ਜਿਉਣ ਦਾ ਸਲੀਕਾ

ਜਿਉਣ ਦਾ ਸਲੀਕਾ

ਗੁਰਬਿੰਦਰ ਸਿੰਘ ਮਾਣਕ

ਜ਼ਿੰਦਗੀ ਦੇ ਰਾਹ ਕਿਸੇ ਜਰਨੈਲੀ ਸੜਕ ਵਰਗੇ ਸਿੱਧੇ-ਪੱਧਰੇ ਨਹੀਂ ਹੁੰਦੇ। ਜੀਵਨ-ਰੂਪੀ ਗੱਡੀ, ਬਹੁਤੀ ਵਾਰੀ ਡਿੱਕੋ-ਡੋਲੇ ਖਾਂਦੀ, ਰਾਹਾਂ ਦੇ ਕੰਡਿਆਂ, ਟੋਏ-ਟਿੱਬਿਆਂ ਤੇ ਹੋਰ ਅਨੇਕਾਂ ਦੁਸ਼ਵਾਰੀਆਂ ਨਾਲ ਜੂਝਦੀ, ਜੇ ਮੰਜ਼ਿਲ ਦਾ ਕੁਝ ਹਿੱਸਾ ਵੀ ਪੂਰਾ ਕਰ ਲਵੇ ਤਾਂ ਸਫਲਤਾ ਹੀ ਸਮਝੀ ਜਾਂਦੀ ਹੈ। ਇਸੇ ਕਾਰਨ ਹੀ ਸ਼ਾਇਦ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਕੋਈ ਫੁੱਲਾਂ ਦੀ ਸੇਜ਼ ਨਹੀਂ, ਕੰਡਿਆਂ ਦਾ ਤਾਜ ਹੈ। ਪੰਜਾਬੀ ਦੇ ਉੱਘੇ ਵਾਰਤਕਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਥਨ ਹੈ, ‘‘ਆਪਣੀ ਤਕਦੀਰ ਆਪ ਲਿਖਣੀ ਪੈਂਦੀ ਹੈ, ਇਹ ਚਿੱਠੀ ਨਹੀਂ ਜੋ ਦੂਜਿਆਂ ਤੋਂ ਲਿਖਵਾ ਲਵੋਗੇ।’’ ਇਸ ਕਥਨ ਵਿੱਚ ਜੀਵਨ ਦਾ ਬਹੁਤ ਡੂੰਘਾ ਰਹੱਸ ਛੁਪਿਆ ਹੋਇਆ ਹੈ।

ਮਨੁੱਖੀ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਹੈ ਤੇ ਜੇ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਆ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਸਲ ਵਿੱਚ ਜ਼ਿੰਦਗੀ ਜਿਉਣਾ ਵੀ ਕਿਸੇ ਹੁਨਰ ਤੋਂ ਘੱਟ ਨਹੀਂ ਹੈ। ਜੀਵਨ ਦੀ ਗੱਡੀ ਨੂੰ ਚਲਾਉਣ ਲਈ ਭਾਵੇਂ ਕੋਈ ਸਥਾਪਿਤ ਜਾਂ ਮਿੱਥੇ ਹੋਏ ਨਿਯਮ ਨਹੀਂ ਹਨ ਕਿ ਜਿਨ੍ਹਾਂ ਨੂੰ ਅਪਣਾ ਕੇ ਕੋਈ ਵਿਅਕਤੀ ਜ਼ਿੰਦਗੀ ਰੂਪੀ ਸੜਕ ’ਤੇ ਸਫਲਤਾਪੂਰਵਕ ਚੱਲ ਸਕਦਾ ਹੋਵੇ। ਅਸਲ ਵਿੱਚ ਹਰ ਵਿਅਕਤੀ ਆਪਣੇ ਢੰਗ ਨਾਲ ਹੀ ਜ਼ਿੰਦਗੀ ਜਿਉਂਦਾ ਹੈ। ਜੀਵਨ ਵਿੱਚ ਵਿਚਰਦਿਆਂ ਅਕਸਰ ਇਹ ਅਨੁਭਵ ਹੁੰਦਾ ਹੈ ਕਿਸੇ ਨੂੰ ਜ਼ਿੰਦਗੀ ਦੀ ਸਮਝ ਸਾਰਾ ਜੀਵਨ ਗੁਜ਼ਾਰ ਕੇ ਵੀ ਨਹੀਂ ਆਉਂਦੀ ਤੇ ਵਿਰਲੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਜੀਵਨ ਦੇ ਡੂੰਘੇ ਭੇਦਾਂ ਦੀ ਸੋਝੀ ਛੇਤੀ ਹੀ ਹੋ ਜਾਂਦੀ ਹੈ।

