ਫਿਲਮੀ ਸਿਤਾਰਿਆਂ ਨੇ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ’ਚ ਲਗਵਾਈ ਭਰਵੀਂ ਹਾਜ਼ਰੀ

ਫਿਲਮੀ ਸਿਤਾਰਿਆਂ ਨੇ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ’ਚ ਲਗਵਾਈ ਭਰਵੀਂ ਹਾਜ਼ਰੀ

ਕਈਆਂ ਨੇ ਤਸਵੀਰਾਂ ਕੀਤੀਆਂ ਸਾਂਝੀਆਂ; ਕਈ ਮੰਦਰ ਦੇ ਦਰਸ਼ਨ ਕਰਕੇ ਹੋਏ ਭਾਵੁਕ
ਅਯੁੱਧਿਆ (ਉਤਰ ਪ੍ਰਦੇਸ਼)- ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅੱਜ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਅਦਾਕਾਰਾ ਮਾਧੁਰੀ ਦੀਕਸ਼ਿਤ, ਵਿੱਕੀ ਕੌਸ਼ਲ, ਕੈਟਰੀਨਾ ਕੈਫ਼, ਆਯੁਸ਼ਮਾਨ ਖੁਰਾਣਾ, ਰਣਬੀਰ ਕਪੂਰ, ਆਲੀਆ ਭੱਟ, ਰਾਜਕੁਮਾਰ ਹਿਰਾਨੀ ਤੇ ਸੁਨੀਲ ਸ਼ੈੱਟੀ ਇਸ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਕੰਗਨਾ ਰਣੌਤ, ਮਧੁਰ ਭੰਡਾਰਕਰ ਤੇ ਅਨੁਪਮ ਖੇਰ ਨੇ ਵੀ ਮੰਦਰ ਦੇ ਦਰਸ਼ਨ ਕੀਤੇ।
ਫਿਲਮ ਜਗਤ ਦੀਆਂ ਹਸਤੀਆਂ ਤੋਂ ਬਿਨਾਂ ਖੇਡ ਜਗਤ, ਸੰਤ ਸਮਾਜ ਤੇ ਹੋਰ ਸਮਾਜਕ, ਧਾਰਮਿਕ ਅਦਾਰਿਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਪਹੁੰਚੇ ਬੱਚਨ ਪਿਓ-ਪੁੱਤਰ ਦੀ ਜੋੜੀ ਨੇ ਕਰੀਮ ਰੰਗ ਦੇ ਕੁੜਤੇ ਪਜਾਮੇ ਨਾਲ ਸ਼ਾਲ ਲਏ ਹੋਏ ਸਨ। ਇਸ ਤੋਂ ਬਿਨਾਂ ਅਦਾਕਾਰ ਮਹੇਸ਼ ਬਾਬੂ ਨੇ ਵੀ ਸਾਰਿਆਂ ਨੂੰ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਵਧਾਈਆਂ ਦਿੱਤੀਆਂ। ਕਈ ਫਿਲਮੀ ਸਿਤਾਰੀਆਂ ਨੇ ਮੰਦਰ ਦੇ ਦਰਸ਼ਨ ਕਰਨ ਸਬੰਧੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਕਿ ਕਈ ਫਿਲਮੀ ਹਸਤੀਆਂ ਮੰਦਰ ਦੇ ਦਰਸ਼ਨ ਕਰਕੇ ਹੋਏ ਭਾਵੁਕ ਵੀ ਹੋਏ। ਅਯੁੱਧਿਆ ਵਿੱਚ ਨਵੇਂ ਬਣੇ ਰਾਮ ਜਨਮ ਭੂਮੀ ਮੰਦਰ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਗਾਇਕ ਸੋਨੂ ਨਿਗਮ ਭਾਵੁਕ ਹੋ ਗਿਆ। ਉਸ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਭੀ ਕੁਛ ਬੋਲਨੇ ਕੋ ਹੈ ਨਹੀਂ, ਬਸ ਯਹੀ (ਹੰਝੂ) ਬੋਲਨੇ ਕੋ ਹੈਂ। ਦੱਸਣਾ ਬਣਦਾ ਹੈ ਕਿ ਸੋਨੂ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ‘ਰਾਮ ਸੀਆ ਰਾਮ’ ਭਜਨ ਗਾਇਆ ਸੀ। ਇਸ ਸਮਾਗਮ ਵਿੱਚ ਅਦਾਕਾਰ ਰਜਨੀਕਾਂਤ, ਵਿਵੇਕ ਓਬਰਾਏ, ਕੇ ਚਿਰੰਜੀਵੀ ਤੇ ਰਾਮ ਚਰਨ ਨੇ ਵੀ ਸ਼ਿਰਕਤ ਕੀਤੀ।
ਅਦਾਕਾਰਾ ਦੀਪਿਕਾ ਪਾਦੂਕੋਨ ਨੇ ਸੋਸ਼ਲ ਮੀਡੀਆ ’ਤੇ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖੇਡ ਜਗਤ ਵਿੱਚੋਂ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ, ਸਾਬਕਾ ਖਿਡਾਰਨ ਮਿਥਾਲੀ ਰਾਜ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੇ ਸਾਬਕਾ ਅਥਲੀਟ ਪੀਟੀ ਊਸ਼ਾ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ।