ਚੰਡੀਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਲੋਂ ਪ੍ਰਦਰਸ਼ਨ

ਚੰਡੀਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਲੋਂ ਪ੍ਰਦਰਸ਼ਨ

ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਐਫ.ਆਈ.ਆਰ. ਦੀ ਕੀਤੀ ਮੰਗ
ਚੰਡੀਗੜ੍ਹ -ਚੰਡੀਗੜ੍ਹ ਦੇ ਮੇਅਰ ਦੀ ਚੋਣ ਤੋਂ ਬਾਅਦ ਵੀ ਮੇਅਰ ਦੀ ਕੁਰਸੀ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜਿ੍ਹਆ ਹੋਇਆ ਹੈ | ਰਾਜਧਾਨੀ ਦੇ ਮੇਅਰ ਦੀ ਕੁਰਸੀ ਦੀ ਲੜਾਈ ਹੁਣ ਸੜਕਾਂ ‘ਤੇ ਆ ਗਈ ਹੈ | ਇਕ ਪਾਸੇ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ ਤੇ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਸੜਕਾਂ ਉੱਪਰ ਉੱਤਰ ਆਏ ਹਨ | ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਸਾਂਝੇ ਤੌਰ ਉੱਤੇ ਚੰਡੀਗੜ੍ਹ ਦੇ ਸੈਕਟਰ 17 ਵਿਚ ਪੁਲਿਸ ਸਟੇਸ਼ਨ ਮੂਹਰੇ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਭਾਜਪਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ | ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਨੂੰ ਥਾਣਾ 17 ‘ਚ ਪਹੁੰਚਣ ਤੋਂ ਪਹਿਲਾਂ ਹੀ ਬੈਰੀਕੇਡ ਲਾ ਕੇ ਰੋਕ ਲਿਆ ਗਿਆ | ਇਸ ਤੋਂ ਬਾਅਦ ਵਰਕਰਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਕਾਂਗਰਸ ਅਤੇ ਆਪ ਵਰਕਰ ਬੈਰੀਕੇਡਾਂ ‘ਤੇ ਚੜ੍ਹ ਗਏ | ਵਰਕਰਾਂ ਨੇ ਬੈਰੀਕੇਡ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ | ‘ਆਪ’ ਤੇ ਕਾਂਗਰਸੀ ਵਰਕਰ ਲਗਾਤਾਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਹਨ | ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਕਹਿਣਾ ਸੀ ਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ ਭਾਜਪਾ ਦੇ ਇਸ਼ਾਰੇ ‘ਤੇ ਚੰਡੀਗੜ੍ਹ ਮੇਅਰ ਦੀ ਚੋਣ ਵਿਚ ਸ਼ਰੇ੍ਹਆਮ ਗੜਬੜੀ ਕੀਤੀ ਹੈ | ਪ੍ਰਦਰਸ਼ਨ ਤੋਂ ਪਹਿਲਾਂ ਮੁਲਾਜ਼ਮ ਥਾਣੇ ਨੇੜੇ ਪਾਰਕਿੰਗ ਵਿਚ ਇਕੱਠੇ ਹੋਏ | ਇਸ ਤੋਂ ਬਾਅਦ ਉਹ ਆਪਣਾ ਮੰਗ ਪੱਤਰ ਲੈ ਕੇ ਸੈਕਟਰ 17 ਥਾਣੇ ਲਈ ਰਵਾਨਾ ਹੋ ਗਏ | ਹਾਲਾਂਕਿ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਰਸਤੇ ਵਿਚ ਬੈਰੀਕੇਡ ਲਾ ਕੇ ਵਰਕਰਾਂ ਨੂੰ ਰੋਕ ਲਿਆ | ਇਸ ਤੋਂ ਬਾਅਦ ਆਪ ਅਤੇ ਕਾਂਗਰਸ ਵਰਕਰ ਗ਼ੁੱਸੇ ‘ਚ ਆ ਗਏ | ਉਨ੍ਹਾਂ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ | ਇਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਰੇ ਕੌਂਸਲਰਾਂ, ਕਾਂਗਰਸੀ ਆਗੂ ਪਵਨ ਬਾਂਸਲ, ਕਾਂਗਰਸ ਦੇ ਸੂਬਾ ਪ੍ਰਧਾਨ ਲੱਕੀ ਤੇ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਐਚ.ਐਸ ਆਹਲੂਵਾਲੀਆ ਨੂੰ ਮੰਗ ਪੱਤਰ ਦੇਣ ਲਈ ਥਾਣੇ ਅੰਦਰ ਜਾਣ ਦਿੱਤਾ ਗਿਆ | ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮਲਤਾ ਨੇ ਸਾਰੀ ਚੋਣ ਪ੍ਰਕਿਰਿਆ ਨੂੰ ਗ਼ਲਤ ਕਰਾਰ ਦਿੱਤਾ ਹੈ | ਉੱਧਰ ਚੰਡੀਗੜ੍ਹ ਯੂਥ ਕਾਂਗਰਸ ਵਲੋਂ ਵੀ ਮੇਅਰ ਦੀ ਚੋਣ ‘ਚ ਧਾਂਦਲੀ ਦੇ ਦੋਸ਼ ਲਾਉਂਦੇ ਹੋਏ ਨਗਰ ਨਿਗਮ ਦੇ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮਨੋਜ ਲੁਬਾਣਾ ਦੀ ਅਗਵਾਈ ‘ਚ ਕੀਤੇ ਪ੍ਰਦਰਸ਼ਨ ‘ਚ ਵੱਡੀ ਗਿਣਤੀ ‘ਚ ਕਾਂਗਰਸ ਵਰਕਰ ਸ਼ਾਮਿਲ ਹੋਏ | ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ ‘ਚ ਲਿਆ ਗਿਆ ਜਿਸ ਦਾ ਯੂਥ ਕਾਂਗਰਸ ਨੇ ਵਿਰੋਧ ਕੀਤਾ |

