ਭਾਰਤੀ ਮੂਲ ਦੇ ਵਿਅਕਤੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ

ਭਾਰਤੀ ਮੂਲ ਦੇ ਵਿਅਕਤੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ

ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ’ਤੇ ਸਥਿੱਤ ਇੱਕ ਸਟੋਰ ਵਿੱਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਬੇਘਰਾ ਵਿਅਕਤੀ ਰਾਤ ਦੇ 12:00 ਕੁ ਵਜੇ ਸਟੋਰ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਵੇਕ ਸੈਣੀ (25) ਦੇ ਸਿਰ ’ਤੇ ਹਥੌੜੇ ਨਾਲ ਕਾਫੀ ਵਾਰ ਕੇ ਉਸ ਦਾ ਕਤਲ ਕਰ ਦਿੱਤਾ।
ਜਾਰਜੀਆ ਪੁਲਸ ਨੇ ਦੱਸਿਆ ਕਿ ਅਟਲਾਂਟਾ-ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਨੂੰ ਸਿਰ ’ਤੇ ਕਾਫੀ ਵਾਰ ਕਰਕੇ ਹਥੌੜੇ ਨਾਲ ਮਾਰਿਆ ਗਿਆ ਸੀ। ਹੁਣ ਉਸ ’ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਕਲਬ ਕਾਉਂਟੀ ਪੁਲਸਅਨੁਸਾਰ ਅਧਿਕਾਰੀਆਂ ਨੂੰ ਬੀਤੇ ਮੰਗਲਵਾਰ ਨੂੰ 16 ਜਨਵਰੀ ਨੂੰ ਸਵੇਰੇ 12:30 ਵਜੇ ਦੇ ਕਰੀਬ, ਲਿਥੋਨੀਆ ਦੇ ਇੱਕ ਸ਼ੈਵਰੋਨ ਗੈਸ ਸਟੇਸ਼ਨ ’ਤੇ ਇਸ ਹਮਲੇ ਬਾਰੇ ਇੱਕ ਕਾਲ ਆਈ ਸੀ।
ਪੁਲਸ ਨੇ ਘਟਨਾ ਦੀ ਰਿਪੋਰਟ ਵਿੱਚ ਕਿਹਾ ਕਿ ਉਹ 25 ਸਾਲਾ ਪੀੜਤ ’ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਲੱਭਣ ਲਈ ਪਹੁੰਚੇ। ਅਫਸਰਾਂ ਨੇ ਆਦਮੀ ਨੂੰ ਹਥਿਆਰ ਹੇਠਾਂ ਰੱਖਣ ਦਾ ਹੁਕਮ ਦਿੱਤਾ ਅਤੇ ਉਸਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਪੁਲਸ ਨਿਯਮਾਂ ਦੀ ਪਾਲਣਾ ਕੀਤੀ। ਇੱਕ ਤਲਾਸ਼ੀ ਦੌਰਾਨ ਪੁਲਸ ਨੂੰ ਹਥੌੜੇ ਸਮੇਤ ਉਸ ਤੋਂ ਤਿੰਨ ਹੋਰ ਹਥਿਆਰ ਮਿਲੇ। ਰਿਪੋਰਟ ਅਨੁਸਾਰ 25 ਸਾਲਾ ਕਲਰਕ ਦੀ ਸਿਰ ’ਤੇ ਹਥੋੜੇ ਨਾਲ ਕੀਤੇ ਵਾਰ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ’ਤੇ ਅਧਿਕਾਰੀਆਂ ਨੇ ਸਟੋਰ ਦੀ ਨਿਗਰਾਨੀ ਵੀਡੀਓ ਪ੍ਰਾਪਤ ਕੀਤੀ, ਜਿਸ ਵਿੱਚ ਸ਼ੱਕੀ ਨੂੰ ਦੇਖਿਆ ਗਿਆ। ਬਾਅਦ ਵਿੱਚ ਹਮਲਾਵਰ ਦੀ ਪਹਿਚਾਣ ਜੂਲੀਅਨ ਫਾਕਨਰ ਵਜੋਂ ਪਛਾਣ ਕੀਤੀ ਗਈ, ਜੋ ਪੀੜਤ ਨੂੰ ਵਾਰ-ਵਾਰ ਹਥੌੜੇ ਨਾਲ ਮਾਰ ਰਿਹਾ ਸੀ। ਗ੍ਰਿਫ਼ਤਾਰੀ ਮਗਰੋਂ ਹੁਣ ਜੂਲੀਅਨ ਫਾਕਨਰ ਡੀਕਲਬ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ।