ਧੀਆਂ ਤੋਂ ਵਧ ਕੇ ਨਹੀਂ ਅਣਖ

ਧੀਆਂ ਤੋਂ ਵਧ ਕੇ ਨਹੀਂ ਅਣਖ

ਕੰਵਲਜੀਤ ਖੰਨਾ

ਮੌਜੂਦਾ ਸਮੇਂ ਮਾਪਿਆਂ ਤੋਂ ਬਾਹਰੀ ਹੋ ਕੇ ਕੀਤੇ ਵਿਆਹਾਂ ਕਾਰਨ ਅਣਖ ਖ਼ਾਤਰ ਕਤਲ ਕਰਨ ਦਾ ਵਰਤਾਰਾ ਕਾਫ਼ੀ ਵਧ ਗਿਆ ਹੈ। ਮਾਪਿਆਂ ਨੂੰ ਲਗਦਾ ਹੈ ਕਿ ਧੀ-ਪੁੱਤ ਨੇ ਆਪਣੀ ਮਰਜ਼ੀ ਕਰਕੇ ਸਮਾਜ ’ਚ ਸਾਡੀ ਨੱਕ ਵਢਾ ਦਿੱਤੀ ਹੈ। ਸਾਨੂੰ ਹੁਣ ਸਿਰ ਨੀਵਾਂ ਕਰਕੇ ਤੁਰਨਾ ਪਊ। ਫਿਰ ਆਪਣੇ ਧੀ-ਪੁੱਤ ਨੂੰ ਮਾਰ ਕੇ ਉਹ ਸਮਝਦੇ ਹਨ ਕਿ ਹੁਣ ਉਨ੍ਹਾਂ ਦਾ ਸਿਰ ਉੱਚਾ ਹੋ ਗਿਆ ਹੈ। ਧਰਮ, ਕਬੀਲੇ ਜਾਂ ਸਮਾਜ ਦੇ ਕਿਸੇ ਹਿੱਸੇ ਦੇ ਭਾਈਚਾਰਕ ਕਾਨੂੰਨ ਦੀ ਪਾਲਣਾ ਨਾ ਕਰਨ ਕਰਕੇ ਵੀ ਅਜਿਹੇ ਕਤਲ ਕੀਤੇ ਜਾਂਦੇ ਹਨ।

ਅਣਖ ਦੇ ਨਾਂ ’ਤੇ ਕਿਸੇ ਤੋਂ ਵੀ ਜਿਊਣ ਦਾ ਹੱਕ ਖੋਹ ਲੈਣ ਦੀ ਇਹ ਕੁਪ੍ਰਥਾ ਮੱਧਯੁਗ ਤੋਂ ਚੱਲੀ ਆ ਰਹੀ ਹੈ। ਬਾਲਗ ਹੋਏ ਬੱਚਿਆਂ ਨੂੰ ਇਕੱਠਿਆਂ ਰਹਿਣ, ਜਿਊਣ, ਜ਼ਿੰਦਗੀ ਮਾਣਨ ਦੀ ਧਾਰਨਾ ਨੂੰ ਪੱਛਮ ਦਾ ਸੰਕਲਪ ਮੰਨਿਆ ਜਾਂਦਾ ਹੈ। ਜਦੋਂਕਿ ਦਸਵੇਂ ਗੁਰੂ ਸਹਿਬਾਨ ਵੱਲੋਂ ਖਾਲਸਾ ਪੰਥ ਸਾਜਣ, ਇੱਕੋ ਬਾਟੇ ’ਚੋਂ ਅੰਮ੍ਰਿਤ ਛਕਾਉਣ ਦੇ ਬਾਵਜੂਦ ਜਾਤ ਪ੍ਰਥਾ ਦੀਆਂ ਜੜ੍ਹਾਂ ਭਾਰਤੀ ਸਮਾਜ ’ਚ ਅਜੇ ਵੀ ਡੂੰਘੀਆਂ ਧੱਸੀਆਂ ਹੋਈਆਂ ਹਨ। ਇੱਕ ਅਜੀਬ ਵਰਤਾਰਾ ਹੈ ਕਿ ਫੋਕੀ ਇੱਜ਼ਤ ਖ਼ਾਤਰ ਖੂਨ ਪਾਣੀ ਬਣ ਜਾਂਦਾ ਹੈ। ਅਜਿਹਾ ਕਰਨ ਵਾਲੇ ਆਪਣੇ ਆਪ ਨੂੰ ਨਾਇਕ ਸਮਝਦੇ ਹਨ।

ਉਂਝ ਅਣਖ ਖ਼ਾਤਰ ਕਤਲ ਜ਼ਿਆਦਾਤਰ ਏਸ਼ਿਆਈ ਮਹਾਂਦੀਪ, ਖ਼ਾਸ ਕਰ ਕੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਨਾਲ ਜੁੜੇ ਹੋਏ ਹਨ। ਯੂਐੱਨਓ ਦੇ 2000 ਦੇ ਇੱਕ ਅੰਦਾਜ਼ੇ ਮੁਤਾਬਿਕ ਹਰ ਸਾਲ ਪੰਜ ਹਜ਼ਾਰ ਔਰਤਾਂ ਦਾ ਕਤਲ ਅਣਖ ਕਾਰਨ ਕੀਤਾ ਜਾਂਦਾ ਹੈ। ਅਣਖ ਖ਼ਾਤਰ ਕਤਲ ਸਿਰਫ਼ ਇੱਕ ਮਾਤਰ ਅਪਰਾਧ ਦਾ ਰੂਪ ਨਹੀਂ ਹੈ। ਤੇਜ਼ਾਬੀ ਹਮਲੇ, ਅਗਵਾ ਕਰਨਾ, ਬਲਾਤਕਾਰ, ਛੇੜਛਾੜ ਤੇ ਕੁੱਟਮਾਰ ਕਰਨਾ ਵੀ ਇਸੇ ਘੇਰੇ ’ਚ ਆਉਂਦਾ ਹੈ। ਭਾਰਤ ’ਚ ਤਾਂ ਅਜਿਹੇ ਕੇਸਾਂ ਦੀ ਗਿਣਤੀ ਹੀ ਦਰਜ ਨਹੀਂ ਹੈ। ਇਕੱਲੇ ਇੰਗਲੈਂਡ ਵਿੱਚ 2010 ’ਚ ਪੁਲੀਸ ਨੇ 2823 ਅਜਿਹੇ ਕਤਲ ਤੇ ਕੁੱਟਮਾਰ ਦੇ ਕੇਸ ਦਰਜ ਕੀਤੇ ਸਨ। ਸਾਡੇ ਦੇਸ਼ ਦੇ ਉੱਤਰੀ ਸੂਬਿਆਂ ’ਚ ਖ਼ਾਸ ਕਰ ਕੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਝਾਰਖੰਡ, ਪੰਜਾਬ ਅਤੇ ਦੱਖਣ ਦੇ ਕਰਨਾਟਕ ’ਚ ਇਹ ਕੁਪ੍ਰਥਾ ਕਾਫ਼ੀ ਡੂੰਘੀ ਹੈ। ਕਰਨਾਟਕ ਵਿੱਚ ਪਿਛਲੇ ਸਾਲ ’ਚ ਅਣਖ ਖ਼ਾਤਰ ਸੱਤ ਕਤਲ ਹੋਏ ਹਨ। ਕਰਨਾਟਕ ਦੇ ਸੀਨੀਅਰ ਵਕੀਲ ਬੀ.ਕੇ. ਸਵਾਮੀ ਦਾ ਕਹਿਣਾ ਹੈ ਕਿ ਕਰਨਾਟਕ ’ਚ ਅਣਖ ਖ਼ਾਤਰ ਕਤਲ ਦਾ ਵਰਤਾਰਾ ਨਵਾਂ ਨਹੀਂ ਹੈ। 12ਵੀਂ ਸਦੀ ਵਿੱਚ ਸਮਾਜ ਸੁਧਾਰਕ ਬਸਵੰਨਾ ਨੇ ਵੀ ਇਸ ਖ਼ਿਲਾਫ਼ ਆਵਾਜ਼ ਉਠਾਈ ਸੀ। ਅੰਤਰਜਾਤੀ ਵਿਆਹ ਕਰਨ ਵਾਲਿਆਂ ਨੂੰ ਜੋ ਸਜ਼ਾ ਦਿੱਤੀ ਜਾਂਦੀ ਸੀ, ਉਸ ਨੂੰ ‘ਯੇਲੋ ਹੂਤੂ’ ਕਹਿੰਦੇ ਸਨ। ਇਸ ਵਿੱਚ ਔਰਤ ਵੱਲੋਂ ਹੇਠਲੀ ਜਾਤੀ ਦੇ ਬੰਦੇ ਨਾਲ ਵਿਆਹ ਕਰਵਾਉਣ ਦੇ ਦੋਸ਼ ’ਚ ਉਸ ਨੂੰ ਹਾਥੀ ਦੀ ਲੱਤ ਨਾਲ ਬੰਨ੍ਹ ਕੇ ਪਿੰਡ ’ਚ ਘੜੀਸਿਆ ਜਾਂਦਾ ਸੀ ਤੇ ਤੜਫ਼ ਤੜਫ਼ ਕੇ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ। ਸ਼ਾਇਦ ਇਸੇ ਤਰਜ਼ ’ਤੇ ਅੰਮ੍ਰਿਤਸਰ ਦੇ ਇੱਕ ਪਿੰਡ ’ਚ ਕੁੱਝ ਮਹੀਨੇ ਪਹਿਲਾਂ ਪਿਓ ਵੱਲੋਂ ਆਪਣੀ ਧੀ ਨੂੰ ਮਾਰ ਕੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿੱਚ ਘੜੀਸਿਆ ਗਿਆ ਸੀ। ਮੱਧ ਪ੍ਰਦੇਸ਼ ਦੇ ਮੌਲਾਨਾ ਜ਼ਿਲ੍ਹੇ ਦੇ ਪਿੰਡ ਰਤਨਹੇੜੀ ’ਚ ਇੱਕ ਬਾਪ ਨੇ ਅਪਣੀ 18 ਸਾਲਾ ਧੀ ਅਤੇ ਉਸ ਦੇ ਪ੍ਰੇਮੀ ਨੂੰ ਚੰਬਲ ਨਦੀ ’ਚ ਡੁਬੋ ਕੇ ਮਗਰਮੱਛਾਂ ਦਾ ਖਾਣਾ ਬਣਾਇਆ ਸੀ। ਪਿਛਲੇ ਪੰਜ ਸਾਲਾਂ ’ਚ 195 ਕਤਲ ਅਣਖ ਖ਼ਾਤਰ ਹੋਏ।

ਪੰਜਾਬ ਦੀ ਇੰਡੋ-ਕੈਨੇਡੀਅਨ ਮੁਟਿਆਰ ਜੱਸੀ ਸਿੱਧੂ ਕੇਸ ਵੀ ਇਸ ਤਰ੍ਹਾਂ ਦਾ ਹੀ ਹੈ। ਮਈ 2023 ਵਿੱਚ ਬਰਨਾਲਾ ਦੇ ਪਿੰਡ ਠੀਕਰੀਵਾਲਾ ’ਚ ਮਨਪ੍ਰੀਤ ਕੌਰ ਤੇ ਗੁਰਦੀਪ ਸਿੰਘ ਦੀਆਂ ਲਾਸ਼ਾਂ ਮਿਲੀਆਂ। ਕੁੜੀ ਦੇ ਬਾਪ ਅਤੇ ਭਰਾ ਨੇ ਤਿੱਖੇ ਹਥਿਆਰ ਨਾਲ ਦੋਵਾਂ ਦਾ ਕਤਲ ਕਰ ਦਿੱਤਾ। ਨਵੰਬਰ ਮਹੀਨੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ। ਇੱਕ ਪੁਲੀਸ ਮੁਲਾਜ਼ਮ ਅਤੇ ਉਸ ਦੀ ਪਤਨੀ ਦਾ ਪਿੰਡ ਤੁੰਗਵਾਲੀ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਰਿਆਣਾ ਦੇ ਰੋਹਤਕ ਦੇ ਇੱਕ ਪਿੰਡ ’ਚ ਕੁੜੀ ਦੇ ਪ੍ਰੇਮੀ ਨੇ ਉਸ ਦੇ ਪਤੀ ਦੀ ਬੇਇੱਜ਼ਤੀ ਤੇ ਕੁੱਟਮਾਰ ਕੀਤੀ। ਪਰਿਵਾਰ ਨੇ ਕੁੜੀ ਦਾ ਕਤਲ ਕਰ ਦਿੱਤਾ ਤੇ ਲਾਸ਼ ਦਾ ਜਲਦੀ ਸਸਕਾਰ ਕਰ ਦਿੱਤਾ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਬਾਜ਼ੀਗਰ ਪਿੰਡ ’ਚ ਆਪਣੇ ਹੀ ਪਿੰਡ ਦੇ ਲੜਕੇ ਨਾਲ ਵਿਆਹ ਕਰਾਉਣ ’ਤੇ ਲੜਕੀ ਦੇ ਚਾਚੇ ਨੇ ਲੜਕੀ ਨੂੰ ਘਰ ’ਚੋਂ ਬਾਹਰ ਘੜੀਸ ਕੇ ਗਲਾ ਰੇਤ ਦਿੱਤਾ। ਲੜਕੀ ਦਾ ਕਸੂਰ ਸੀ ਕਿ ਜਿਸ ਲੜਕੇ ਨਾਲ ਉਸ ਨੇ ਵਿਆਹ ਕਰਾਇਆ ਉਹ ਕਿਸੇ ਹੋਰ ਜਾਤ ਦਾ ਸੀ।

ਅਜਿਹੇ ਕਤਲਾਂ ਨੂੰ ਆਮ ਕਤਲ ਵਜੋਂ ਹੀ ਦਰਜ ਕੀਤਾ ਜਾਂਦਾ ਹੈ। ਸੰਵਿਧਾਨ ਦੀ ਧਾਰਾ 14 ਅਤੇ 15 ’ਚ ਸਮਾਨਤਾ ਦਾ ਅਧਿਕਾਰ ਦਰਜ ਹੈ ਤੇ ਉਹ ਧਰਮ, ਜਾਤ, ਨਸਲ, ਲਿੰਗ, ਧਰਮ ਦੇ ਆਧਾਰ ’ਤੇ ਵਿਤਕਰੇ ਦੀ ਇਜਾਜ਼ਤ ਨਹੀਂ ਦਿੰਦਾ। ਧਾਰਾ 19 ਆਜ਼ਾਦੀ ਦਾ ਹੱਕ ਅਤੇ ਧਾਰਾ 21 ਜਿਊਣ ਦਾ ਹੱਕ ਦਿੰਦੀ ਹੈ। ਅਣਖ ਦੀ ਆੜ ਵਿੱਚ ਕਤਲਾਂ ਖ਼ਿਲਾਫ਼ ਵਿਸ਼ੇਸ਼ ਵਿਵਸਥਾ ਜਾਂ ਧਾਰਾ ਨਾ ਹੋਣ ਕਾਰਨ ਇਹ ਜ਼ੁਰਮ ਆਈਪੀਸੀ ਦੀਆਂ ਧਾਰਾਵਾਂ 