ਭਾਈ ਕਾਉਂਕੇ ਦੇ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ਼ ਦਿਵਾਵਾਂਗੇ : ਭਗਵੰਤ ਮਾਨ

ਭਾਈ ਕਾਉਂਕੇ ਦੇ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ਼ ਦਿਵਾਵਾਂਗੇ : ਭਗਵੰਤ ਮਾਨ

ਪਿਛਲੀਆਂ ਸਰਕਾਰਾਂ ਨੇ ਕੇਸ ਦੀਆਂ ਫਾਈਲਾਂ ਦੱਬੀ ਰੱਖੀਆਂ, ਪੰਥ ਦੇ ਨਾਂ ’ਤੇ ਸੱਤਾ ਲੈਣ ਵਾਲੇ ਉਦੋਂ ਕਿਉਂ ਚੁੱਪ ਰਹੇ?
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਭਾਈ ਗੁਰਦੇਵ ਸਿੰਘ ਕਉਂਕੇ ਦੀ ਮੌਤ ਦੇ ਮਾਮਲੇ ਦੀ ਅਸੀਂ ਜਾਂਚ ਕਰਵਾਵਾਂਗੇ ਅਤੇ ਇਨਸਾਫ਼ ਵੀ ਦਿਵਾਵਾਂਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੇਸ ਦੀਆਂ ਫ਼ਾਈਲਾਂ ਦਬਾਈ ਰੱਖੀਆਂ ਜੋ ਧੂੜ ਮਿੱਟੀ ਵਿਚ ਰੁਲੀਆਂ।
ਉਨ੍ਹਾਂ ਕਿਹਾ ਕਿ ਲੰਮਾ ਸਮਾਂ ਅਕਾਲੀ ਦਲ ਦਾ ਰਾਜ ਰਿਹਾ ਅਤੇ ਕੇਂਦਰ ਵਿਚ ਵੀ ਭਾਈਵਾਲ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ। ਪੰਥ ਦੇ ਨਾਂ ਉਪਰ ਜੋ ਲੋਕ ਸੱਤਾ ਵਿਚ ਆਉਂਦੇ ਹਨ, ਉਹ ਬਾਅਦ ਵਿਚ ਪੰਥ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਸਰਕਾਰ ਨੇ ਪੰਥ ਲਈ ਕੀ ਕੀਤਾ? ਹੁਣ ਸੱਤਾ ਵਿਚੋਂ ਬਾਹਰ ਹੋ ਕੇ ਇਨਸਾਫ਼ ਦੀਆਂ ਗੱਲਾਂ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਾਉਂਕੇ ਦੇ ਮਾਮਲੇ ਵਿਚ ਸਾਰੀ ਰਿਪੋਰਟ ਲੈ ਰਿਹਾ ਹਾਂ ਅਤੇ ਛੇਤੀ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਜਾਂਚ ਦੀ ਕਾਰਵਾਈ ਕੀਤੀ ਜਾਵੇਗੀ। ਅਕਾਲੀ ਦਲ ਦੀ ਰੈਲੀ ਵਿਚ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਦੀ ਬਾਬੇ ਨਾਨਕ ਦੀ ਤਕੜੀ ਨਾਲ ਤੁਲਨਾ ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਬਾਬੇ ਨਾਨਕ ਦੀ ਤਕੜੀ ਤਾਂ ਤੇਰ ਤੇਰਾ ਬੋਲਦੀ ਸੀ ਜਦਕਿ ਅਕਾਲੀ ਦਲ ਦੀ ਤੱਕੜੀ ਸਭ ਕੁਝ ਮੇਰਾ ਮੇਰਾ ਬੋਲਦੀ ਹੈ। ਉਨ੍ਹਾਂ ਕਿਹਾ ਕਿ ਚਿੱਟਾ ਤੋਲਣ ਵਾਲੀ ਤੱਕੜੀ ਬਾਬੇ ਨਾਨਕ ਵਾਲੀ ਤੱਕੜੀ ਕਿਵੇਂ ਹੋ ਸਕਦੀ ਹੈ?
ਉਨ੍ਹਾਂ ਕਿਹਾ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਕੋਈ ਕਾਰਵਾਈ ਨਹੀਂ ਕਰ ਰਹੇ? ਵਿਰੋਧੀ ਪਾਰਟੀਆਂ ਵਲੋਂ ਗੈਂਗਸਟਰਾਂ ਦੇ ਪੁਲਿਸ ਮੁਕਾਬਲਿਆਂ ਉਪਰ ਸਵਾਲ ਚੁੱਕੇ ਜਾਣ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਸੂਬੇ ਦੇ ਸਾਢੇ ਤਿੰਨ ਕਰੋੜ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਰੋਧੀ ਧਿਰ ਵਾਲੇ ਬਿਆਨ ਦਿੰਦੇ ਹਨ ਕਿ ਸੂਬੇ ਵਿਚ ਅਮਨ ਕਾਨੂੰਨ ਖ਼ਤਮ ਹੋ ਗਿਆ ਹੈ ਕਤਲ ਅਤੇ ਲੁੱਟਾਂ ਖੋਹਾਂ ਹੋ ਰਹੀਆਂ ਪਰ ਦੂਜੇ ਪਾਸੇ ਜਦ ਸਰਕਾਰ ਕਾਰਵਾਈ ਕਰਦੀ ਹੈ ਤਾਂ ਕੁਝ ਹੋਰ ਬੋਲਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦਾ ਮਕਸਦ ਤਾਂ ਸਿਰਫ਼ ਸਰਕਾਰ ਦੇ ਹਰ ਕੰਮ ਵਿਚ ਨੁਕਸ ਕੱਢ ਕੇ ਵਿਰੋਧ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਪਰ ਜੇ ਉਨ੍ਹਾਂ ਉਪਰ ਕੋਈ ਗੋਲੀ ਚਲਾਉਂਦਾ ਹੈ ਤਾਂ ਉਹ ਵੀ ਜਵਾਬ ਵਿਚ ਗੋਲੀ ਚਲਾਏਗੀ। ‘ਆਪ’ ਨਾਲ ਗਠਜੋੜ ਬਾਰੇ ਭਗਵੰਤ ਮਾਨ ਨੇ ਇਹ ਗੱਲ ਮੁੜ ਦੁਹਰਾਈ ਕਿ ਪੰਜਾਬ ਬਣੇਗਾ ਹੀਰੋ ਅਤੇ ‘ਆਪ’ ਦੇ ਹੱਕ ਵਿਚ ਰਹੇਗਾ 13-0 । ਉਨ੍ਹਾਂ ਵਿਸਥਾਰ ਵਿਚ ਕੁਝ ਨਹੀਂ ਕਿਹਾ।