ਬਹੁਤੇ ਲੋਕ ਤਾਂ ਰੋਜ਼ੀ-ਰੋਟੀ ਦੇ ਝਮੇਲਿਆਂ ਵਿੱਚ ਫਸੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਦੇ ਹੀ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਬਿਨਾਂ ਸ਼ੱਕ ਵਿਦਿਆ ਤੇ ਗਿਆਨ ਦੀ ਰੌਸ਼ਨੀ ਨੇ ਮਨੁੱਖੀ ਜ਼ਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਵਿੱਚ ਮਦਦ ਕੀਤੀ ਹੈ, ਪਰ ਪੜ੍ਹੇ ਲਿਖੇ ਕਹੇ ਜਾਣ ਵਾਲੇ ਅਨੇਕਾਂ ਲੋਕ ਵੀ ਕਈ ਵਾਰ ਜ਼ਿੰਦਗੀ ਜਿਉਣ ਦੇ ਸਲੀਕੇ ਤੋਂ ਕੋਰੇ ਦੇਖੇ ਜਾ ਸਕਦੇ ਹਨ। ਇਸ ਤੋਂ ਉਲਟ ਅਨੇਕਾਂ ਸਿੱਧੜ ਜਿਹੇ ਦਿਸਣ ਵਾਲੇ ਲੋਕ ਵੀ ਸਾਦਗੀ ਭਰਿਆ, ਕਿਰਤ ਤੇ ਮੁਸ਼ੱਕਤ ਨਾਲ ਲਬਰੇਜ਼, ਹਊਮੈ ਹੰਕਾਰ ਤੋਂ ਰਹਿਤ, ਸੇਵਾ ਭਾਵਨਾ ਨਾਲ ਪਰੁੱਚਿਆ ਅਰਥ ਭਰਪੂਰ ਜੀਵਨ ਜੀ ਕੇ ਕਈਆਂ ਲਈ ਚਾਨਣ-ਮੁਨਾਰਾ ਬਣ ਜਾਂਦੇ ਹਨ।

ਅਕਸਰ ਜੀਵਨ ਵਿੱਚ ਧਨ ਦੌਲਤ ਤੇ ਪਦਾਰਥਕ ਵਸਤਾਂ ਦੀ ਬਹੁਲਤਾ ਨੂੰ ਹੀ ਜ਼ਿੰਦਗੀ ਸਮਝਣ ਦਾ ਭਰਮ ਸਿਰਜ ਲੈਂਦੇ ਹਨ। ਬਿਨਾਂ ਸ਼ੱਕ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਜੀਵਨ-ਰੂਪੀ ਗੱਡੀ ਨੂੰ ਚਲਾ ਸਕਣਾ ਔਖਾ ਹੈ, ਪਰ ਇਨ੍ਹਾਂ ਨੂੰ ਹੀ ਜ਼ਿੰਦਗੀ ਸਮਝ ਲੈਣਾ, ਜ਼ਿੰਦਗੀ ਦੀ ਸਾਰਥਿਕਤਾ ਤੋਂ ਮੂੰਹ ਮੋੜ ਲੈਣਾ ਹੈ। ਜੇਕਰ ਜ਼ਿੰਦਗੀ ਜਿਉਣ ਦਾ ਮਕਸਦ ਹੀ ਕੋਈ ਨਾ ਹੋਵੇ ਤਾਂ ਅਜਿਹਾ ਜੀਵਨ ਵੀ ਬੇਅਰਥਾ ਹੋ ਜਾਂਦਾ ਹੈ। ਅਨੇਕਾਂ ਲੋਕ ਅਜਿਹੇ ਹਨ ਜਿਨ੍ਹਾਂ ਪਾਸ ਧਨ ਧੌਲਤ ਤੇ ਹੋਰ ਚੀਜ਼ਾਂ ਵਸਤਾਂ ਦੇ ਅੰਬਾਰ ਲੱਗੇ ਹੋਏ ਹਨ, ਪਰ ਉਨ੍ਹਾਂ ਦੇ ਜੀਵਨ ਵਿੱਚ ਕੋਈ ਹੁਲਾਸ ਜਾਂ ਖੁਸ਼ੀ ਦੇ ਚਿੰਨ੍ਹ ਦਿਖਾਈ ਨਹੀਂ ਦਿੰਦੇ। ਅਫ਼ਰੀਕੀ ਕਹਾਵਤ ਹੈ ‘ਆਦਮੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਇੱਕੋ ਸਮੇਂ ਦੋ ਬਿਸਤਰਿਆਂ ਵਿੱਚ ਨਹੀਂ ਸੌਂ ਸਕਦਾ।’ ਅਜਿਹੇ ਵਿਅਕਤੀ ਜ਼ਿੰਦਗੀ ਦੀ ਦੌੜ ਵਿੱਚ ਇਸ ਕਦਰ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਕਈ ਵਾਰ ਸਰੀਰਕ ਤੇ ਮਾਨਸਿਕ ਰੋਗ ਸਹੇੜ ਲੈਂਦੇ ਹਨ। ਮਨੁੱਖ ਦੀਆਂ ਸਾਰੀਆਂ ਦੌੜਾਂ ਆਪਣੇ ਜੀਵਨ ਨੂੰ ਸੁਖਦਾਈ ਤੇ ਖੁਸ਼ੀ ਭਰਿਆ ਬਣਾਉਣ ਵੱਲ ਰੁਚਿਤ ਹਨ। ਮਨੁੱਖ ਵੱਲੋਂ ਜ਼ਿੰਦਗੀ ਨੂੰ ਹੋਰ ਚੰਗੇਰਾ ਬਣਾਉਣ ਦੀ ਇਹ ਰੀਝ, ਜ਼ਿੰਦਗੀ ਨੂੰ ਹੋਰ ਵਧੀਆ ਢੰਗ ਨਾਲ ਮਾਣਨ ਦੇ ਚਾਅ ਦਾ ਪ੍ਰਤੀਕ ਹੈ।

