ਕਲਾਸੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ

ਕਲਾਸੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ

ਪ੍ਰੀਟੋਰੀਆ- ਦੱਖਣੀ ਅਫ਼ਰੀਕਾ ਦੇ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 32 ਸਾਲਾ ਕਲਾਸੇਨ ਨੇ 2019 ਵਿੱਚ ਰਾਂਚੀ ’ਚ ਭਾਰਤ ਖ਼ਿਲਾਫ਼ ਪਹਿਲਾ ਟੈਸਟ ਖੇਡਿਆ ਸੀ। ਉਸ ਨੇ ਆਪਣੇ ਛੋਟੇ ਟੈਸਟ ਕਰੀਅਰ ਵਿੱਚ ਸਿਰਫ ਚਾਰ ਮੈਚ ਖੇਡੇ। ਉਸ ਨੇ ਆਖਰੀ ਟੈਸਟ ਪਿਛਲੇ ਸਾਲ ਜੋਹੈਨਸਬਰਗ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ। ਕਲਾਸੇਨ ਨੇ ਆਪਣੇ ਟੈਸਟ ਕਰੀਅਰ ਵਿੱਚ 13.00 ਦੀ ਔਸਤ ਨਾਲ 104 ਦੌੜਾਂ ਬਣਾਈਆਂ ਅਤੇ ਸਿਡਨੀ ਵਿੱਚ ਆਸਟਰੇਲੀਆ ਖ਼ਿਲਾਫ਼ 35 ਦੌੜਾਂ ਉਸ ਦੀ ਸਰਬੋਤਮ ਪਾਰੀ ਸੀ। ਹਾਲਾਂਕਿ ਕਲਾਸੇਨ ਟੀ-20 ਅਤੇ ਇੱਕ ਰੋਜ਼ਾ ਮੈਚਾਂ ਵਿੱਚ ਦੱਖਣੀ ਅਫਰੀਕਾ ਦੀ ਨੁਮਾਇੰਦਗੀ ਕਰਨ ਲਈ ਉਪਲੱਬਧ ਹੋਵੇਗਾ। ਵਿਕਟਕੀਪਰ ਬੱਲੇਬਾਜ਼ ਨੇ ਬਿਆਨ ’ਚ ਕਿਹਾ, ‘‘ਮੈਂ ਇਹ ਸੋਚ ਕੇ ਕੁਝ ਦਿਨਾਂ ਤੱਕ ਸੌਂ ਨਹੀਂ ਸਕਿਆ ਕਿ ਮੈਂ ਸਹੀ ਫੈਸਲਾ ਲੈ ਰਿਹਾ ਹਾਂ ਜਾਂ ਨਹੀਂ। ਮੈਂ ਲਾਲ ਗੇਂਦ ਦੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਮੇਰਾ ਪਸੰਦੀਦਾ ਫਾਰਮੈਟ ਹੈ। ਇਸ ਕਰਕੇ ਇਹ ਫ਼ੈਸਲਾ ਮੇਰੇ ਲਈ ਬਹੁਤ ਮੁਸ਼ਕਲ ਸੀ।’’