ਹਾਈ ਕੋਰਟ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਡੀ.ਸੀ. ਨੂੰ ਨੋਟਿਸ
ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਸ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ ਜਿਸ ‘ਚ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵਲੋਂ ਧੋਖਾਧੜੀ ਨਾਲ ਕੀਤੇ ਜਾਣ ਕਾਰਨ ਚੰਡੀਗੜ੍ਹ ਮੇਅਰ ਦੀ ਚੋਣ ਰੱਦ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ | ਹਾਲਾਂਕਿ ਹਾਈਕੋਰਟ ਤੋਂ ਆਪ ਅਤੇ ਕਾਂਗਰਸ ਨੂੰ ਤੁਰੰਤ ਕੋਈ ਰਾਹਤ ਨਹੀਂ ਮਿਲੀ | ਬੁੱਧਵਾਰ ਨੂੰ ਜਦੋਂ ਇਹ ਮਾਮਲਾ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਹਰਸ਼ ਬੰਗਰ ਦੇ ਡਿਵੀਜ਼ਨ ਬੈਂਚ ਅੱਗੇ ਸੁਣਵਾਈ ਲਈ ਆਇਆ ਤਾਂ ਪਟੀਸ਼ਨਕਰਤਾ ਦੇ ਸੀਨੀਅਰ ਵਕੀਲ ਗੁਰਮਿੰਦਰ ਸਿੰਘ ਨੇ ਐਮ.ਸੀ ਚੰਡੀਗੜ੍ਹ ਦੇ ਮੇਅਰ ਅਹੁਦੇ ਲਈ ਚੋਣ ਸਬੰਧੀ ਐਲਾਨੇ ਨਤੀਜਿਆਂ ‘ਤੇ ਰੋਕ ਲਗਾਉਣ ਦੀ ਬੇਨਤੀ ਕੀਤੀ | ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਪ੍ਰਸ਼ਾਸਨ ਨੂੰ 26 ਫਰਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ¢ ਆਪ ਅਤੇ ਕਾਂਗਰਸ ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਵਲੋਂ ਦਾਇਰ ਪਟੀਸ਼ਨ ਵਿਚ ਮੰਗਲਵਾਰ ਨੂੰ ਹੋਈ ਸਮੁੱਚੀ ਚੋਣ ਪ੍ਰਕਿਰਿਆ ਨੂੰ ਰੱਦ ਕਰਨ ਅਤੇ ਇਕ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਐਮ.ਸੀ ਚੰਡੀਗੜ੍ਹ ਦੇ ਨਵੇਂ ਸਿਰੇ ਤੋਂ ਮੇਅਰ ਦੀ ਚੋਣ ਕਰਵਾਉਣ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ¢