ਟਰੰਪ ਨੂੰ ਝਟਕਾ, ਮਾਣਹਾਨੀ ਮਾਮਲੇ ’ਚ ਲੇਖਿਕਾ ਕੈਰੋਲ ਨੂੰ 83.3 ਮਿਲੀਅਨ ਡਾਲਰ ਮੁਆਵਜ਼ਾ ਦੇਣ ਦਾ ਹੁਕਮ

ਟਰੰਪ ਨੂੰ ਝਟਕਾ, ਮਾਣਹਾਨੀ ਮਾਮਲੇ ’ਚ ਲੇਖਿਕਾ ਕੈਰੋਲ ਨੂੰ 83.3 ਮਿਲੀਅਨ ਡਾਲਰ ਮੁਆਵਜ਼ਾ ਦੇਣ ਦਾ ਹੁਕਮ

ਵਾਸ਼ਿੰਗਟਨ : ਨਿਊਯਾਰਕ ਵਿੱਚ ਇੱਕ ਜਿਊਰੀ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੇਖਿਕਾ ਈ. ਜੀਨ ਕੈਰੋਲ ਨੂੰ 83.3 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਜਿਊਰੀ ਨੇ 2024 ਦੇ ਉਮੀਦਵਾਰ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਬਦਨਾਮੀ ਦੇ ਦੋਸ਼ਾਂ ’ਤੇ ਮਾਣਹਾਨੀ ਵਜੋਂ ਇਹ ਮੁਆਵਜ਼ਾ ਦੇਣ ਲਈ ਕਿਹਾ ਹੈ। ਕੈਰੋਲ ਨੇ ਮਾਣਹਾਨੀ ਲਈ 10 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ ਪਰ ਜਿਊਰੀ ਨੇ ਡੋਨਾਲਡ ਟਰੰਪ ਨੂੰ 83.3 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਟਰੰਪ ਨੇ ਫੈਸਲੇ ਤੋਂ ਬਾਅਦ ਆਪਣੇ ਬਿਆਨ ’ਚ ਫੈਸਲੇ ਨੂੰ ਹਾਸੋਹੀਣਾ ਦੱਸਿਆ ਅਤੇ ਕਿਹਾ ਕਿ ਉਹ ਇਸ ਖਿਲਾਫ ਅਪੀਲ ਕਰਨਗੇ। ਜਿਊਰੀ ਕਰੀਬ 3 ਘੰਟੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਆਪਣੇ ਫੈਸਲੇ ’ਤੇ ਪਹੁੰਚੀ। ਜਦੋਂ ਬਹਿਸ ਸ਼ੁਰੂ ਹੋਈ ਤਾਂ ਟਰੰਪ ਅਦਾਲਤ ਵਿੱਚ ਸਨ ਪਰ ਅੱਧ ਵਿਚਾਲੇ ਹੀ ਵਾਕਆਊਟ ਕਰ ਗਏ। ਜਦੋਂ ਅਦਾਲਤ ਵਿੱਚ ਫੈਸਲਾ ਪੜ੍ਹਿਆ ਗਿਆ ਤਾਂ ਉਹ ਉੱਥੇ ਨਹੀਂ ਸੀ। ਦੋ ਔਰਤਾਂ ਅਤੇ ਸੱਤ ਪੁਰਸ਼ਾਂ ਦੀ ਜਿਊਰੀ ਨੇ ਸ਼ੁੱਕਰਵਾਰ ਨੂੰ ਟਰੰਪ ਨੂੰ ਹੁਕਮ ਦਿੱਤਾ ਕਿ ਉਹ ਕੈਰੋਲ ਨੂੰ ਉਨ੍ਹਾਂ ਦੀ ਸਾਖ ਬਹਾਲ ਕਰਨ ਲਈ 11 ਮਿਲੀਅਨ ਡਾਲਰ, ਹੋਰ ਹਰਜਾਨੇ ਲਈ 7.3 ਮਿਲੀਅਨ ਡਾਲਰ ਅਤੇ ਦੰਡਕਾਰੀ ਹਰਜਾਨੇ ਦੇ ਰੂਪ ਵਿੱਚ 65 ਮਿਲੀਅਨ ਡਾਲਰ ਦਾ ਭੁਗਤਾਨ ਕਰੇ। 77 ਸਾਲਾ ਟਰੰਪ ਨੇ ਇਸ ਫੈਸਲੇ ’ਤੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਹੈ। ਟਰੰਪ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਬਿਆਨਾਂ ਰਾਹੀਂ ਕੈਰੋਲ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਨੂੰ ਨਿਰਦੇਸ਼ ਦਿੱਤਾ ਸੀ।