ਮਮਤਾ ਬੈਨਰਜੀ ਵੱਲੋਂ ਸਰਬ-ਧਰਮ ਸਦਭਾਵਨਾ ਰੈਲੀ

ਮਮਤਾ ਬੈਨਰਜੀ ਵੱਲੋਂ ਸਰਬ-ਧਰਮ ਸਦਭਾਵਨਾ ਰੈਲੀ

ਮੁੱਖ ਮੰਤਰੀ ਨੇ ਵੱਖ-ਵੱਖ ਧਾਰਮਿਕ ਥਾਵਾਂ ’ਤੇ ਮੱਥਾ ਟੇਕਿਆ; ਕਈ ਧਰਮਾਂ ਦੇ ਆਗੂ ਰੈਲੀ ਵਿੱਚ ਹੋਏ ਸ਼ਾਮਲ
ਕੋਲਕਾਤਾ- ਅਯੁੱਧਿਆ ਦੇ ਰਾਮ ਮੰਦਰ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਾਲੇ ਦਿਨ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਥੇ ਮੰਦਰ, ਮਜਸਿਦ, ਗਿਰਜਾਘਰ ਤੇ ਗੁਰਦੁਆਰੇ ਜਿਹੇ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਤੇ ਸਰਬ-ਧਰਮ ਰੈਲੀ ਦੀ ਅਗਵਾਈ ਕਰਦਿਆਂ ਧਾਰਮਿਕ ਸਦਭਾਵਨਾ ਲਈ ਸੰਕੇਤਕ ਯਾਤਰਾ ਕੀਤੀ।ਪੱਛਮੀ ਬੰਗਾਲ ’ਚ ਹਾਕਮ ਪਾਰਟੀ ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਦੇ ਪ੍ਰਮੁੱਖ ਮੈਂਬਰਾਂ ਤੇ ਵੱਖ ਵੱਖ ਧਾਰਮਿਕ ਆਗੂਆਂ ਨਾਲ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇੱਥੇ ਹਾਜ਼ਰਾ ਮੋੜ ਤੋਂ ‘ਸੰਗਤ ਮਾਰਚ’ ਸ਼ੁਰੂ ਕੀਤਾ। ਉਨ੍ਹਾਂ ਨਾਲ ਉਨ੍ਹਾਂ ਦੇ ਭਤੀਜੇ ਤੇ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਸਨ। ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਮਮਤਾ ਨੇ ਦੱਖਣੀ ਕੋਲਕਾਤਾ ’ਚ ਇਤਿਹਾਸਕ ਕਾਲੀਘਾਟ ਮੰਤਰ ’ਚ ਪੂਜਾ ਕੀਤੀ ਅਤੇ ਨਾਲ ਹੀ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਹਾਜ਼ਰਾ ਮੋੜ ਤੋਂ ਸਰਬ-ਧਰਮ ਸਦਭਾਵ ਰੈਲੀ ਸ਼ੁਰੂ ਕੀਤੀ ਜੋ ਪਾਰਕ ਸਰਕਰ ਮੈਦਾਨ ਵੱਲ ਗਈ। ਰਸਤੇ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਮਮਤਾ ਬੈਨਰਜੀ ਦਾ ਸਵਾਗਤ ਕੀਤਾ। ਇਹ ਰੈਲੀ ਪਾਰਕ ਸਰਕਸ ਮੈਦਾਨ ਪਹੁੰਚ ਕੇ ਸਮਾਪਤ ਹੋਈ ਜਿੱਥੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਮਾਰਚ ਦੌਰਾਨ ਬੈਨਰਜੀ ਨੇ ਗੁਰਦੁਆਰੇ, ਗਿਰਜਾਘਰ ਤੇ ਪਾਰਕ ਸਰਕਸ ਮੈਦਾਨ ਨੇੜੇ ਇੱਕ ਮਸਜਿਦ ’ਚ ਵੀ ਮੱਥਾ ਟੇਕਿਆ। ਉਨ੍ਹਾਂ ਦੇ ਇਸ ਮਾਰਚ ਦਾ ਮਕਸਦ ਸੂਬੇ ’ਚ ਫਿਰਕੂ ਸਦਭਾਵਨਾ ਨੂੰ ਹੁਲਾਰਾ ਦੇਣਾ ਹੈ।