ਭਾਰਤ ਦੇ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਹੁੰ ਚੁੱਕੀ, ਹੇਮੰਤ ਸੋਰੇਨ ਗ੍ਰਿਫ਼ਤਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਸੰਮਨ

ਭਾਰਤ ਦੇ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਹੁੰ ਚੁੱਕੀ, ਹੇਮੰਤ ਸੋਰੇਨ ਗ੍ਰਿਫ਼ਤਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਸੰਮਨ

ਭਾਜਪਾ ਨਾਲ ਯਾਰੀ-ਨਿਤਿਸ਼ ਦੀ ਨਵੀਂ ਪਾਰੀ
ਪਟਨਾ : ਜਨਤਾ ਦਲ-ਯੂ ਦੇ ਪ੍ਰਧਾਨ ਨਿਤਿਸ਼ ਕੁਮਾਰ ਨੇ ਐਤਵਾਰ ਨੂੰ ਰਿਕਾਰਡ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਰਾਜਪਾਲ ਰਾਜੇਂਦਰ ਅਰਲੇਕਰ ਨੇ ਰਾਜ ਭਵਨ ’ਚ ਹੋਏ ਸਮਾਗਮ ’ਚ ਉਨ੍ਹਾਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਨਿਤਿਸ਼ ਕੁਮਾਰ ਮਹਾਂਗੱਠਜੋੜ ਅਤੇ ‘ਇੰਡੀਆ’ ਧੜੇ ਨੂੰ ਛੱਡ ਕੇ ਮੁੜ ਐਨ.ਡੀ.ਏ. ’ਚ ਸ਼ਾਮਿਲ ਹੋ ਗਏ ਹਨ। ਬਿਹਾਰ ’ਚ ਸਾਰਾ ਦਿਨ ਚੱਲੇ ਸਿਆਸੀ ਡਰਾਮੇ ਦੌਰਾਨ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੁਝ ਘੰਟਿਆਂ ਬਾਅਦ ਮੁੜ ਸੂਬੇ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਨਿਤਿਸ਼ ਕੁਮਾਰ ਦੀ ਨਵੀਂ ਸਰਕਾਰ ’ਚ ਭਾਜਪਾ ਆਗੂ ਵਿਜੇ ਕੁਮਾਰ ਸਿਨਹਾ ਤੇ ਸਮਰਾਟ ਚੌਧਰੀ ਨੂੰ (ਉਪ ਮੁੱਖ ਮੰਤਰੀ) ਤੇ ਪ੍ਰੇਮ ਕੁਮਾਰ ਨੇ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਇਸ ਮੌਕੇ ਜਨਤਾ ਦਲ-ਯੂ ਦੇ ਵਿਜੇ ਕੁਮਾਰ ਚੌਧਰੀ, ਵਿਜੇਂਦਰ ਯਾਦਵ ਤੇ ਸ਼ਰਵਨ ਕੁਮਾਰ ਤੋਂ ਇਲਾਵਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ‘ਹਿਦੁਸਤਾਨ ਅਵਾਮ ਮੋਰਚਾ’ ਦੇ ਸੰਤੋਸ਼ ਕੁਮਾਰ ਸੁਮਨ ਤੇ ਇਕ ਆਜ਼ਾਦ ਵਿਧਾਇਕ ਸੁਮੀਤ ਸਿੰਘ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਸੂਤਰਾਂ ਅਨੁਸਾਰ ਮੰਤਰੀ-ਮੰਡਲ ’ਚ ਸ਼ਾਮਿਲ ਕੀਤੇ ਜਾਣ ਵਾਲੇ ਹੋਰ ਮੰਤਰੀਆਂ ਬਾਰੇ 1-2 ਦਿਨਾਂ ’ਚ ਫ਼ੈਸਲਾ ਕੀਤਾ ਜਾਵੇਗਾ। ਇਸ ਸਹੁੰ ਚੁੱਕ ਸਮਾਗਮ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਸਨ। ਇਸ ਸਹੁੰ ਚੁੱਕ ਸਮਾਗਮ ਦਾ ਵਿਰੋਧੀ ਧਿਰ ਮਹਾਂਗਠਬੰਧਨ ’ਚ ਸ਼ਾਮਿਲ ਪਾਰਟੀਆਂ-ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਤੇ ਕਾਂਗਰਸ ਨੇ ਬਾਈਕਾਟ ਕੀਤਾ। ਦੱਸਣਯੋਗ ਹੈ ਕਿ ਨਿਤਿਸ਼ ਕੁਮਾਰ ਨੇ ਐਤਵਾਰ ਸਵੇਰੇ ਮੁੱਖ ਮੰਤਰੀ ਵਜੋਂ ਇਹ ਆਖਦਿਆਂ ਅਸਤੀਫ਼ਾ ਦੇ ਦਿੱਤਾ ਸੀ ਕਿ ‘ਮਹਾਂਗਠਬੰਧਨ’ ਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਉਸ ਲਈ ਸਭ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਤੇ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਭਾਜਪਾ ਦੇ ਸਮਰਥਨ ਨਾਲ ਨਵੀਂ ਸਰਕਾਰ ਦੇ ਬਣਾਉਣ ਦਾ ਦਾਅਵਾ ਪੇਸ਼ ਕਰਨ ਨਾਲ 18 ਮਹੀਨੇ ਪੁਰਾਣੀ ‘ਮਹਾਂਗਠਬੰਧਨ’ ਸਰਕਾਰ ਟੁੱਟ ਗਈ ਸੀ। ਜ਼ਿਕਰਯੋਗ ਹੈ ਕਿ ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ’ਚ ਬਹੁਮਤ ਲਈ 122 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ, ਜਦਕਿ ਨਵੀਂ ਸਰਕਾਰ ਬਣਾਉਣ ਵਾਲੇ ਨਿਤਿਸ਼ ਕੁਮਾਰ ਨੂੰ ਜਨਤਾ ਦਲ-ਯੂ ਦੇ 44, ਭਾਜਪਾ ਦੇ 78, ਹਿੰਦੁਸਤਾਨ ਅਵਾਮ ਮੋਰਚਾ ਦੇ 4 ਤੇ ਇਕ ਆਜ਼ਾਦ ਵਿਧਾਇਕ ਸਮੇਤ 127 ਵਿਧਾਇਕਾਂ ਦਾ ਸਮਰਥਨ ਹਾਸਿਲ ਹੈ, ਜਦਕਿ ਵਿਰੋਧੀ ਧਿਰ ਆਰ.ਜੇ.ਡੀ. ਦੇ 79 ਕਾਂਗਰਸ ਦੇ 19 ਤੇ ਕਮਿਊਨਿਸਟ ਪਾਰਟੀਆਂ ਦੇ 16 ਵਿਧਾਇਕਾਂ ਸਮੇਤ ਕੁੱਲ 114 ਵਿਧਾਇਕ ਹਨ, ਜੋ ਬਹੁਮਤ ਤੋਂ 8 ਘੱਟ ਹਨ।
ਅਸਤੀਫ਼ਾ ਦੇਣ ਬਾਅਦ ਹੇਮੰਤ ਸੋਰੇਨ ਈ.ਡੀ. ਵਲੋਂ ਗ੍ਰਿਫ਼ਤਾਰ
ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜੇ.ਐਮ.ਐਮ. ਆਗੂ ਹੇਮੰਤ ਸੋਰੇਨ ਨੂੰ ਬੁੱਧਵਾਰ ਰਾਤ ਨੂੰ ਹਵਾਲਾ ਮਾਮਲੇ ’ਚ ਈ. ਡੀ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਸ਼ਿਬੂ ਸੋਰੇਨ ਦੇ ਵਫ਼ਾਦਾਰ ਤੇ ਰਾਜ ਦੇ ਟਰਾਂਸਪੋਰਟ ਮੰਤਰੀ ਚੰਪਈ ਸੋਰੇਨ ਦਾ ਨਾਂਅ ਮੁੱਖ ਮੰਤਰੀ ਵਜੋਂ ਪ੍ਰਸਤਾਵਿਤ ਕੀਤਾ ਗਿਆ। ਹੇਮੰਤ ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਵਾਲਾ ਮਾਮਲੇ ’ਚ ਸੱਤ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕਰਨ ਬਾਅਦ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਈ.ਡੀ. ਦਫ਼ਤਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ। ਗ੍ਰਿਫ਼ਤਾਰੀ ਤੋਂ ਪਹਿਲਾਂ ਸੋਰੇਨ ਨੇ ਗੱਠਜੋੜ ਦੇ ਵਿਧਾਇਕਾਂ ਨਾਲ ਜਾ ਕੇ ਰਾਜ ਭਵਨ ’ਚ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫ਼ਾ ਸੌਂਪਿਆ। ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੱਤਾਧਾਰੀ ਜੇ.ਐਮ.ਐਮ.-ਕਾਂਗਰਸ-ਆਰ.ਜੇ.ਡੀ. ਗੱਠਜੋੜ ਨੇ ਨਵੇਂ ਮੁੱਖ ਮੰਤਰੀ ਵਜੋਂ ਜੇ.ਐਮ.ਐਮ. ਦੇ ਸੀਨੀਅਰ ਨੇਤਾ ਚੰਪਈ ਸੋਰੇਨ ਦੇ ਨਾਂਅ ਦਾ ਪ੍ਰਸਤਾਵ ਕੀਤਾ। ਜੇ.ਐਮ.ਐਮ. ਵਿਧਾਇਕ ਦਲ ਦੇ ਨੇਤਾ ਚੰਪਈ ਸੋਰੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ 47 ਵਿਧਾਇਕਾਂ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਹੇਮੰਤ ਸੋਰੇਨ ਦੀ ਰਿਹਾਇਸ਼ ’ਤੇ ਇਕੱਠੇ ਹੋਏ ਵਿਧਾਇਕਾਂ ਨੇ ਟਰਾਂਸਪੋਰਟ ਮੰਤਰੀ ਚੰਪਈ ਸੋਰੇਨ ਨੂੰ ਜੇ.ਐਮ.ਐਮ. ਵਿਧਾਇਕ ਦਲ ਦਾ ਨੇਤਾ ਚੁਣਿਆ ਤੇ ਪਾਰਟੀ ਬੁਲਾਰੇ ਵਿਨੋਦ ਪਾਂਡੇ ਨੇ ਕਿਹਾ ਕਿ ਉਨ੍ਹਾਂ ਦੇ ਨਾਂਅ ’ਤੇ ਸਹਿਮਤੀ ਬਣੀ। 1991 ਤੋਂ ਹੁਣ ਤੱਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਰੀਕੇਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੰਪਈ ਸੋਰੇਨ ਨੂੰ ਜੇ.ਐਮ.ਐਮ. ਮੁਖੀ ਸ਼ਿਬੂ ਸੋਰੇਨ ਦੇ ਵਫ਼ਾਦਾਰ ਵਜੋਂ ਜਾਣਿਆ ਜਾਂਦਾ ਹੈ। ਝਾਰਖੰਡ ਦੇ ਸਰਾਏਕੇਲਾ-ਖਰਸਾਵਨ ਜ਼ਿਲ੍ਹੇ ਦੇ ਜਿਲਿੰਗਗੋਰਾ ਪਿੰਡ ’ਚ ਨਵੰਬਰ 1956 ਵਿੱਚ ਜਨਮੇ, ਚੰਪਈ ਸੋਰੇਨ ਮੈਟ੍ਰਿਕ ਪਾਸ ਹਨ। ਉਹ ਇਕ ਕਿਸਾਨ ਦੇ ਪੁੱਤਰ ਹਨ ਅਤੇ ਹੇਮੰਤ ਸੋਰੇਨ ਦੇ ਪਰਿਵਾਰ ਨਾਲ ਸੰਬੰਧਿਤ ਨਹੀਂ ਹਨ। ਸੂਤਰਾਂ ਨੇ ਦਾਅਵਾ ਕੀਤਾ ਕਿ 48 ਸਾਲਾ ਹੇਮੰਤ ਸੋਰੇਨ ਨੇ ਈ.ਡੀ. ਦੀ ਪੁੱਛਗਿੱਛ ਦੌਰਾਨ ਗੋਲਮੋਲ ਜਵਾਬ ਦਿੱਤੇ ਅਤੇ ਇਸ ਲਈ ਉਨ੍ਹਾਂ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਹਿਰਾਸਤ ’ਚ ਲਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਈ.ਡੀ. ਵਲੋਂ ਸੋਰੇਨ ਨੂੰ ਇਥੇ ਇਕ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ’ਚ ਪੇਸ਼ ਕਰਨ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਮਾਮਲੇ ’ਚ ਦੂਜੇ ਦੌਰ ਦੀ ਪੁੱਛਗਿੱਛ ਦੌਰਾਨ ਸੋਰੇਨ ਨੂੰ 15 ਸਵਾਲ ਪੁੱਛੇ। ਉਨ੍ਹਾਂ ਤੋਂ ਪਹਿਲੀ ਵਾਰ 20 ਜਨਵਰੀ ਨੂੰ ਪੁੱਛਗਿੱਛ ਕੀਤੀ ਗਈ। ਝਾਰਖੰਡ ਮੁਕਤੀ ਮੋਰਚਾ ਨੇਤਾ ਖ਼ਿਲਾਫ਼ ਹਵਾਲਾ ਦੇ ਦੋਸ਼ ਭੂ-ਮਾਫੀਆ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ ਤੋਂ ਇਲਾਵਾ ਕੁਝ ਅਚੱਲ ਸੰਪਤੀਆਂ ਦੇ ਕਥਿਤ ਨਾਜਾਇਜ਼ ਕਬਜ਼ੇ ਨਾਲ ਸੰਬੰਧਿਤ ਹਨ। ਕੇਂਦਰੀ ਜਾਂਚ ਏਜੰਸੀ ਅਨੁਸਾਰ ਜਾਂਚ ਝਾਰਖੰਡ ’ਚ ਮਾਫੀਆ ਦੁਆਰਾ ਜ਼ਮੀਨ ਦੀ ਮਾਲਕੀ ਦੀ ਗੈਰ-ਕਾਨੂੰਨੀ ਤਬਦੀਲੀ ਦੇ ਇਕ ਵੱਡੇ ਘਪਲੇ ਨਾਲ ਜੁੜੀ ਹੋਈ ਹੈ। ਈ.ਡੀ. ਦੀ ਟੀਮ ਨੇ ਸੋਮਵਾਰ ਨੂੰ ਸੋਰੇਨ ਦੇ ਦਿੱਲੀ ਸਥਿਤ ਘਰ ਦੀ ਤਲਾਸ਼ੀ ਲਈ ਤੇ ਝਾਰਖੰਡ ’ਚ ਜ਼ਮੀਨੀ ਸੌਦੇ ਨਾਲ ਜੁੜੇ ਹਵਾਲਾ ਮਾਮਲੇ ’ਚ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਲਗਭਗ 13 ਘੰਟਿਆਂ ਤੱਕ ਉੱਥੇ ਬੈਠੀ ਰਹੀ। ਏਜੰਸੀ ਨੇ ਤਲਾਸ਼ੀ ਦੌਰਾਨ 36 ਲੱਖ ਰੁਪਏ, ਇਕ ਐਸ.ਯੂ.ਵੀ. ਅਤੇ ਕੁਝ ਦਸਤਾਵੇਜ਼ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਜ਼ਬਤ ਕੀਤੀ ਗਈ ਕਾਰ ਦੇ ਮਾਲਕ ਨਹੀਂ ਹਨ ਅਤੇ ਬਰਾਮਦ ਕੀਤੀ ਗਈ ਨਕਦੀ ਵੀ ਉਨ੍ਹਾਂ ਦੀ ਨਹੀਂ ਹੈ। ਪੁੱਛਗਿੱਛ ਤੋਂ ਪਹਿਲਾਂ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗੱਠਜੋੜ ਦੇ ਵੱਡੀ ਗਿਣਤੀ ਵਿਧਾਇਕ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਇਕੱਠੇ ਹੋਏ। ਜੇ.ਐਮ.ਐਮ. ਦੇ ਸਮਰਥਕਾਂ ਵਲੋਂ ਈ.ਡੀ. ਦੀ ਪੁੱਛਗਿੱਛ ਦਾ ਵਿਰੋਧ ਕਰਦਿਆਂ ਮੋਰਾਬਾਈ ਮੈਦਾਨ ਤੇ ਕਈ ਹੋਰ ਸਥਾਨਾਂ ’ਤੇ ਨਾਅਰੇਬਾਜ਼ੀ ਕੀਤੀ ਗਈ। ਈ.ਡੀ. ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਤ ਨੂੰ ਝਾਰਖੰਡ ਹਾਈ ਕੋਰਟ ਦਾ ਰੁਖ ਕੀਤਾ। ਸੋਰੇਨ ਦੀ ਪਟੀਸ਼ਨ ’ਤੇ ਕਾਰਜਕਾਰੀ ਚੀਫ਼ ਜਸਟਿਸ ਚੰਦਰਸ਼ੇਖਰ ਤੇ ਜਸਟਿਸ ਅਨੁਭਾ ਰਾਵਤ ਚੌਧਰੀ ਦੀ ਬੈਂਚ ਵੀਰਵਾਰ ਨੂੰ ਸਵੇਰੇ 10.30 ਵਜੇ ਸੁਣਵਾਈ ਕਰੇਗੀ।
ਈਡੀ ਨੇ ਕੇਜਰੀਵਾਲ ਨੂੰ 5ਵਾਂ ਸੰਮਨ ਭੇਜਿਆ
ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਵਾਂ ਸੰਮਨ ਜਾਰੀ ਕੀਤਾ ਹੈ। ਕੇਜਰੀਵਾਲ ਪਹਿਲਾਂ ਹੀ ਇਨ੍ਹਾਂ ਸੰਮਨ ਨੂੰ ਗੈਰਕਾਨੂੰਨੀ ਤੇ ਗਲਤ ਕਰਾਰ ਦੇ ਚੁੱਕੇ ਹਨ।ਕੇਜਰੀਵਾਲ, ਜੋ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਵੀ ਹਨ, ਨੇ ਸੰਘੀ ਏਜੰਸੀ ਦੁਆਰਾ 18 ਜਨਵਰੀ ਅਤੇ 3 ਜਨਵਰੀ ਅਤੇ 2 ਨਵੰਬਰ ਅਤੇ 21 ਦਸੰਬਰ ਲਈ ਜਾਰੀ ਕੀਤੇ ਗਏ ਚਾਰ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਤਾਜ਼ਾ ਸੰਮਨ 2 ਫਰਵਰੀ ਨੂੰ ਪੇਸ਼ ਹੋਣ ਲਈ ਹਨ।