299 ਤੋਂ ਲੈ ਕੇ 304 ਤੱਕ ਹੀ ਸੀਮਤ ਹੁੰਦੇ ਹਨ। ਸੁਪਰੀਮ ਕੋਰਟ ’ਚ ਇਨ੍ਹਾਂ ਮਾਮਲਿਆਂ ’ਚ ਸਖ਼ਤ ਟਿੱਪਣੀਆਂ ਤਾਂ ਜੱਜ ਸਹਿਬਾਨ ਨੇ ਕੀਤੀਆਂ ਹਨ, ਪਰ ਨਿਪਟਾਰਾ ਜਾਂ ਠੋਸ ਸਿੱਟਾ ਕੋਈ ਨਹੀਂ ਹੈ।

ਅਸਲ ’ਚ ਅਣਖ ਖ਼ਾਤਰ ਕਤਲਾਂ ਪਿੱਛੇ ਸਭ ਤੋਂ ਵੱਡਾ ਕਾਰਨ ਔਰਤ ਵਰਗ ਪ੍ਰਤੀ ਸਾਡੇ ਸਮਾਜ ਦੀ ਪੱਛੜੀ ਤੇ ਵੇਲਾ ਵਿਹਾ ਚੁੱਕੀ ਮਾਨਸਿਕਤਾ ਹੈ। ਮਰਦ ਪ੍ਰਧਾਨ ਸਮਾਜ ’ਚ ਔਰਤ ਨੂੰ ਪਰਦੇ ’ਚ ਰੱਖਣ, ਮਰਜ਼ੀ ਤੋਂ ਬਿਨਾਂ ਘਰ ’ਚੋਂ ਪੈਰ ਬਾਹਰ ਨਾ ਧਰਨ ਦੇਣ, ਘਰ ਦੀ ਮਰਜ਼ੀ ਤੇ ਮਨਜ਼ੂਰੀ ਮੁਤਾਬਿਕ ਵਿਆਹ ਕਰਵਾਉਣ, ਹਰ ਵੇਲੇ ਨੀਵੀਂ ਪਾ ਕੇ ਰੱਖਣ, ਬੱਚੇ ਜੰਮਣ ਵਾਲੀ ਮਸ਼ੀਨ ਤੇ ਭੋਗਣ ਦੀ ਵਸਤੂ ਸਮਝੀ ਜਾਣ ਵਾਲੀ ਔਰਤ ਸਚਮੁੱਚ ਕੈਦੀ ਹੈ। ਜਗੀਰੂ ਬੇੜੀਆਂ ’ਚ ਉਲਝੀ ਔਰਤ ਦੇ ਕੰਨ, ਨੱਕ ਜਾਨਵਰਾਂ ਵਾਂਗ ਵਿੰਨ੍ਹ ਕੇ ਰੱਖਣ, ਪੈਰਾਂ ’ਚ ਝਾਂਜਰ ਦੇ ਨਾਂ ’ਤੇ ਬੇੜੀਆਂ, ਹੱਥਾਂ ’ਚ ਵੰਗਾਂ ਦੇ ਨਾਂ ’ਤੇ ਹੱਥਕੜੀਆਂ ਔਰਤ ਦੇ ਗ਼ੁਲਾਮ ਹੋਣ ਦੇ ਚਿੰਨ੍ਹ ਮਾਤਰ ਹਨ। ਰਾਜੇ ਮਹਾਰਾਜਿਆਂ ਦੇ ਹਰਮਾਂ ’ਚ ਕਈ ਕਈ ਰਾਣੀਆਂ, ਔਰਤਾਂ ਦੇ ਮੁਜਰੇ, ਨਾਚ ਗਾਣੇ, ਬਲਾਤਕਾਰ ਦੀ ਕੜੀ ਹੁਣ ਨੰਗੇ ਜਿਸਮਾਂ ਦੀ ਨੁਮਾਇਸ਼, ਸੇਲ ਵਧਾਉਣ ਲਈ ਘੱਟ ਕੱਪੜਿਆਂ ਵਾਲੀਆਂ ਕੁੜੀਆਂ ਦੇ ਸ਼ੋਅ ਰਾਹੀਂ ਜਗੀਰੂ ਤੇ ਪੂੰਜੀਵਾਦੀ ਸੱਭਿਆਚਾਰ ਦਾ ਜੋੜ ਮੇਲ ਹੈ।

