ਕੈਲੀਫੋਰਨੀਆਂ ਦੀ ਸਟੇਟ ਅਸੈਂਬਲੀ ’ਚ ਡਾ. ਸਵੈਮਾਨ ਸਿੰਘ ਦਾ ਸਨਮਾਨ

ਕੈਲੀਫੋਰਨੀਆਂ ਦੀ ਸਟੇਟ ਅਸੈਂਬਲੀ ’ਚ ਡਾ. ਸਵੈਮਾਨ ਸਿੰਘ ਦਾ ਸਨਮਾਨ

ਸੈਕਰਾਮੈਂਟੋ (ਕੈਲੀਫੋਰਨੀਆਂ) : ਡਾ. ਸਵੈਮਾਨ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਮਾਨਵਤਾ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਕੈਲੀਫੋਰਨੀਆ ਰਾਜ ਵਿਧਾਨ ਸਭਾ ਦਾ ਵੱਕਾਰੀ ਸਨਮਾਨ ਮਿਲਿਆ। ਐਵਾਰਡ ਲਈ ਮਤਾ ਡਾ: ਜਮੀਤ ਬੈਂਸ ਵੱਲੋਂ ਲਿਆਂਦਾ ਗਿਆ। ਡਾ: ਬੈਂਸ ਨੇ 5 ਰਿਵਰ ਸੰਸਥਾ ਵੱਲੋਂ ਵਿਸ਼ਵ ਭਰ ਦੇ ਨਾਲ-ਨਾਲ ਅਮਰੀਕਾ ’ਚ ਵੀ ਕੀਤੇ ਜਾ ਰਹੇ ਮਹਾਨ ਕਾਰਜਾਂ ਦੀ ਸ਼ਲਾਘਾ ਕੀਤੀ।
ਡਾ. ਸਵੈਮਨ ਸਿੰਘ, ਰੋਚੈਸਟਰ, ਮਿਨੇਸੋਟਾ ਯੂਐਸਏ ਵਿਖੇ ਮੇਓ ਕਲੀਨਿਕ, ਵਿਸ਼ਵ ਦੇ ਨੰਬਰ ਇੱਕ ਹਸਪਤਾਲ ’ਚ ਹਾਰਟ ਟ?ਰਾਂਸਪਲਾਂਟ ਅਤੇ ਐਡਵਾਂਸਡ ਹਾਰਟ ਫੇਲੀਅਰ ਦੇ ਖੇਤਰ ’ਚ ਇੱਕ ਬੋਰਡ-ਪ੍ਰਮਾਣਿਤ ਕਾਰਡੀਓਲੋਜਿਸਟ ਅਤੇ ਕਲੀਨਿਕਲ ਇੰਸਟ੍ਰਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਸਮਾਗਮ ’ਚ ਕੈਲੀਫੋਰਨੀਆ ਦੇ ਆਸ-ਪਾਸ ਦੀਆਂ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਡਾ: ਸਿੰਘ ਦੇ ਸਮਰਥਨ ’ਚ ਆਈਆਂ ਸੰਸਥਾਵਾਂ ’ਚ ਇੰਡੋ-ਅਮਰੀਕਨ ਹੈਰੀਟੇਜ ਫੋਰਮ, ਗਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ, ਭਾਰਤੀ ਸੱਭਿਆਚਾਰਕ ਅਤੇ ਵਿਦਿਅਕ ਸੰਸਥਾਵਾਂ ਯੂਬਾ ਸਿਟੀ, ਵਰਲਡ ਸਿੱਖ ਫੈਡਰੇਸ਼ਨ, ਸਿੱਖ ਸੰਗਤ ਆਫ਼ ਰਿਵਰਸਾਈਡ, ਲਾਸ ਏਂਜਲਸ, ਸੈਨ ਫਰਾਂਸੀਕੋ, ਸੈਨ ਹੋਜੇ, ਬੇਕਰਸਫੀਲਡ, ਫਰਿਜ਼ਨੋ , ਫੇਅਰਫੀਲਡ, ਸਟੋਕਟਨ ਅਤੇ ਸੈਕਰੇਮੈਂਟੋ ਆਦਿ ਦੇ ਨਾਮ ਜਿਕਰਯੋਗ ਹਨ।
ਪਿਛਲੇ ਲੰਮੇ ਸਮੇਂ ਤੋਂ ਡਾ. ਸਵੈਮਨ ਸਿੰਘ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਅਨੁਸਾਰ ਲਗਾਤਾਰ ਕੰਮ ਕਰਦੇ ਆ ਰਹੇ ਨੇ, ਉਹ ਇੱਕ ਅਜਿਹੀ ਦੁਨੀਆ ਬਣਾਉਣ ਲਈ ਯਤਨਸ਼ੀਲ ਹੈ ਜਿੱਥੇ ਹਰ ਵਿਅਕਤੀ ਨੂੰ ਜ਼ਰੂਰੀ ਸਰੋਤਾਂ ਅਤੇ ਮੌਕਿਆਂ ਤੱਕ ਪਹੁੰਚਣ ਲਈ ਅੱਪਰਚਿਉਨਟੀ ਜ਼ਰੂਰ ਮਿਲੇ। ਇਹ ਸਨਮਾਨ ਉਹਨਾਂ ਦੀ ਸੰਸਥਾ ਅਤੇ ਇਸਦੀ ਸਮਰਪਿਤ ਟੀਮ ਲਈ ਆਪਣੇ ਪ੍ਰਭਾਵਸ਼ਾਲੀ ਕੰਮ ਨੂੰ ਜਾਰੀ ਰੱਖਣ ਅਤੇ ਮਨੁੱਖਤਾ ਦੀ ਸੇਵਾ ’ਚ ਹੋਰ ਉੱਚਾਈਆਂ ਤੱਕ ਪਹੁੰਚਣ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰੇਗਾ।
ਇਸ ਮੌਕੇ ਡਾ: ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ 733 ਕਿਸਾਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੁਨੀਆ ਭਰ ਦੇ ਬਹੁਤ ਸਾਰੇ ਨਾਗਰਿਕਾਂ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਡਾ: ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋ ਮੈਡੀਸਨ, ਵਾਤਾਵਰਨ ਅਤੇ ਸਿੱਖਿਆ ਦੇ ਖੇਤਰਾਂ ’ਚ ਹਾਲ ਹੀ ’ਚ ਕੀਤੇ ਚੰਗੇ ਯਤਨਾਂ ਲਈ ਵੀ ਸਲਾਹਿਆ ਗਿਆ।