਸੀਂ ਕੁਝ ਉਨ੍ਹਾਂ ਨੂੰ ਤਰਾਸ਼ਿਆ ਵੀ ਹੈ, ਕੁਝ ਮੁਰਦਾ ਹੋ ਚੁੱਕੀਆਂ ਵਿੱਚ ਜਾਨ ਵੀ ਪਾਈ ਹੈ ਅਤੇ ਕੁਝ ਬਿਲਕੁਲ ਨਵੀਆਂ ਨੂੰ ਵੀ ਜਨਮ ਦਿੱਤਾ ਹੈ। ਤੁਸੀਂ ਸਿਰਜਣਾ ਦੀ ਇਸ ਲੰਮੀ ਅਤੇ ਕਦੇ ਨਾ ਖ਼ਤਮ ਹੋਣ ਯੋਗ ਪ੍ਰਕਿਰਿਆ ਵਿੱਚ ਹਿੱਸਾ ਵੀ ਪਾਇਆ ਹੈ ਅਤੇ ਪਾ ਵੀ ਰਹੇ ਹੋ। ਤੁਹਾਡੀਆਂ ਸਿਰਜੀਆਂ ਤੇ ਸੋਧੀਆਂ ਵਸਤੂਆਂ ਅਤੇ ਸੋਚੀਆਂ ਵਿਚਾਰਧਾਰਾਵਾਂ ਅਤੇ ਕਹਾਣੀਆਂ ਨੇ ਸਮਾਜ ਦੇ ਵੱਖ ਵੱਖ ਵਿਅਕਤੀਆਂ ’ਤੇ ਵੱਖ ਵੱਖ ਅਸਰ ਵੀ ਪਾਇਆ ਹੈ ਅਤੇ ਪਾਉਣਾ ਵੀ ਹੈ। ਕੁਝ ਨੂੰ ਉਨ੍ਹਾਂ ਨੇ ਬਹੁਤ ਸੁੱਖ ਅਤੇ ਸਕੂਨ ਵੀ ਪਹੁੰਚਾਇਆ ਹੋਵੇਗਾ ਅਤੇ ਕੁਝ ਉਸੇ ਤੋਂ ਬਹੁਤ ਔਖੇ ਵੀ ਹੋਣਗੇ। ਤੁਹਾਡੇ ਵਿਰੋਧ ਵਿੱਚ ਵੀ ਖੜ੍ਹੇ ਹੋਏ ਹੋਣਗੇ। ਤੁਸੀਂ ਇਨ੍ਹਾਂ ਦੋਹਾਂ ਦੀ ਪਰਵਾਹ ਨਹੀਂ ਕਰਨੀ। ਪ੍ਰਸੰਸਾ ਤੋਂ ਫੁੱਲ ਕੇ ਆਪਣੇ ਆਪ ਨੂੰ ਵੱਡਾ ਨਹੀਂ ਸਮਝ ਲੈਣਾ, ਹੰਕਾਰ ਵਿੱਚ ਨਹੀਂ ਆ ਜਾਣਾ ਅਤੇ ਆਲੋਚਨਾ ਅਤੇ ਵਿਰੋਧ ਤੋਂ ਆਪਣੀ ਚਾਲ ਮੱਠੀ ਨਹੀਂ ਕਰ ਲੈਣੀ। ਆਪਣੀ ਆਤਮਾ ਦੀ ਆਵਾਜ਼ ਨੂੰ ਪਹਿਚਾਣੋ, ਠੀਕ ਅਤੇ ਚੰਗੇ ਦੀ ਚੋਣ ਕਰੋ ਤੇ ਬਸ! ਹੁਣ ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਰਹੋ। ਬਹੁਤ ਚੰਗੇਰੀਆਂ ਅਤੇ ਵਧੀਆ ਮੰਜ਼ਲਾਂ ਤੁਹਾਡਾ ਰਾਹ ਉਡੀਕ ਰਹੀਆਂ ਹਨ। ਤੁਰਦੇ ਰਹੋ…।

ਤੁਸੀਂ ਅਕਾਸ਼ ਦੀ ਵਿਸ਼ਾਲਤਾ, ਸਮੁੰਦਰ ਦੀ ਡੂੰਘਾਈ, ਪਰਬਤਾਂ ਦੀ ਉਚਾਈ ਮਾਪਦੇ ਰਹੋ, ਫੁੱਲ ਖਿੜਦੇ ਦੇਖੋ, ਸਾਗਰਾਂ ਦੀਆਂ ਛੱਲਾਂ ਦੀ ਆਵਾਜ਼ ਸੁਣਿਓ, ਪੰਛੀਆਂ ਦੇ ਸੰਗੀਤ ਨੂੰ ਮਾਣਿਓ, ਹਿਰਦੇ ’ਚੋਂ ਮੁੱਹਬਤਾਂ ਦੇ ਗੀਤ ਗਾਉਂਦੇ ਰਹੋ। ਲਗਾਤਾਰ ਤੁਰਦੇ ਰਹੋ, ਰੁਕਣਾ ਨਹੀਂ ਕਿਉਂਕਿ ਰੁਕਣਾ ਜ਼ਿੰਦਗੀ ਦਾ ਨਾਂ ਨਹੀਂ। ਅਸਲ ਵਿੱਚ ਤਾਂ ਇਸ ਲੰਮੇ ਅਤੇ ਅਣਮੁੱਕ ਸਫ਼ਰ ਵਿੱਚ ਮੌਤ ਵੀ ਇੱਕ ਪੜਾਅ ਹੀ ਹੈ। ਜ਼ਿੰਦਗੀ ਨੇ ਵਿਕਾਸ ਕੀਤਾ ਹੈ, ਵਿਕਾਸ ਕਰ ਰਹੀ ਹੈ ਅਤੇ ਵਿਕਾਸ ਕਰਦੇ ਰਹਿਣਾ ਹੈ। ਬਸ! ਤੁਸੀਂ ਆਪਣਾ ਬਣਦਾ ਹਿੱਸਾ ਪਾਉਂਦੇ ਰਹੋ। ਕਦਮਾਂ, ਕਲਮਾਂ, ਜ਼ੁਬਾਨ ਅਤੇ ਵਿਚਾਰਾਂ ਦੇ ਸੰਗਮ ਨੇ ਹੀ ਜ਼ਿੰਦਗੀ ਦੀ ਇਸ ਜੰਗ ਦੇ ਸਿਕੰਦਰ ਪੈਦਾ ਕਰਨੇ ਹਨ।