ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ ਨਿਸ਼ਾਨੇ ਸੇਧੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਹਰਮੀਤ ਸਿੰਘ ਕਾਲਕਾ ਨੇ ਕਿਹਾ,‘‘ਤੁਹਾਡੀ ਤੇ ਤੁਹਾਡੇ ‘ਗੋਲਕ ਦੇ ਯਾਰ’ ਨੇ ਤਿੰਨ ਦਹਾਕਿਆਂ ਵਿੱਚ ਕਦੇ ਵੀ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਉਣ ਦਾ ਵਿਰੋਧ ਨਹੀਂ ਕੀਤਾ, ਨਾ ਤੁਸੀਂ ਕਦੇ ਬਰਗਾੜੀ ਮਾਮਲੇ ਦੇ ਇਨਸਾਫ ਦੀ ਗੱਲ ਕੀਤੀ ਤੇ ਨਾ ਹੀ ਕਦੇ 328 ਸਰੂਪ ਗਾਇਬ ਹੋਣ ਦੇ ਮਾਮਲੇ ਦੀ ਗੱਲ ਕੀਤੀ। ਹੁਣ ਜਦੋਂ ਬਰਗਾੜੀ ਅਤੇ ਭਾਈ ਕਾਉਂਕੇ ਦੇ ਇਨਸਾਫ ਦੀ ਗੱਲ ਚੁੱਕ ਰਹੇ ਹਾਂ ਤਾਂ ਤੁਹਾਨੂੰ ਇਹ ਬਹੁਤ ਰੜਕ ਰਹੀ ਹੈ।’’ ਉਨ੍ਹਾਂ ਕਿਹਾ ਕਿ ਸਰਨਾ ਸੰਗਤ ਨੂੰ ਦੱਸਣ ਕਿ ਉਹ ਭਾਈ ਕਾਉਂਕੇ ਨੂੰ ਫਖ਼ਰ-ਏ ਕੌਮ ਐਵਾਰਡ ਦੇਣ ਦੀ ਮੰਗ ਦਾ ਵਿਰੋਧ ਕਿਉਂ ਕਰ ਰਹੇ ਹਨ?