ਪ੍ਰਧਾਨ ਮੰਤਰੀ ਮੋਦੀ ਤੇ ਯੂਏਈ ਦੇ ਰਾਸ਼ਟਰਪਤੀ ਨਾਹਿਆਨ ਵੱਲੋਂ ਅਹਿਮਦਾਬਾਦ ’ਚ ਰੋਡ ਸ਼ੋਅ

ਪ੍ਰਧਾਨ ਮੰਤਰੀ ਮੋਦੀ ਤੇ ਯੂਏਈ ਦੇ ਰਾਸ਼ਟਰਪਤੀ ਨਾਹਿਆਨ ਵੱਲੋਂ ਅਹਿਮਦਾਬਾਦ ’ਚ ਰੋਡ ਸ਼ੋਅ

  • ਵੱਡੀ ਗਿਣਤੀ ਲੋਕਾਂ ਨੇ ਕੀਤਾ ਦੋਵਾਂ ਆਗੂਆਂ ਦਾ ਸਵਾਗਤ J ਪ੍ਰਧਾਨ ਮੰਤਰੀ ਵੱਲੋਂ ਆਲਮੀ ਵਪਾਰ ਪ੍ਰਦਰਸ਼ਨੀ ਦਾ ਉਦਘਾਟਨ

ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਨੇ ਅੱਜ ਸ਼ਾਮ ਅਹਿਮਦਾਬਾਦ ’ਚ ਰੋਡ ਸ਼ੋਅ ਕੀਤਾ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨੇ ‘ਵਾਈਬਰੈਂਟ ਗੁਜਰਾਤ ਆਲਮੀ ਵਪਾਰ ਪ੍ਰਦਰਸ਼ਨੀ-2024’ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਤਿਮੋਰ-ਲੈਸਤੇ (ਪੂਰਬੀ ਤਿਮੋਰ) ਤੇ ਮੋਜ਼ਮਬੀਕ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਵੱਖ ਵੱਖ ਕੰਪਨੀਆਂ ਦੇ ਸੀਈਓਜ਼ ਨਾਲ ਮੀਟਿੰਗਾਂ ਵੀ ਕੀਤੀਆਂ।
ਰੋਡ ਸ਼ੋਅ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਥੋਂ ਦੇ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ’ਤੇ ਯੂਏਈ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵੇਂ ਆਗੂ (ਮੋਦੀ ਤੇ ਨਾਹਿਆਨ) ਇੱਕ ਕਾਰ ’ਚ ਬੈਠੇ ਅਤੇ ਉਨ੍ਹਾਂ ਸੜਕ ਦੇ ਦੋਵੇਂ ਪਾਸੇ ਸਵਾਗਤ ਲਈ ਖੜ੍ਹੇ ਵੱਡੀ ਗਿਣਤੀ ਲੋਕਾਂ ਵੱਲ ਦੇਖ ਕੇ ਹੱਥ ਹਿਲਾਏ। ਹਵਾਈ ਅੱਡੇ ਤੋਂ ਲੈ ਕੇ ਇੰਦਰਾ ਬ੍ਰਿੱਜ ਤੱਕ ਤਿੰਨ ਕਿਲੋਮੀਟਰ ਲੰਮਾ ਰੋਡ ਸ਼ੋਅ 15 ਮਿੰਟ ਬਾਅਦ ਸਮਾਪਤ ਹੋ ਗਿਆ। ਇਸ ਦੌਰਾਨ ਯੂਏਈ ਦੇ ਰਾਸ਼ਟਰਪਤੀ ਦੇ ਸਵਾਗਤ ਸਬੰਧੀ ਸੜਕਾਂ ’ਤੇ ਬੈਨਰ ਵੀ ਲਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬ੍ਰਿੱਜ ਸਰਕਲ ਤੋਂ ਦੋਵੇਂ ਆਗੂ ਗਾਂਧੀਨਗਰ ਵਿਚਲੀਆਂ ਆਪੋ-ਆਪਣੀ ਮੰਜ਼ਿਲਾਂ ਵੱਲ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਾਈਬਰੈਂਟ ਗੁਜਰਾਤ ਆਲਮੀ ਵਪਾਰ ਪ੍ਰਦਰਸ਼ਨੀ-2024’ ਦਾ ਉਦਘਾਟਨ ਕੀਤਾ। ਇਹ ਆਲਮੀ ਪ੍ਰਦਰਸ਼ਨੀ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ’ਚ ਹੈਲੀਪੇਡ ਗਰਾਊਂਡ ਪ੍ਰਦਰਸ਼ਨੀ ਕੇਂਦਰ ਦੇ ਕਈ ਹਾਲ ਕਮਰਿਆਂ ’ਚ ਲਗਾਈ ਗਈ ਹੈ। ਪ੍ਰਦਰਸ਼ਨੀ ’ਚ ਕੁੱਲ 20 ਦੇਸ਼ ਸ਼ਿਰਕਤ ਕਰ ਰਹੇ ਹਨ। ਇਸ ਪ੍ਰਦਰਸ਼ਨੀ ’ਚ ਖੋਜ ਖੇਤਰ ਨਾਲ ਸਬੰਧਤ ਤਕਰੀਬਨ ਇੱਕ ਹਜ਼ਾਰ ਸਟਾਲ ਲਾਏ ਗਏ ਹਨ। ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਪਹਿਲਾਂ ਤਿਮੋਰ-ਲੈਸਤੇ (ਪੂਰਬੀ ਤਿਮੋਰ) ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਤਾ ਅਤੇ ਮੋਜ਼ਮਬੀਕ ਦੇ ਰਾਸ਼ਟਰਪਤੀ ਫਿਲਿਪ ਨਿਊਸੀ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕੀਤੀਆਂ ਗਈਆਂ ਲੜੀਵਾਰ ਪੋਸਟਾਂ ਅਨੁਸਾਰ ਮੋਦੀ ਨੇ ਦੁਨੀਆ ਭਰ ਤੇ ਸਿਖਰਲੇ ਉਦਯੋਗਪਤੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਵੀ ਮੁਲਾਕਾਤ ਕੀਤੀ ਤੇ ਭਾਰਤ ’ਚ ਨਿਵੇਸ਼ ਵਧਾਉਣ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ।