ਭਾਜਪਾ ਤੇ ਸੰਘ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ: ਰਾਹੁਲ

ਭਾਜਪਾ ਤੇ ਸੰਘ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ: ਰਾਹੁਲ

ਕਾਂਗਰਸ ਨੇ ਮਨੀਪੁਰ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਨਿਆਏ ਯਾਤਰਾ
ਇੰਫਾਲ- ਨਸਲੀ ਹਿੰਸਾ ਦੇ ਝੰਬੇ ਮਨੀਪੁਰ ਤੋਂ ਅੱਜ ‘ਭਾਰਤ ਜੋੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਆਰਐੱਸਐੱਸ ਲਈ ਸ਼ਾਇਦ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਮਹਿਲਾਵਾਂ ਤੇ ਬੱਚਿਆਂ ਸਣੇ ਵੱਡੀ ਗਿਣਤੀ ਲੋਕ ਮਾਰੇ ਗਏ ਪਰ ਸ੍ਰੀ ਮੋਦੀ ਨੇ ਇਕ ਵਾਰ ਵੀ ਮਨੀਪੁਰ ਆ ਕੇ ਲੋਕਾਂ ਦੇ ਹੰਝੂ ਨਹੀਂ ਪੂੰਝੇ। ਰਾਹੁਲ ਨੇ ਕਿਹਾ ਕਿ ਉਹ ਮਨੀਪੁੁਰ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਹਨ ਤੇ ਸੂਬੇ ਵਿੱਚ ਸਦਭਾਵਨਾ, ਸ਼ਾਂਤੀ ਤੇ ਪ੍ਰੇਮ-ਪਿਆਰ ਵਾਪਸ ਲਿਆਉਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੀ ਲੋੜ ਸੀ ਕਿਉਂਕਿ ਦੇਸ਼ ‘ਵੱਡੇ ਅਨਿਆਂ’ ਦੇ ਦੌਰ ’ਚੋਂ ਲੰਘ ਰਿਹਾ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਯਾਤਰਾ ਤੋਂ ਬਰਾਬਰੀ, ਭਾਈਚਾਰੇ ਤੇ ਸਦਭਾਵਨਾ ’ਤੇ ਆਧਾਰਿਤ ਭਾਰਤ ਦਾ ਦ੍ਰਿਸ਼ਟੀਕੋਣ ਸਾਹਮਣੇ ਆਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਨੂੰ ‘ਅਨਿਆਏ ਕਾਲ’ ਕਰਾਰ ਦਿੰਦਿਆਂ ਕਾਂਗਰਸ ਨੇ ਅੱਜ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਆਗਾਜ਼ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਥੋਬਲ ਜ਼ਿਲ੍ਹੇ ਦੀ ਖੋਂਗਜੋਮ ਜੰਗੀ ਯਾਦਗਾਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਤਰਾ 15 ਰਾਜਾਂ ਵਿੱਚੋਂ ਲੰਘਦਿਆਂ 6713 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਯਾਤਰਾ ਦੌਰਾਨ ਮਨੀਪੁਰ ਤੇ ਚਾਰ ਹੋਰਨਾਂ ਉੱਤਰ-ਪੂਰਬੀ ਰਾਜਾਂ ਦਾ ਬਹੁਤਾ ਪੈਂਡਾ ਬੱਸ ਤੇ ਪਦਯਾਤਰਾ ਰਾਹੀਂ ਤੈਅ ਕੀਤਾ ਜਾਵੇਗਾ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੀਪੁਰ ਵਿੱਚ ਅੱਠ ਮਹੀਨਿਆਂ ਦੀ ਨਸਲੀ ਹਿੰਸਾ ਦੌਰਾਨ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਮਨੀਪੁਰ ਲਈ ਸਮਾਂ ਨਹੀਂ ਸੀ। ਉਨ੍ਹਾਂ ਕਿਹਾ, ‘‘ਲੱਖਾਂ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਹੋਇਆ, ਪਰ ਪ੍ਰਧਾਨ ਮੰਤਰੀ ਤੁਹਾਡੇ ਅੱਥਰੂ ਪੂੰਝਣ ਲਈ ਨਹੀਂ ਆਏ ਤੇ ਨਾ ਹੀ ਤੁਹਾਡਾ ਹੱਥ ਫੜਿਆ। ਸ਼ਾਇਦ ਨਰਿੰਦਰ ਮੋਦੀ, ਭਾਜਪਾ ਤੇ ਆਰਐੱਸਐੱਸ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਹੈ।’’ ਗਾਂਧੀ ਨੇ ਕਿਹਾ, ‘‘ਅਸੀਂ ਮਨੀਪੁਰ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਹਾਂ, ਜਿਸ ਵਿਚੋਂ ਉਹ ਲੰਘ ਰਹੇ ਹਨ। ਅਸੀਂ ਉਨ੍ਹਾਂ ਦੇ ਦਰਦ ਤੇ ਉਦਾਸੀ ਨੂੰ ਸਮਝਦੇ ਹਾਂ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਮਨੀਪੁਰ ਵਿੱਚ ਸਦਭਾਵਨਾ, ਸ਼ਾਂਤੀ ਤੇ ਪ੍ਰੇਮ ਪਿਆਰ ਵਾਪਸ ਲੈ ਕੇ ਆਵਾਂਗੇ।’’ ਗਾਂਧੀ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਮਨੀਪੁਰ ਦੀ ਫੇਰੀ ਦੌਰਾਨ ਉਨ੍ਹਾਂ ਸੂਬੇ ਵਿਚ ਇਸ ਤੋਂ ਪਹਿਲਾਂ ਕਦੇ ਇੰਨੇ ਖੌਫਨਾਕ ਹਾਲਾਤ ਨਹੀਂ ਦੇਖੇ।’’ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੋੜੋ ਯਾਤਰਾ’ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਸੀ ਤੇ ਉਹ ਲੱਖਾਂ ਲੋਕਾਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਪਿਛਲੀ ਯਾਤਰਾ ਦੌਰਾਨ ਕਾਂਗਰਸ ਨੇ ਸਮਾਜ ਦੇ ਲਗਪਗ ਸਾਰੇ ਵਰਗਾਂ ਨੂੰ ਸੁਣਿਆ ਤੇ ਪਾਰਟੀ ਮੁੜ ਲੋਕਾਂ ਦੀ ‘ਮਨ ਕੀ ਬਾਤ’ ਸੁਣਨ ਲਈ ਉਤਸੁਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਵੱਲੋਂ ਆਪਣੇ ਸਿਆਸੀ ਪ੍ਰਚਾਰ ਦੌਰਾਨ ਨਫ਼ਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਵੱਡੇ ਸਿਆਸੀ ਅਨਿਆਂ ਤੇ ਅਰਥਚਾਰੇ ਵਿਚ ਅਜਾਰੇਦਾਰੀ ’ਚੋਂ ਲੰਘ ਰਿਹੈ, ਜਿਸ ਨੇ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਤਬਾਹ ਕਰ ਦਿੱਤਾ ਹੈ। ਪੱਛੜੇ ਲੋਕਾਂ, ਦਲਿਤਾਂ ਤੇ ਆਦਿਵਾਸੀਆਂ ਦੀ ਸ਼ਾਸਨ ਵਿੱਚ ਕੋਈ ਭੂਮਿਕਾ ਨਹੀਂ ਹੈ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਆਪਣੀ ਤਕਰੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਉੱਤਰ-ਪੂਰਬੀ ਰਾਜ ਵਿਚ ਸਿਰਫ਼ ਵੋਟਾਂ ਮੰਗਣ ਲਈ ਆਉਂਦੇ ਹਨ। ਉਨ੍ਹਾਂ ਕਿਹਾ, ‘‘ਮੋਦੀ ਕੋਲ ਸਮੁੰਦਰ ਕੰਢੇੇ ਘੁੰਮਣ, ਸਮੁੰਦਰ ’ਚ ਡੁਬਕੀ ਲਾਉਣ ਦਾ ਸਮਾਂ ਹੈ, ਪਰ ਮਨੀਪੁਰ ਆਉਣ ਦਾ ਨਹੀਂ। ਪ੍ਰਧਾਨ ਮੰਤਰੀ ਵੋਟ ਬੈਂਕ ਦੀ ਸਿਆਸਤ ਦੇ ਨਾਮ ਹੇਠ ‘ਰਾਮ ਨਾਮ ਦਾ ਗੁਣਗਾਣ’ ਕਰ ਰਹੇ ਹਨ। ਭਾਜਪਾ ਧਰਮ ਤੇ ਸਿਆਸਤ ਨੂੰ ਰਲਗੱਡ ਕਰਕੇ ਲੋਕਾਂ ਨੂੰ ਭੜਕਾ ਰਹੀ ਹੈ। ਭਾਜਪਾ ਦੀ ਜ਼ੁਬਾਨ ’ਤੇ ‘ਰਾਮ’ ਤੇ ਬਗਲ ਵਿੱਚ ਛੁਰੀ ਹੈ। ਉਨ੍ਹਾਂ ਨੂੰ ਲੋਕਾਂ ਪ੍ਰਤੀ ਅਜਿਹੀ ਪਹੁੰਚ ਨਹੀਂ ਰੱਖਣੀ ਚਾਹੀਦੀ।’’ ਖੜਗੇ ਨੇ ਕਿਹਾ ਕਿ ਕਾਂਗਰਸ ਸਮਾਜਿਕ ਨਿਆਂ, ਧਰਮ-ਨਿਰਪੱਖਤਾ ਤੇ ਬਰਾਬਰੀ ਲਈ ਖੜੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਖਾਤਰ ਕੱਢੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਆਗੂ ਘਰ-ਘਰ ਜਾ ਕੇ ਸ਼ਾਂਤੀ ਦਾ ਸੁਨੇਹਾ ਦੇ ਰਿਹਾ ਹੈ। ਖੜਗੇ ਨੇ ਕਿਹਾ, ‘‘2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ…ਨੌਕਰੀਆਂ ਕਿੱਥੇ ਹਨ…ਲੋਕਾਂ ਦੇ ਸਾਰੇ ਵਰਗਾਂ ਨਾਲ ਅਨਿਆਂ ਕੀਤਾ ਗਿਆ ਹੈ। ‘ਭਾਰਤ ਜੋੋੋੜੋ ਯਾਤਰਾ’ ਜ਼ਰੀਏ ਅਸੀਂ ਸਾਰਿਆਂ- ਦਲਿਤ, ਆਦਿਵਾਸੀ, ਮਹਿਲਾਵਾਂ ਤੇ ਨੌਜਵਾਨਾਂ ਨੂੰ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਵੇਲੇ ਛੇ ਉੱਤਰ-ਪੂਰਬੀ ਰਾਜਾਂ- ਮਨੀਪੁਰ, ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਮਿਲਿਆ ਤੇ ਹਰ ਤਰ੍ਹਾਂ ਦਾ ਵਿਕਾਸ ਹੋਇਆ। ਯਾਤਰਾ ਵਿੱਚ ਪਹਿਲੇ ਦਿਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਜੈਰਾਮ ਰਮੇਸ਼, ਪਵਨ ਖੇੜਾ, ਪ੍ਰਮੋਦ ਤਿਵਾੜੀ, ਗੌਰਵ ਗੋਗੋਈ, ਸਲਮਾਨ ਖੁਰਸ਼ੀਦ, ਦਿਗਵਿਜੈ ਸਿੰਘ, ਅਭਿਸ਼ੇਕ ਮਨੂ ਸਿੰਘਵੀ, ਕਾਰਤੀ ਚਿਦੰਬਰਮ ਆਦਿ ਸ਼ਾਮਲ ਹੋਏ।