ਅਮਰੀਕਾ ’ਚ ਪੈ ਰਹੀ ਹੈ ਹੱਡ ਚੀਰਵੀਂ ਠੰਡ, ਕਈ ਥਾਵਾਂ ਤੇ ਤਾਪਮਾਨ ਸਿਫ਼ਰ ਤੋਂ ਹੇਠਾਂ, 4 ਲੋਕਾਂ ਦੀ ਮੌਤ

ਅਮਰੀਕਾ ’ਚ ਪੈ ਰਹੀ ਹੈ ਹੱਡ ਚੀਰਵੀਂ ਠੰਡ, ਕਈ ਥਾਵਾਂ ਤੇ ਤਾਪਮਾਨ ਸਿਫ਼ਰ ਤੋਂ ਹੇਠਾਂ, 4 ਲੋਕਾਂ ਦੀ ਮੌਤ

ਨਿਊਯਾਰਕ : ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਹੋਣ ਕਾਰਨ ਲੱਖਾਂ ਅਮਰੀਕੀ ਖ਼ਤਰਨਾਕ ਠੰਡ ਦਾ ਸਾਹਮਣਾ ਕਰ ਰਹੇ ਹਨ ਅਤੇ ਆਰਕਟਿਕ ਤੋਂ ਆ ਰਹੇ ਤੂਫਾਨਾਂ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਤੂਫ਼ਾਨ ਨੇ ਉੱਤਰ-ਪੱਛਮ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਇਆ ਹੈ। ਦੱਖਣੀ ਖੇਤਰਾਂ ਵਿੱਚ ਬਰਫਬਾਰੀ ਹੋਈ ਅਤੇ ਉੱਤਰ-ਪੂਰਬ ਵਿੱਚ ਬਰਫੀਲੇ ਤੂਫ਼ਾਨ ਕਾਰਨ ਨੈਸ਼ਨਲ ਫੁੱਟਬਾਲ ਲੀਗ (N6L) ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਐਤਵਾਰ ਨੂੰ ਤਾਪਮਾਨ ਸਿਫ਼ਰ ਤੋਂ 17 ਸੈਲਸੀਅਸ ਹੇਠਾਂ ਡਿੱਗਣ ਕਾਰਨ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਮੌਸਮ ਸਬੰਧੀ ਚੇਤਾਵਨੀਆਂ ਅਤੇ ਸਲਾਹਾਂ ਜਾਰੀ ਕੀਤੀਆਂ ਗਈਆਂ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਉੱਤਰੀ ਟੈਕਸਾਸ ਦੇ ਨਾਲ-ਨਾਲ ਦੱਖਣੀ ਟੈਕਸਾਸ ’ਚ ਵੀ ਠੰਡ ਪੈਣ ਦੀ ਸੰਭਾਵਨਾ ਹੈ, ਜਦਕਿ ਮੋਂਟਾਨਾ ਅਤੇ ਡਕੋਟਾ ’ਚ ਤਾਪਮਾਨ ਸਿਫ਼ਰ ਤੋਂ 56 ਸੈਲਸੀਅਸ ਦਰਜ ਕੀਤਾ ਗਿਆ। ਸਾਊਥ ਡਕੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ।
ਨਿਊਯਾਰਕ ਦੇ ਬਫੇਲੋ ਵਿੱਚ ਇੱਕ ਤੋਂ ਦੋ ਫੁੱਟ ਬਰਫਬਾਰੀ ਦੀ ਸੰਭਾਵਨਾ ਸੀ ਅਤੇ ਅਧਿਕਾਰੀਆਂ ਨੇ ਗੰਭੀਰ ਮੌਸਮ ਦੇ ਕਾਰਨ ਐਤਵਾਰ ਤੋਂ ਸੋਮਵਾਰ ਤੱਕ ਬਫੇਲੋ ਬਿਲਸ-ਪਿਟਸਬਰਗ ਸਟੀਲਰਸ ਐੱਨ.ਐੱਫ.ਐੱਲ. ਪਲੇਆਫ ਗੇਮ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ। ਬਫੇਲੋ ’ਚ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਅਤੇ ਦੋ ਇੰਚ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਰਫ ਡਿੱਗ ਰਹੀ ਸੀ। ਮੈਰੀਲੈਂਡ ਦੇ ਕਾਲਜ ਪਾਰਕ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਇੱਕ ਮੌਸਮ ਵਿਗਿਆਨੀ ਜੈਕ ਟੇਲਰ ਨੇ ਚੇਤਾਵਨੀ ਦਿੱਤੀ ਕਿ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਖ਼ਰਾਬ ਮੌਸਮ ਕਾਰਨ ਹਵਾਈ ਆਵਾਜਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਸ਼ਨੀਵਾਰ ਨੂੰ ਓਰੇਗਨ ਵਿੱਚ 100 ਦਰੱਖਤ ਡਿੱਗ ਗਏ। ਇਨ੍ਹਾਂ ’ਚੋਂ ਇਕ ਦਰੱਖਤ ਇਕ ਘਰ ’ਤੇ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। 2 ਹੋਰ ਲੋਕਾਂ ਦੀ ਮੌਤ ਸ਼ੱਕੀ ਹਾਈਪੋਥਰਮੀਆ (ਜ਼ਿਆਦਾ ਠੰਡ ਦੇ ਕਾਰਨ) ਕਾਰਨ ਹੋ ਗਈ। ਇਸ ਤੋਂ ਇਲਾਵਾ ਇਕ ਦਰੱਖਤ ਦੇ ਸਟੋਵ ’ਤੇ ਡਿੱਗਣ ਅਤੇ ਅੱਗ ਫੈਲਣ ਕਾਰਨ ਉਸ ਦੀ ਲਪੇਟ ਵਿਚ ਆਉਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।