ਰਾਸ਼ਟਰਪਤੀ ਨੇ ਬਾਲ ਪੁਰਸਕਾਰ ਵੰਡੇ

ਰਾਸ਼ਟਰਪਤੀ ਨੇ ਬਾਲ ਪੁਰਸਕਾਰ ਵੰਡੇ

ਨਵੀਂ ਦਿੱਲੀ- ਬੱਚਿਆਂ ਨੂੰ ਇਲੈਕਟ੍ਰੌਨਿਕ ਉਪਕਰਨਾਂ ਦਾ ਲੋੜੋਂ ਵੱਧ ਇਸਤੇਮਾਲ ਕਰਨ ਤੋਂ ਸਾਵਧਾਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਇਸ ਕਾਰਨ ਸਿਹਤ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਬੱਚਿਆਂ ਨੂੰ ਘੱਟੋ-ਘੱਟ ਕੋਈ ਇਕ ਖੇਡ ਅਪਨਾਉਣ ਲਈ ਪ੍ਰੇਰਿਆ। ਉਹ ਇੱਥੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਰਾਸ਼ਟਰਪਤੀ ਨੇ 18 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 19 ਬੱਚਿਆਂ ਨੂੰ ਪੁਰਸਕਾਰ ਦਿੱਤੇ। ਪੁਰਸਕਾਰ ਹਾਸਲ ਕਰਨ ਵਾਲੇ ਬੱਚਿਆਂ ਵਿੱਚ ਨੌਂ ਲੜਕੇ ਤੇ 10 ਲੜਕੀਆਂ ਸ਼ਾਮਲ ਸਨ, ਜਿਨ੍ਹਾਂ ਵਿੱਚ ਹਰਿਆਣਾ ਦੀ ਗਰਿਮਾ ਤੋਂ ਇਲਾਵਾ ਮਹਾਰਾਸ਼ਟਰ ਦਾ ਆਦਿੱਤਿਆ ਵਿਜੈ ਬ੍ਰਾਹਮਣ, ਰਾਜਸਥਾਨ ਦਾ ਆਰੀਅਨ ਸਿੰਘ, ਛੱਤੀਸਗੜ੍ਹ ਦਾ ਅਰਮਾਨ ਉਭਰਾਨੀ, ਉੱਤਰ ਪ੍ਰਦੇਸ਼ ਦੀ ਅਨੁਸ਼ਕਾ ਪਾਠਕ, ਪੱਛਮੀ ਬੰਗਾਲ ਤੋਂ ਅਰਿਜੀਤ ਬੈਨਰਜੀ, ਗੁਜਰਾਤ ਤੋਂ ਹੈਤਵੀ ਕਾਂਤੀਭਾਈ ਖਿਮਸੂਰੀਆ, ਜੰਮੂ ਕਸ਼ਮੀਰ ਦਾ ਇਸ਼ਫਾਕ ਹਾਮਿਦ, ਬਿਹਾਰ ਦਾ ਮੁਹੰਮਦ ਹੁਸੈਨ, ਤਿਲੰਗਾਨਾ ਦੀ ਪੈਂਡਲਿਆ ਲਕਸ਼ਮੀ ਪ੍ਰਿਆ, ਦਿੱਲੀ ਤੋਂ ਸੁਹਾਨੀ ਚੌਹਾਨ, ਮੱਧ ਪ੍ਰਦੇਸ਼ ਤੋਂ ਅਵਨੀਸ਼ ਤਿਵਾੜੀ, ਤ੍ਰਿਪੁਰਾ ਤੋਂ ਜਯੋਤਸਨਾ ਅਖਤਰ, ਅਸਾਮ ਤੋਂ ਸੰਯਮ ਮਜ਼ੂਮਦਰ, ਉੱਤਰ ਪ੍ਰਦੇਸ਼ ਤੋਂ ਆਦਿੱਤਿਆ ਯਾਦਵ, ਕਰਨਾਟਕ ਤੋਂ ਚਾਰਵੀ, ਅਰੁਣਾਚਲ ਪ੍ਰਦੇਸ਼ ਤੋਂ ਜੈਸਿਕਾ ਨੈਯੀ, ਮਨੀਪੁਰ ਤੋਂ ਲਿੰਥੋਈ ਚਨਾਂਬਮ ਅਤੇ ਆਂਧਰਾ ਪ੍ਰਦੇਸ਼ ਤੋਂ ਆਰ ਸੂਰਿਆ ਸ਼ਾਮਲ ਹਨ। ਰਾਸ਼ਟਰਪਤੀ ਨੇ ਤਕਨਾਲੋਜੀ ਦੇ ਜ਼ਿੰਮੇਵਾਰੀ ਨਾਲ ਇਸਤੇਮਾਲ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬੱਚਿਆਂ ਵੱਲੋਂ ਸਿੱਖਿਆ ਤੇ ਨਿੱਜੀ ਵਿਕਾਸ ਲਈ ਤਕਨਾਲੋਜੀ ਦੇ ਇਸਤੇਮਾਲ ਦੀ ਸ਼ਲਾਘਾ ਕੀਤੀ।