ਅਯੁੱਧਿਆ ਧਾਮ ’ਚ ਰਾਮਾਇਣ ਆਧਾਰਿਤ ਨ੍ਰਿਤ ਦੀ ਪੇਸ਼ਕਾਰੀ ਦੇਵੇਗੀ ਹੇਮਾ ਮਾਲਿਨੀ

ਅਯੁੱਧਿਆ ਧਾਮ ’ਚ ਰਾਮਾਇਣ ਆਧਾਰਿਤ ਨ੍ਰਿਤ ਦੀ ਪੇਸ਼ਕਾਰੀ ਦੇਵੇਗੀ ਹੇਮਾ ਮਾਲਿਨੀ

ਨਵੀਂ ਦਿੱਲੀ: ਬੌਲੀਵੁੱਡ ਦੀ ਉੱਘੀ ਅਦਾਕਾਰਾ ਤੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਰਾਮਾਇਣ ’ਤੇ ਆਧਾਰਿਤ ਨ੍ਰਿਤ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ 22 ਜਨਵਰੀ ਨੂੰ ਹੋਵੇਗਾ। ਹੇਮਾ ਮਾਲਿਨੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘ਮੈਂ ਪਹਿਲੀ ਵਾਰ ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਮੌਕੇ ਅਯੁੱਧਿਆ ਆ ਰਹੀ ਹਾਂ ਜਿਸ ਲਈ ਲੋਕ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ… ਮੈਂ 17 ਜਨਵਰੀ ਨੂੰ ਅਯੁੱਧਿਆ ਧਾਮ ’ਚ ਰਾਮਾਇਣ ’ਤੇ ਆਧਾਰਿਤ ਨ੍ਰਿਤ ਪੇਸ਼ ਕਰਾਂਗੀ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਰਾਮ ਮੰਦਰ ’ਚ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਦੇਸ਼ ਅਤੇ ਵਿਦੇਸ਼ਾਂ ਤੋਂ ਕਈ ਅਹਿਮ ਹਸਤੀਆਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਯੁੱਧਿਆ ਵਿੱਚ ਮੂਰਤੀ ਸਥਾਪਨਾ ਸਮਾਗਮ ਮੁੱਖ ਸਮਾਗਮ ਤੋਂ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋਵੇਗਾ। ਵਾਰਾਣਸੀ ਦੇ ਪੁਜਾਰੀ ਲਕਸ਼ਮੀ ਕਾਂਤ ਦੀਕਸ਼ਿਤ 22 ਜਨਵਰੀ ਨੂੰ ਸਮਾਗਮ ਦੀ ਮੁੱਖ ਰਸਮ ਨਿਭਾਉਣਗੇ। 14 ਤੋਂ 22 ਜਨਵਰੀ ਤੱਕ ਅਯੁੱਧਿਆ ਵਿੱਚ ਅੰਮ੍ਰਿਤ ਮਹੋਤਸਵ ਮਨਾਇਆ ਜਾਵੇਗਾ। ਇਸ ਮੌਕੇ ਮਹਾਯੱਗ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੂੰ ਭੋਜਨ ਛਕਾਇਆ ਜਾਵੇਗਾ। ਅਯੁੱਧਿਆ ਵਿੱਚ ਸ਼ਰਧਾਲੂਆਂ ਦੇ ਰਹਿਣ ਲਈ ਟੈਂਟ ਸਿਟੀ ਉਸਾਰੇ ਜਾ ਰਹੇ ਹਨ। ਸ੍ਰੀ ਰਾਮ ਜਨਮਭੂਮੀ ਟਰੱਸਟ ਅਨੁਸਾਰ 10 ਤੋਂ 15 ਹਜ਼ਾਰ ਲੋਕਾਂ ਦੇ ਠਹਿਰਨ ਲਈ ਪ੍ਰਬੰਧ ਕੀਤਾ ਗਿਆ ਹੈ।