ਸਨਫਰਾਂਸਿਸਕੋ ਵਿਚ ਕਰਵਾਏ ਗਏ ਖਾਲਿਸਤਾਨ ਰੈਫਰੈਂਡਮ ਪ੍ਰਤੀ ਵੋਟਾਂ ਉਪਰ ਦੋ ਲੱਖ ਤੋਂ ਵੱਧ ਇਕੱਠ

ਸਨਫਰਾਂਸਿਸਕੋ ਵਿਚ ਕਰਵਾਏ ਗਏ ਖਾਲਿਸਤਾਨ ਰੈਫਰੈਂਡਮ ਪ੍ਰਤੀ ਵੋਟਾਂ ਉਪਰ ਦੋ ਲੱਖ ਤੋਂ ਵੱਧ ਇਕੱਠ

ਇਕ ਲੱਖ 27 ਹਜ਼ਾਰ ਵੋਟਾਂ ਹੋਈਆਂ ਪੋਲ, ਮੀਲਾਂ ’ਚ ਲੱਗੀਆਂ ਲਾਈਆਂ ਲਾਈਨਾਂ

ਸਨਫਰਾਂਸਿਸਕੋ/ਕੈਲੀਫੋਰਨੀਆ : ਅਮਰੀਕਨ ਬੇਸ ਜਥੇਬੰਦੀ ਸਿੱਖ ਫਾਰ ਜਸਟਿਸ ਵਲੋਂ ਜਨਵਰੀ 28 ਦਿਨ ਐਤਵਾਰ ਨੂੰ ਸਨਫਰਾਂਸਿਸਕੋ ਵਿਚ ਕਰਵਾਈਆਂ ਗਈਆਂ ਵੋਟਾਂ ’ਚ ਸਿੱਖਾਂ ਦਾ 2 ਲੱਖ ਤੋਂ ਵੱਧ ਇਕੱਠ ਹੋਇਆ ਅਤੇ ਸ਼ਾਮ ਦੇ 5 ਵਜੇ ਤੱਕ 1 ਲੱਖ 27 ਹਜ਼ਾਰ ਤੋਂ ਵੱਧ ਵੋਟਾਂ ਪਈਆਂ। ਇਥੇ ਇਹ ਜ਼ਿਕਰਯੋਗ ਹੈ ਕਿ ਲੋਕ ਸਵੇਰੇ 5 ਵਜੇ ਹੀ ਲਾਈਨਾਂ ’ਚ ਲੱਗ ਗਏ ਅਤੇ ਵੋਟਾਂ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਈਆਂ ਸ਼ਾਮ 5 ਵਜੇ ਵੋਟਾਂ ਖਤਮ ਹੋਣ ਤੱਕ ਲੋਕ ਉਸੇ ਤਰ੍ਹਾਂ ਹੀ ਲਾਈਨਾਂ ’ਚ ਲੱਗੇ ਹੋਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਯੂਬਾ ਸਿਟੀ ਦਾ ਨਗਰ ਕੀਰਤਨ ਹੋਵੇ। ਵੋਟਾਂ ਦੀ ਗਿਣਤੀ ਹਰ ਘੰਟੇ ਬਾਅਦ ਸੰਗਤਾਂ ਨੂੰ ਦੱਸੀ ਜਾ ਰਹੀ ਸੀ। ਗੁਰੂ ਕੇ ਲੰਗਰਾਂ ਦੇ ਅਥਾਹ ਪ੍ਰਬੰਧ ਸਨ। ਚਾਰੇ ਪਾਸੇ ਢੋਲ ਵੱਜ ਰਹੇ ਸਨ। ਅਤੇ ਨੌਜਵਾਨ ਗਾ ਰਹੇ ਸਨ ਜੈਕਾਰੇ ਲਾ ਰਹੇ ਸਨ ਅਤੇ ਕਹਿ ਰਹੇ ਸਨ ਕੀ ਅਸੀਂ ਕੀ ਲੈਣਾ ਖਾਲਿਸਤਾਨ, ਤੁਸੀਂ ਕੀ ਲੈਣਾ ਖਾਲਿਸਤਾਨ, ਹਿੰਦੂ ਲੈ ਗਏ ਗਏ ਹਿੰਦੋਸਤਾਨ ਮੁਸਲਿਮ ਲੈ ਗਏ ਪਾਕਿਸਤਾਨ ਤੁਸੀਂ ਕੀ ਲੈਣਾ ਖਾਲਿਸਤਾਨ ਇਹ ਨਾਅਰੇ ਜੈਕਾਰੇ ਸਮਾਪਤੀ ਤੱਕ ਗੂੰਜਦੇ ਰਹੇ।
ਲੋਕਾਂ ਨੇ ਲਾਈਨਾਂ ’ਚ 7-7 ਘੰਟੇ ਇੰਤਜ਼ਾਰ ਕੀਤਾ। ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਲੋਕ ਲਾਈਨਾਂ ’ਚ ਲੱਗੇ ਹੋਏ ਸਨ। ਲੋਕਾਂ ਦਾ ਉਤਸ਼ਾਹ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਲੱਗਦਾ ਸੀ ਕਿ ਸਿੱਖਾਂ ਦੇ ਕਤਲੇਆਮ ਤੋਂ ਬਾਅਦ, ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿਚੋਂ ਨਾ ਛੱਡਣ ਕਾਰਨ ਸਿੱਖਾਂ ਨਾਲ ਲਗਾਤਾਰ ਹੋ ਰਹੇ ਧੱਕੇ ਕਾਰਨ ਸਿੱਖਾਂ ਦਾ ਭਾਰਤੀ ਕਾਨੂੰਨ ਤੋਂ ਵਿਸ਼ਵਾਸ ਉਠ ਚੁੱਕਾ ਹੈ ਅਤੇ ਸਿੱਖਾਂ ਦਾ ਭਾਰਤ ਨਾਲੋਂ ਨਾਤਾ ਟੁੱਟ ਚੁੱਕਾ ਹੈ। ‘ਸਾਡੇ ਲੋਕ’ ਅਖ਼ਬਾਰ ਵਲੋਂ ਤਕਰੀਬਨ 50 ਲੋਕਾਂ ਨਾਲ ਗੱਲਬਾਤ ਕੀਤੀ ਗਈ। ਕਈਆਂ ਨੇ ਆਪਣਾ ਨਾਮ ਨਹੀਂ ਦੱਸਿਆ, ਕਈਆਂ ਨੇ ਖੁੱਲ੍ਹ ਕੇ ਕਿਹਾ ਕਿ ਭਾਰਤ ਨੇ ਅਜ਼ਾਦੀ ਬਾਅਦ ਸਿੱਖਾਂ ਨਾਲ ਹਮੇਸ਼ਾ ਧੱਕਾ ਕੀਤਾ ਅਤੇ ਕਦੇ ਇਨਸਾਫ਼ ਨਹੀਂ ਕੀਤਾ ਸਿੱਖਾਂ ਕੋਲ ਸਿੱਖਾਂ ਦੇ ਇਸ ਵੋਟਿੰਗ ’ਚ ਹਰ ਪਾਰਟੀ ਦੇ ਲੋਕ ਅਤੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਬੱਸਾਂ ਲੈ ਕੇ ਸੰਗਤਾਂ ਆਈਆਂ ਹੋਈਆਂ ਸਨ। ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਬਾਦਲ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਨਫਰਮੇਸ਼ਨ ਸੈਂਟਰ, ਗਤਕਾ ਦਲ, ਸਿੱਖ ਯੂਥ ਆਫ਼ ਅਮਰੀਕਾ, ਤਕਰੀਬਨ ਸਾਰੀਆਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਅਮਰੀਕਾ ਕੈਨੇਡਾ ਯੂਰਪ ਦੇ ਵੱਡੇ ਆਗੂ ਹਾਜ਼ਰ ਸਨ। ਸਿੱਖ ਸਿਰਮੌਰ ਆਗੂਆਂ ਵਿਚੋਂ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਸ੍ਰ. ਮਨਜੀਤ ਸਿੰਘ ਉਪਲ, ਸ੍ਰ. ਭਜਨ ਸਿੰਘ ਭਿੰਡਰ, ਡਾ. ਪ੍ਰਿਤਪਾਲ ਸਿੰਘ, ਡਾ. ਅਮਰਜੀਤ ਸਿੰਘ, ਸ੍ਰ. ਕੁਲਜੀਤ ਸਿੰਘ ਝਿੱਜਰ, ਸ੍ਰ. ਹਿੰਮਤ ਸਿੰਘ ਨਿਊਯਾਰਕ, ਸ੍ਰ. ਚਰਨਜੀਤ ਸਿੰਘ ਸਮਰਾ, ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ, ਸ੍ਰ. ਗੁਰਚਰਨ ਸਿੰਘ ਮਾਨ, ਸ੍ਰ. ਗੁਰਮੇਲ ਸਿੰਘ ਢੇਸੀ ਟੈਕਸਾਸ, ਸ੍ਰ. ਸਰਬਜੀਤ ਸਿੰਘ ਦਿੱਲੀ, ਸ੍ਰ. ਸਰਵਣ ਸਿੰਘ ਮਨਟੀਕਾ ਅਤੇ ਅਨੇਕਾਂ ਨੌਜਵਾਨ ਸ਼ਾਮਲ ਸਨ। ਇਹ ਇਕੱਠ ਧੜੇਬੰਦੀਆਂ, ਜਥੇਬੰਦੀਆਂ, ਗਰੁੱਪਾਂ ਅਤੇ ਗੁਰਦੁਆਰਿਆਂ ਦੀ ਸਿਆਸਤ ਤੋਂ ਉਪਰ ਉਠ ਕੇ ਹੋਇਆ। ਇਥੇ ਇਸ ਸਮੇਂ ਅਮਰੀਕਾ ਦੀਆਂ ਵੱਖ ਵੱਖ ਏਜੰਸੀਆਂ ਨੇੜਿਓਂ ਕੰਮ ਕਰ ਰਹੀਆਂ ਸਨ। ਪੰਜਾਬੀ ਮੀਡੀਆ ਤੋਂ ਵਗੈਰ ਦੁਨੀਆ ਭਰਦਾ ਅੰਤਰਰਾਸ਼ਟਰੀ ਮੀਡੀਆ ਅਤੇ ਭਾਰਤੀ ਮੀਡੀਆ ਵੀ ਕਵਰ ਕਰ ਰਿਹਾ ਸੀ ਬਹੁਤ ਲੋਕ ਆਪਣੀ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਇਸ ਕਾਰਨ ਪ੍ਰਬੰਧਕਾਂ ਵਲੋਂ ਅਗਲੀ ਤਰੀਕ 31 ਮਾਰਚ ਦਾ ਐਲਾਨ ਕਰ ਦਿੱਤਾ ਗਿਆ ਜੋ ਕੀ ਸੈਕਰਾਮੈਂਟੋ ਵਿਖੇ ਪੈਣਗੀਆ ਅਤੇ ਸੰਗਤਾ ਦੀ ਜਾਣਕਾਰੀ ਲਈ ਸੈਂਟਰ ਦਾ ਐਲਾਨ ਕਰ ਦਿੱਤਾ ਜਾਵੇਗਾ।