ਪੁਲਾੜ ਵਿਗਿਆਨ ਤੇ ਆਮ ਇਨਸਾਨ

ਪੁਲਾੜ ਵਿਗਿਆਨ ਤੇ ਆਮ ਇਨਸਾਨ

ਹਰਜੀਤ ਸਿੰਘ*

ਇਸਰੋ ਵੱਲੋਂ ਪਿਛਲੇ ਸਾਲ ਲਾਂਚ ਕੀਤੇ ਚੰਦਰਯਾਨ-3 ਅਤੇ ਆਦਿੱਤਿਆ-L1 ਮਿਸ਼ਨਾਂ ਨਾਲ ਹੁਣ ਇਸ ਦੀ ਚਰਚਾ ਘਰ-ਘਰ ਹੋਣ ਲੱਗੀ ਹੈ| ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੁਲਾੜ ਵਿਗਿਆਨ ਦਾ ਆਮ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਹੈ? ਅੱਗੇ ਵਧਣ ਤੋਂ ਪਹਿਲਾਂ ਪੁਲਾੜ ਵਿਚ ਭੇਜੇ ਜਾਣ ਵਾਲੇ ਮਿਸ਼ਨਾਂ ਨੂੰ ਮੋਟੇ ਤੌਰ ’ਤੇ 4 ਕਿਸਮਾਂ ਵਿਚ ਵੰਡ ਲੈਂਦੇ ਹਾਂ| ਇਹ ਵੰਡ ਇਨ੍ਹਾਂ ਮਿਸ਼ਨਾਂ ਵਿਚ ਭੇਜੇ ਜਾਣ ਵਾਲੇ ਉਪਗ੍ਰਹਿਆਂ ਦੀ ਧਰਤੀ ਤੋਂ ਉਚਾਈ ਦੇ ਆਧਾਰ ’ਤੇ ਹੋਵੇਗੀ|

(i) ਪਹਿਲੀ ਕਿਸਮ ਵਿਚ ਨੀਵੇਂ ਪੰਧ (LEO, Lower Earth Orbit) ਦੇ ਉਪਗ੍ਰਹਿ ਆਉਂਦੇ ਹਨ ਜੋ ਧਰਤੀ ਦੁਆਲੇ 200 ਤੋਂ 2000 ਕਿਲੋਮੀਟਰ ਦੀ ਉਚਾਈ ’ਤੇ ਚੱਕਰ ਲਾਉਂਦੇ ਹਨ| (ii) ਦੂਜੀ ਕਿਸਮ ਵਿਚ ਮੱਧਮ ਉਚਾਈ ਦੇ ਪੰਧ (MEO, Medium Earth Orbit) ਦੇ ਉਪਗ੍ਰਹਿ ਆਉਂਦੇ ਹਨ| ਇਨ੍ਹਾਂ ਦੀ ਧਰਤੀ ਤੋਂ ਉਚਾਈ 2000-35000 ਕਿਲੋਮੀਟਰ ਤੱਕ ਹੁੰਦੀ ਹੈ| (iii) 36000 ਕਿਲੋਮੀਟਰ ਦੀ ਉਚਾਈ ’ਤੇ ਉੱਡਣ ਵਾਲੇ ਉਪਗ੍ਰਹਿਆਂ ਨੂੰ ਭੂ-ਸਥਿਰ ਜਾਂ Geo Stationary ਉਪਗ੍ਰਹਿ ਕਿਹਾ ਜਾਂਦਾ ਹੈ ਅਤੇ ਇਸ ਪੰਧ ਨੂੰ ਜੀਐੱਸਓ (GSO, Geo Stationary Orbit) ਕਿਹਾ ਜਾਂਦਾ ਹੈ| (iv) ਆਖਰੀ ਕਿਸਮ ਵਿਚ ਅੰਤਰ ਗ੍ਰਹਿ ਜਾਂ ਅੰਤਰ-ਸੌਰ ਮੰਡਲ ਮਿਸ਼ਨ ਆਉਂਦੇ ਹਨ ਜੋ ਧਰਤੀ ਦੀ ਪਹੁੰਚ ਤੋਂ ਦੂਰ ਚੰਨ, ਦੂਜੇ ਗ੍ਰਹਿਆਂ, ਸੂਰਜ ਜਾਂ ਤਾਰਿਆਂ ਆਦਿ ’ਤੇ ਜਾਂਦੇ ਹਨ| ਇਸੇ ਕਿਸਮ ਵਿਚ ਜੇਮਸ ਵੈੱਬ ਦੂਰਬੀਨ ਅਤੇ ਆਦਿੱਤਿਆ-L1 ਮਿਸ਼ਨ ਵੀ ਸ਼ਾਮਿਲ ਹਨ ਜੋ ਕ੍ਰਮਵਾਰ ਧਰਤੀ-ਸੂਰਜ ਸਿਸਟਮ ਦੇ ਲੈਗਰਾਂਜ (Lagrange) ਬਿੰਦੂ L2 ਅਤੇ L1 ’ਤੇ ਸਥਿਤ ਹਨ| ਲੈਗਰਾਂਜ ਬਿੰਦੂ ਕੀ ਹਨ, ਇਸ ਬਾਰੇ ਫਿਰ ਚਰਚਾ ਕਰਾਂਗੇ|

ਐੱਲਈਓ ਮਿਸ਼ਨਾਂ ’ਤੇ ਭੇਜੇ ਜਾਣ ਵਾਲੇ ਉਪਗ੍ਰਹਿ ਜ਼ਿਆਦਾਤਰ ਧਰੁਵੀ ਪੰਧ (Polar orbit) ਯਾਨੀ ਧਰਤੀ ਦੇ ਇਕ ਧਰੁਵ ਤੋਂ ਦੂਜੇ ਧਰੁਵ ਵੱਲ ਘੁੰਮਦੇ ਹਨ ਅਤੇ 90 ਕੁ ਮਿੰਟਾਂ ਵਿਚ ਆਪਣਾ ਇਕ ਚੱਕਰ ਪੂਰਾ ਕਰਦੇ ਹਨ| ਧਰਤੀ ਦੇ ਨੇੜੇ ਹੋਣ ਕਰਕੇ ਇੱਥੋਂ ਧਰਤੀ ਨੂੰ ਜ਼ਿਆਦਾ ਸਾਫ਼ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ| ਇਸੇ ਲਈ ਇਹ ਪੰਧ ਆਮ ਤੌਰ ’ਤੇ ਧਰਤੀ ਦਾ ਨਿਰੀਖਣ ਕਰਨ ਅਤੇ ਘੋਖਣ (Remote Sensing & Earth Observation) ਲਈ ਵਰਤਿਆ ਜਾਂਦਾ ਹੈ| ਇਨ੍ਹਾਂ ਦੋ ਸ਼੍ਰੇਣੀਆਂ ਵਿਚ ਕਿਸੇ ਖ਼ਾਸ ਫ਼ਸਲ ਦੇ ਬਿਜਾਈ ਹੇਠ ਰਕਬੇ ਦਾ ਅਨੁਮਾਨ ਲਾਉਣਾ, ਫ਼ਸਲ ਦੀ ਪੈਦਾਵਾਰ ਦਾ ਅਗਾਊਂ ਅਨੁਮਾਨ ਲਾਉਣਾ, ਮਛੇਰਿਆਂ ਲਈ ਮੱਛੀਆਂ ਫੜਨ ਲਈ ਲਾਹੇਵੰਦ ਥਾਵਾਂ ਦੱਸਣੀਆਂ ਆਦਿ ਸ਼ਾਮਿਲ ਹਨ| ਜੰਗਲਾਂ/ਬਰਫ਼ ਹੇਠ ਰਕਬੇ ਦਾ ਅਨੁਮਾਨ, ਬਰਫ਼ਬਾਰੀ ਦਾ ਅਨੁਮਾਨ, ਜ਼ਮੀਨ ਹੇਠਲੇ ਪਾਣੀ ਦਾ ਪੱਧਰ, ਸ਼ਹਿਰੀ ਅਤੇ ਪੇਂਡੂ ਵਿਕਾਸ ਦੀ ਯੋਜਨਾਬੰਦੀ ਲਈ ਵੀ ਇਸ ਪੰਧ ਦੇ ਉਪਗ੍ਰਹਿ ਵਰਤੇ ਜਾਂਦੇ ਹਨ| ਇਸ ਪੰਧ ਦੇ ਬਹੁਤੇ ਉਪਗ੍ਰਹਿ ‘ਸਨ ਸਿੰਕਰਨਸ ਪੰਧ’ (Sun Synchronous-SSO) ’ਤੇ ਚੱਲਦੇ ਹਨ| ਇਹ ਪੰਧ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਹੁੰਦਾ ਹੈ ਕਿ ਉਪਗ੍ਰਹਿ ਰੋਜ਼ ਇਕ ਜਗ੍ਹਾ ਉੱਪਰੋਂ ਇਕੋ ਵੇਲੇ ਲੰਘੇ ਤਾਂਕਿ ਹਰ ਚੱਕਰ ਵੇਲੇ ਸੂਰਜ ਦੀ ਰੌਸ਼ਨੀ ਇਕੋ ਜਿਹੀ ਰਹੇ| ਇਸ ਨਾਲ ਹਰ ਚੱਕਰ ਤੋਂ ਮਿਲੀ ਜਾਣਕਾਰੀ ਦੀ ਆਪਸ ਵਿਚ ਤੁਲਨਾ ਕਰਨੀ ਸੌਖੀ ਹੋ ਜਾਂਦੀ ਹੈ| ਇਨ੍ਹਾਂ ਉਪਗ੍ਰਹਿਆਂ ਨੂੰ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਵੀ ਵਰਤਿਆ ਜਾਂਦਾ ਹੈ|

ਅੰਤਰਾਸ਼ਟਰੀ ਪੁਲਾੜ ਸਟੇਸ਼ਨ (ISS) ਵੀ ਇਸੇ ਪੰਧ ਵਿਚ 400 ਕਿਲੋਮੀਟਰ ਦੀ ਉਚਾਈ ’ਤੇ ਧਰਤੀ ਦੇ ਚੱਕਰ ਲਾਉਂਦਾ ਹੈ| ਇੱਥੇ ਮੌਜੂਦ ਨਿਗੂਣੀ ਗੁਰੂਤਾ (Microgravity) ਦੀ ਹਾਲਤ ਵਿਚ ਕੀਤੇ ਜਾਂਦੇ ਪ੍ਰਯੋਗਾਂ ਨਾਲ ਵਿਕਸਿਤ ਕੀਤੀਆਂ ਗਈਆਂ ਕਈ ਤਕਨੀਕਾਂ ਬਾਅਦ ਵਿਚ ਧਰਤੀ ’ਤੇ ਵੀ ਕੰਮ ਆਈਆਂ ਹਨ| ਮਸਲਨ, ਇੱਥੇ ਵਿਕਸਿਤ ਕੀਤੇ ਰੋਬੋਟਾਂ ਦਾ ਇਸਤੇਮਾਲ ਦਿਮਾਗ਼ ਵਰਗੇ ਨਾਜ਼ੁਕ ਅੰਗ ਵਿਚੋਂ ਰਸੌਲੀਆਂ ਕੱਢਣ ਲਈ ਕੀਤਾ ਜਾਂਦਾ ਹੈ| ਇੱਥੇ ਵਿਕਸਿਤ ਕੀਤੇ ਉਪਕਰਨ ਔਰਤਾਂ ਵਿਚ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਅਤੇ ਇਸ ਦੇ ਇਲਾਜ ਲਈ ਵੀ ਵਰਤੇ ਜਾਂਦੇ ਹਨ| ਕਈ ਬਿਮਾਰੀਆਂ ਦੀਆਂ ਵੈਕਸੀਨ ਵਿਕਸਿਤ ਕਰਨ ਲਈ ਵੀ ਆਈਐੱਸਐੱਸ ਵਿਚ ਪ੍ਰਯੋਗ ਕੀਤੇ ਗਏ ਸਨ| ਯਾਦ ਰਹੇ ਕਿ ਨਿਗੂਣੀ ਗੁਰੂਤਾ ਦੀ ਸਥਿਤੀ ਆਈਐੱਸਐੱਸ ਵੱਲੋਂ ਧਰਤੀ ਦੁਆਲੇ ਚੱਕਰ ਲਾਉਣ ਕਰਕੇ ਪੈਦਾ ਹੁੰਦੀ ਹੈ, ਉਚਾਈ ਕਰਕੇ ਨਹੀਂ| ਧਰਤੀ ਦੀ ਗੁਰੂਤਾ ਖਿੱਚ ਇੱਥੇ ਵੀ ਧਰਤੀ ਦੀ ਸਤ੍ਵਾ ’ਤੇ ਸਾਨੂੰ ਮਹਿਸੂਸ ਹੁੰਦੀ ਗੁਰੂਤਾ ਦੀ ਲਗਭਗ 90 ਪ੍ਰਤੀਸ਼ਤ ਹੈ| ਜੀਪੀਐੱਸ ਵਰਗੀਆਂ ਸੇਵਾਵਾਂ ਦੀ ਵਰਤੋਂ ਲਈ ਐੱਮਈਓ (MEO) ਪੰਧ ਦੇ ਉਪਗ੍ਰਹਿ ਕੰਮ ਆਉਂਦੇ ਹਨ| ਇਸੇ ਜੀਪੀਐੱਸ ਦੀ ਵਰਤੋਂ ਅਸੀਂ ਰਸਤੇ ਲੱਭਣ ਅਤੇ ਨੇਵੀਗੇਸ਼ਨ ਲਈ ਕਰਦੇ ਹਾਂ|

ਕੋਈ ਵੀ ਉਪਗ੍ਰਹਿ ਧਰਤੀ ਦੇ ਜਿੰਨਾ ਨੇੜੇ ਹੋਵੇਗਾ, ਓਨੀ ਹੀ ਉਸ ਦੀ ਗਤੀ ਤੇਜ਼ ਹੋਵੇਗੀ| ਐੱਲਈਓ (LEO) ਅਤੇ ਐੱਮਈਓ (MEO) ਦੇ ਉਪਗ੍ਰਹਿਆਂ ਵਿਚ ਇਹ ਦਿੱਕਤ ਆਉਂਦੀ ਹੈ| ਬਹੁਤ ਤੇਜ਼ ਗਤੀ ਹੋਣ ਕਰਕੇ ਇਹ ਇਕ ਜਗ੍ਹਾ ਦੇ ਉੱਪਰ ਜ਼ਿਆਦਾ ਸਮਾਂ ਨਹੀਂ ਰਹਿੰਦੇ ਜਿਸ ਕਰਕੇ ਇਨ੍ਹਾਂ ਨੂੰ ਸੰਚਾਰ ਵਰਗੀਆਂ ਸੇਵਾਵਾਂ ਲਈ ਨਹੀਂ ਵਰਤਿਆ ਜਾ ਸਕਦਾ ਜਿੱਥੇ ਉਪਗ੍ਰਹਿ ਹਮੇਸ਼ਾ ਇਕੋ ਜਗ੍ਹਾ ’ਤੇ ਰਹਿਣੇ ਚਾਹੀਦੇ ਹੁੰਦੇ ਹਨ| ਦੂਜਾ ਧਰਤੀ ਦੇ ਨੇੜੇ ਹੋਣ ਕਰਕੇ ਇਹ ਬਹੁਤ ਘੱਟ ਹਿੱਸਾ ਕਵਰ ਕਰ ਸਕਦੇ ਹਨ| ਇੱਥੇ ਕੰਮ ਆਉਂਦੇ ਹਨ ਭੂ-ਸਥਿਰ (Geo-Stationary) ਉਪਗ੍ਰਹਿ| 36000 ਕਿਲੋਮੀਟਰ ਦੀ ਉਚਾਈ ’ਤੇ ਸਥਿਤ ਇਨ੍ਹਾਂ ਉਪਗ੍ਰਹਿਆਂ ਦਾ ਪੰਧ ਭੂ-ਮੱਧ ਰੇਖਾ ਦੇ ਤਲ ਵਿਚ ਰਹਿੰਦਾ ਹੈ ਅਤੇ ਇਹ ਧਰਤੀ ਦੁਆਲੇ ਆਪਣਾ ਇੱਕ ਚੱਕਰ 24 ਘੰਟਿਆਂ ਵਿਚ ਪੂਰਾ ਕਰਦੇ ਹਨ| 24 ਘੰਟਿਆਂ ਵਿਚ ਚੱਕਰ ਪੂਰਾ ਕਰਨ ਕਰਕੇ ਇਹ ਧਰਤੀ ਤੋਂ ਦੇਖਣ ’ਤੇ ਇਕ ਥਾਂ ’ਤੇ ਖੜ੍ਹੇ ਦਿਖਦੇ ਹਨ| ਇਨ੍ਹਾਂ ਉਪਗ੍ਰਹਿਆਂ ਦੀ ਵਰਤੋਂ ਮੁੱਖ ਤੌਰ ’ਤੇ ਸੰਚਾਰ, ਜਿਸ ਵਿਚ ਟੈਲੀਕਾਮ, ਡੀਟੀਐੱਚ ਟੀਵੀ, ਇੰਟਰਨੈੱਟ ਆਦਿ ਲਈ ਕੀਤੀ ਜਾਂਦੀ ਹੈ| ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਮੌਸਮ ਦਾ ਅਨੁਮਾਨ ਲਾਉਣ ਅਤੇ ਭਵਿੱਖਬਾਣੀ ਕਰਨ ਲਈ ਵੀ ਕੀਤੀ ਜਾਂਦੀ ਹੈ| ਇਨ੍ਹਾਂ ਦੀ ਵਰਤੋਂ ਧਰਤੀ ਦੇ ਨਿਰੀਖਣ (ਰਿਮੋਟ ਸੈਂਸਿੰਗ) ਲਈ ਵੀ ਕੀਤੀ ਜਾ ਸਕਦੀ ਹੈ, ਪਰ ਦੂਰੀ ਜ਼ਿਆਦਾ ਹੋਣ ਕਰਕੇ ਇਸ ਮਾਮਲੇ ’ਚ ਇਹ ਐੱਲਈਓ (LEO) ਉਪਗ੍ਰਹਿਆਂ ਦੇ ਜਿੰਨੇ ਕਾਰਗਰ ਨਹੀਂ ਹਨ|

ਇਸ ਤੋਂ ਇਲਾਵਾ ਜੀਐੱਸਓ (GSO) ਉਪਗ੍ਰਹਿਆਂ ਵਿਚ ਕੁਝ ਦਿੱਕਤਾਂ ਵੀ ਹਨ| ਪਹਿਲੀ ਤਾਂ ਇਹ ਕਿ ਬਹੁਤ ਦੂਰ ਹੋਣ ਕਰਕੇ ਸਿਗਨਲ ਭੇਜਣ ਅਤੇ ਪ੍ਰਾਪਤ ਕਰਨ ਵਿਚ ਸਮਾਂ ਲੱਗਦਾ ਹੈ| ਦੂਜਾ ਕਿਉਂਕਿ ਇਨ੍ਹਾਂ ਦਾ ਪੰਧ ਭੂ-ਮੱਧ ਰੇਖਾ ਦੇ ਤਲ ਵਿਚ ਰਹਿੰਦਾ ਹੈ, ਇਹ ਭੂ-ਮੱਧ ਰੇਖਾ ਦੇ ਵੱਧੋ-ਵੱਧ 60 ਡਿਗਰੀ ਉੱਪਰ-ਥੱਲੇ ਤੱਕ ਹੀ ਹਿੱਸਾ ਕਵਰ ਕਰ ਸਕਦੇ ਹਨ| ਇਸ ਤੋਂ ਬਾਹਰਲੇ ਅਕਸ਼ਾਂਸ਼ਾਂ ’ਤੇ ਸਥਿਤ ਰੂਸ ਵਰਗੇ ਦੇਸ਼ ਇਸ ਦਿੱਕਤ ਦਾ ਹੱਲ ਕੱਢਣ ਲਈ ‘ਮੌਲਨੀਆ ਔਰਬਿਟ (molniya orbit) ਵਰਗੇ ਬਹੁਤ ਲੰਬੂਤਰੇ ਅੰਡਾਕਾਰ ਪੰਧ ਦੀ ਵਰਤੋਂ ਕਰਦੇ ਹਨ| ਇਸ ਦਿੱਕਤ ਦਾ ਇਕ ਹੋਰ ਹੱਲ ਅੱਜਕੱਲ੍ਹ ਦੀ ਨਵੀਂ ਤਕਨੀਕ ‘ਸੈਟੇਲਾਈਟ ਕੌਨਸਟਲੇਸ਼ਨ’ (Satellite Constellation) ਨੇ ਕੱਢਿਆ ਹੈ| ਇਸ ਵਿਚ ਜੀਐੱਸਓ (GSO) ’ਤੇ ਇਕ ਵੱਡਾ ਉਪਗ੍ਰਹਿ ਭੇਜਣ ਦੀ ਜਗ੍ਹਾ ਐੱਲਈਓ (LEO) ਵਿੱਚ ਛੋਟੇ-ਛੋਟੇ ਬਹੁਤ ਸਾਰੇ ਉਪਗ੍ਰਹਿ ਭੇਜੇ ਜਾਂਦੇ ਹਨ| ਇਹ ਸਾਰੇ ਉਪਗ੍ਰਹਿ ਇਕ ਦੂਜੇ ਨਾਲ ਸੰਚਾਰ ਰਾਹੀਂ ਜੁੜੇ ਹੁੰਦੇ ਹਨ| ਹਰ ਸਮੇਂ ਧਰਤੀ ਦੇ ਹਰ ਹਿੱਸੇ ਦੇ ਉੱਤੇ ਇੱਕ ਜਾਂ ਇੱਕ ਤੋਂ ਵੱਧ ‘ਕੌਨਸਟਲੇਸ਼ਨ’ ਉਪਗ੍ਰਹਿ ਹਮੇਸ਼ਾਂ ਮੌਜੂਦ ਰਹਿੰਦੇ ਹਨ| ਆਪਸ ਵਿਚ ਜੁੜੇ ਹੋਣ ਕਰਕੇ ਇਸ ਤਰੀਕੇ ਨਾਲ ਅਟੁੱਟ ਸੰਚਾਰ ਕੀਤਾ ਜਾ ਸਕਦਾ ਹੈ| ਛੋਟੇ ਅਤੇ ਇਕੋ ਜਿਹੇ ਹੋਣ ਕਰਕੇ ਇਨ੍ਹਾਂ ਨੂੰ ਥੋਕ ’ਚ ਬਣਾਇਆ ਜਾ ਸਕਦਾ ਹੈ ਜੋ ਇੱਕ ਵੱਡੇ ਅਤੇ ਭਾਰੇ ਜੀਐੱਸਓ ਨੂੰ ਬਣਾਉਣ ਨਾਲੋਂ ਸੌਖਾ ਅਤੇ ਸਸਤਾ ਪੈਂਦਾ ਹੈ| ਹਲਕੇ ਹੋਣ ਕਰਕੇ ਇਨ੍ਹਾਂ ਨੂੰ ਛੋਟੇ ਰਾਕੇਟ ਨਾਲ ਵੀ ਦਾਗਿਆ ਜਾ ਸਕਦਾ ਹੈ, ਜੋਕਿ ਪੁਲਾੜ ਖੇਤਰ ਵਿਚ ਕਦਮ ਰੱਖ ਰਹੇ ਦੇਸ਼ਾਂ ਅਤੇ ਕੰਪਨੀਆਂ ਲਈ ਅਸਾਨ ਹੈ| ‘ਕੌਨਸਟਲੇਸ਼ਨ’ ਉਪਗ੍ਰਹਿਆਂ ਦਾ ਇਕ ਹੋਰ ਫਾਇਦਾ ਇਹ ਹੈ ਕਿ ਜੇ ਇਕ-ਅੱਧਾ ਉਪਗ੍ਰਹਿ ਖ਼ਰਾਬ ਵੀ ਹੋ ਜਾਂਦਾ ਹੈ ਤਾਂ ਆਸ-ਪਾਸ ਮੌਜੂਦ ਵਾਧੂ ਉਪਗ੍ਰਹਿਆਂ ਨੂੰ ਵਰਤ ਕੇ ਕੰਮ ਬੇਰੋਕ-ਟੋਕ ਚਲਾਇਆ ਜਾ ਸਕਦਾ ਹੈ| ਈਲੋਨ ਮਸਕ ਦੀ ਕੰਪਨੀ ਸਟਾਰਲਿੰਕ ਇਸੇ ਮਾਡਲ ’ਤੇ ਕੰਮ ਕਰ ਰਹੀ ਹੈ|

ਆਖਰੀ ਕਿਸਮ ਦੇ ਪੰਧਾਂ ’ਤੇ ਭੇਜੇ ਜਾਣ ਵਾਲੇ ਮਿਸ਼ਨਾਂ ਦਾ ਸਿੱਧੇ ਤੌਰ ’ਤੇ ਆਮ ਇਨਸਾਨ ਦੀ ਜ਼ਿੰਦਗੀ ’ਤੇ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ| ਇਨ੍ਹਾਂ ਦਾ ਉਦੇਸ਼ ਵਿਗਿਆਨਕ ਹੁੰਦਾ ਹੈ ਜੋ ਬ੍ਰਹਿਮੰਡ ਦੀ ਸੰਰਚਨਾ ਅਤੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਆਦਿ ਨੂੰ ਸਮਝਣ ਵਿਚ ਮਦਦ ਕਰਦਾ ਹੈ| ਇਨ੍ਹਾਂ ਮਿਸ਼ਨਾਂ ਤੋਂ ਮਿਲੀ ਜਾਣਕਾਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਸਾਬਤ ਹੋਵੇਗੀ| ਮਿਸਾਲ ਦੇ ਤੌਰ ’ਤੇ ਚੰਦਰਮਾ ’ਤੇ ਮੌਜੂਦ ਹੀਲੀਅਮ-3 ਦੇ ਭੰਡਾਰ ਭਵਿੱਖ ਵਿਚ ਨਿਊਕਲੀਅਰ ਫਿਊਜਨ ਲਈ ਬਾਲਣ ਦਾ ਕੰਮ ਕਰ ਸਕਦੇ ਹਨ| ਇਹ ਤੱਤ ਧਰਤੀ ’ਤੇ ਬਹੁਤ ਘੱਟ ਮਿਲਦਾ ਹੈ| ਮੰਗਲ ਗ੍ਰਹਿ ’ਤੇ ਮੌਜੂਦ ਕਾਰਬਨ ਡਾਇਔਕਸਾਇਡ ਤੇ ਪਾਣੀ ਨੂੰ ਮਿਲਾ ਕੇ ਭਵਿੱਖ ’ਚ ਮੀਥੇਨ ਗੈਸ ਤਿਆਰ ਕੀਤੀ ਜਾ ਸਕਦੀ ਹੈ ਜੋ ਦੂਰ-ਦੁਰੇਡੇ ਗ੍ਰਹਿਆਂ ’ਤੇ ਭੇਜੇ ਜਾਣ ਵਾਲੇ ਰਾਕੇਟਾਂ ’ਚ ਭਰੀ ਜਾ ਸਕਦੀ ਹੈ|

ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਵੇਂ ਅਸੀਂ ਸਿੱਧੇ ਤੌਰ ’ਤੇ ਪੁਲਾੜ ਵਿਗਿਆਨ ਨਾਲ ਜੁੜੇ ਹੋਏ ਨਾ ਹੋਈਏ, ਸਾਡਾ ਜੀਵਨ ਪੁਲਾੜ ਵਿਗਿਆਨ ’ਤੇ ਕਈ ਤਰੀਕਿਆਂ ਨਾਲ ਨਿਰਭਰ ਕਰਦਾ ਹੈ| ਇਸ ਤੋਂ ਬਿਨਾਂ ਕੋਈ ਇੰਟਰਨੈੱਟ, ਟੀਵੀ, ਖ਼ਬਰਾਂ, ਮੋਬਾਈਲ ਅਤੇ ਮੈਡੀਕਲ ਖੇਤਰ ਦੀਆਂ ਕਈ ਖੋਜਾਂ ਨਹੀਂ ਹੋਣੀਆਂ ਸਨ| ਪੁਲਾੜ ਵਿਗਿਆਨ ਸਾਡੇ ਜੀਵਨ ਦਾ ਅਟੁੱਟ ਅੰਗ ਸੀ ਅਤੇ ਰਹੇਗਾ|

*ਇਸਰੋ, ਤਿਰੂਵਨੰਤਪੁਰਮ|