ਸਭ ਦੇ ਕੇਂਦਰ ’ਚ ਪਿਸ ਔਰਤ ਹੀ ਰਹੀ ਹੈ। ਅਸੀਂ ਖੁੱਲ੍ਹ ਵੀ ਭਾਲਦੇ ਹਾਂ, ਮੌਜਮਸਤੀ ਵੀ ਲੱਭਦੇ ਹਾਂ, ਪਰ ਦੂਜੀਆਂ ਕੁੜੀਆਂ ਨਾਲ। ਆਪਣੀਆਂ ਧੀਆਂ ਸੁਰੱਖਿਅਤ ਰਹਿਣ। ਉਨ੍ਹਾਂ ਵੱਲ ਕੋਈ ਦੇਖੇ ਤਾਂ ਅੱਖਾਂ ਕੱਢ ਦਿਆਂਗੇ। ਅਣਖ ਖ਼ਾਤਰ ਕਤਲ ਦੀ ਫੋਕੀ ਟੌਹਰ, ਨਕਲੀ ਅਭਿਮਾਨ ਹੌਲੀ ਹੌਲੀ ਖੁਰਦਾ ਤਾਂ ਜਾ ਰਿਹਾ ਹੈ, ਪਰ ਅਜੇ ਵੀ ਜਦੋਂ ਕਿਸੇ ਧੀ ਨੂੰ ਆਪਣੀ ਆਜ਼ਾਦ ਹਸਤੀ ਤੇ ਹਯਾਤੀ ਹਾਸਲ ਕਰਨ ਦੇ ਕਸੂਰ ’ਚ ਮਾਰ ਦਿੱਤਾ ਜਾਂਦਾ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਅਜਿਹਾ ਕੁੱਝ ਬਰਦਾਸ਼ਤ ਕਰਨਾ ਸਮਾਜ ਦੀ ਸੱਚੀ ਸੁੱਚੀ ਅਣਖ ’ਤੇ ਸਵਾਲ ਖੜ੍ਹਾ ਕਰਦਾ ਹੈ। ਅਣਖੀ ਸਮਾਜ ਤਾਂ ਔਰਤ ਦਾ ਰੁਤਬਾ ਬਰਾਬਰ ਬਣਾਉਣ, ਜ਼ਿੰਦਗੀ ਦੇ ਹਰ ਖੇਤਰ ’ਚ ਉਸ ਦਾ ਮਾਨ ਸਨਮਾਨ ਸਰਵਉੱਚ ਰੱਖਣ, ਪੈਦਾਵਾਰ ਦੇ ਸਮਾਜਿਕ ਅਮਲ ’ਚ ਬਰਾਬਰੀ ਦੇਣ ਦਾ ਕਾਰਜ ਅਸਲ ’ਚ ਅਣਖ਼ ਦਾ ਸਵਾਲ ਬਣਨਾ ਚਾਹੀਦਾ ਹੈ। ਮਰਦ ਆਜ਼ਾਦ, ਪਰ ਜੱਗ ਦੀ ਜਨਨੀ ਔਰਤ ਗ਼ੁਲਾਮ। ਇਹ ਕੋਈ ਸਮਾਜ ਹੈ? ਸਮਾਜ ਦੀ ਗ਼ੈਰਤ, ਅਣਖ ਸਭ ਲਈ ਅਸਲ ਆਜ਼ਾਦੀ ਤੇ ਬਰਾਬਰੀ ਹੈ। ਸਾਡਾ ਨਿਸ਼ਾਨਾ ਸਭ ਲਈ ਜਾਤ ਦੇ ਵਿਤਕਰੇ, ਧਰਮ ਦੇ ਵਖਰੇਵੇਂ ਤੋਂ ਦੂਰ, ਅਮੀਰ- ਗ਼ਰੀਬ ਦੇ ਭੇਦ-ਭਾਵ ਤੋਂ ਵੱਖਰਾ ਸਮਾਨਤਾ ਵਾਲਾ ਸਮਾਜ ਅਤੇ ਸਿਆਸੀ ਪ੍ਰਬੰਧ ਹੈ।