ਜ਼ਿੰਦਗੀ ਕਦੇ ਇੱਕੋ ਜਿਹੀ ਨਹੀਂ ਰਹਿੰਦੀ, ਇਹ ਨਿਰੰਤਰ ਬਦਲਦੀ ਤੇ ਕਈ ਰੰਗ ਦਿਖਾਉਂਦੀ ਰਹਿੰਦੀ ਹੈ। ਜਿਹੜੇ ਜੀਵਨ ਰੂਪੀ ਪਾਣੀਆਂ ਨੂੰ ਨਿਰੰਤਰ ਵਗਦੇ ਤੇ ਸਾਫ਼-ਸਫਾਫ਼ ਰੱਖਣ ਲਈ ਕੋਸ਼ਿਸ਼ ਰੂਪੀ ਕੰਕਰਾਂ ਨਾਲ ਪਾਣੀਆਂ ਵਿੱਚ ਲਹਿਰਾਂ ਪੈਦਾ ਕਰਨ ਵਿੱਚ ਜੁਟੇ ਰਹਿੰਦੇ ਹਨ, ਇੱਕ ਨਾ ਇੱਕ ਦਿਨ ਸਫਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮਦੀ ਹੈ। ਜ਼ਿੰਦਗੀ ਪ੍ਰਤੀ ਕੰਜੂਸੀ ਦਾ ਰਵੱਈਆ ਅਖ਼ਤਿਆਰ ਕਰਨ ਵਾਲੇ ਜਿਉਣਾ ਨਹੀਂ ਜਾਣਦੇ। ਕੁਦਰਤ ਦੇ ਅਨੇਕਾਂ ਖੂਬਸੂਰਤ ਰੰਗਾਂ ਨੂੰ ਮਾਣਨ ਵਿੱਚ ਭਲਾ ਕਿਹੜਾ ਧਨ ਖ਼ਰਚ ਹੁੰਦਾ ਹੈ? ਰੁੱਖ, ਬੂਟੇ, ਰੰਗ-ਬਿਰੰਗੇ ਫੁੱਲਾਂ ਨਾਲ ਲੱਦੀਆਂ ਟਾਹਣੀਆਂ, ਖੇਤਾਂ ਵਿੱਚ ਝੂਮਦੀਆਂ ਫ਼ਸਲਾਂ, ਬੱਚਿਆਂ ਦਾ ਨਿਰਛਲ ਹਾਸਾ, ਚਹਿਚਹਾਉਂਦੇ ਪੰਛੀ, ਟਿਮਟਮਾਉਂਦੇ ਤਾਰਿਆਂ ਨਾਲ ਸਜਿਆ ਗਗਨ, ਰੌਸ਼ਨੀਆਂ ਬਿਖੇਰਦਾ ਚੰਦਰਮਾ, ਵਰ੍ਹਦਾ ਮੀਂਹ, ਰੁਮਕਦੀ ਪੌਣ, ਖਿੜਖਿੜ ਹੱਸਦੀਆਂ ਮੁਟਿਆਰਾਂ ਤੇ ਜੀਵਨ ਦੇ ਡੂੰਘੇ ਅਨੁਭਵਾਂ ਦੀ ਬਾਤ ਪਾਉਂਦੇ ਬਾਬੇ ਤੇ ਹੋਰ ਬਹੁਤ ਕੁਝ ਅਜਿਹਾ ਹੈ, ਜਿਸ ਨਾਲ ਜ਼ਿੰਦਗੀ ਰੂਪੀ ਗੱਡੀ ਨੂੰ ਨਿਰੰਤਰ ਖੁਸ਼ਗਵਾਰ ਤੇ ਜਿਉਣਯੋਗ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਦੇ ਅਜਿਹੇ ਸੁਹਜ ਨੂੰ ਮਾਣਨ ਵਾਲੇ ਵਿਰਲੇ ਹੀ ਹਨ ਤੇ ਅਜਿਹੀ ਨੀਝ ਵੀ ਵਿਰਲਿਆਂ ਦੀ ਹੀ ਹੈ। ਅਜਿਹੇ ਵਿਅਕਤੀ ਆਰਥਿਕ ਪੱਖੋਂ ਤਾਂ ਭਾਵੇਂ ਗ਼ਰੀਬ ਹੋਣ, ਪਰ ਜਿਹੜੀ ਅਮੀਰੀ ਉਨ੍ਹਾਂ ਕੋਲ ਹੁੰਦੀ ਹੈ ਉਹ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦੀ ਹੈ।

ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਹੜੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਵੀ ਖਿੜੇ ਮੱਥੇ ਜਰਨ ਦਾ ਹੌਸਲਾ ਰੱਖਦੇ ਹਨ। ਉਨ੍ਹਾਂ ਦਾ ਮਨ ਭਾਵੇਂ ਜਿੰਨਾ ਮਰਜ਼ੀ ਉਦਾਸ ਹੋਵੇ, ਪਰ ਉਨ੍ਹਾਂ ਦੇ ਚਿਹਰੇ ਉੱਤੇ ਉਦਾਸੀ ਦੀ ਕੋਈ ਸ਼ਿਕਨ ਨਜ਼ਰ ਨਹੀਂ ਆਉਂਦੀ। ਇਸ ਦੇ ਉਲਟ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਹਰ ਇੱਕ ਕੋਲ ਹੀ ਆਪਣੇ ਦਰਦਾਂ ਦਾ ਰੋਣਾ ਰੋਣ ਬਹਿ ਜਾਂਦੇ ਹਨ। ਜ਼ਿੰਦਗੀ ਤੋਂ ਹਰ ਸਮੇਂ ਨਿਰਾਸ਼ ਤੇ ਉਦਾਸ ਰਹਿਣ ਵਾਲੇ ਲੋਕ ਨਰਕ ਤੋਂ ਵੀ ਬਦਤਰ ਜੀਵਨ ਬਸਰ ਕਰਨ ਦਾ ਰਾਹ ਅਪਣਾ ਕੇ ਆਪਣੀਆਂ ਪਰੇਸ਼ਾਨੀਆਂ ਵਿੱਚ ਹੋਰ ਵਾਧਾ ਕਰ ਲੈਂਦੇ ਹਨ। ਦੁੱਖ ਸਮੇਂ ਢੇਰੀ ਢਾਹ ਬਹਿਣਾ ਜ਼ਿੰਦਗੀ ਪ੍ਰਤੀ ਨਾਂਹਪੱਖੀ ਨਜ਼ਰੀਆ ਹੈ। ਕਈ ਲੋਕ ਸੁੱਖਾਂ ਤੇ ਰੰਗ-ਤਮਾਸ਼ਿਆਂ ਵਿੱਚ ਗਲਤਾਨ ਹੋ ਕੇ ਸਭ ਕੁਝ ਭੁੱਲ ਬੈਠਦੇ ਹਨ, ਪਰ ਜਦੋਂ ਕਿਸੇ ਮੁਸੀਬਤ ਦੇ ਰੂਬਰੂ ਹੁੰਦੇ ਹਨ ਤਾਂ ਛੇਤੀ ਹੀ ਹੌਸਲਾ ਹਾਰ ਬਹਿੰਦੇ ਹਨ। ਜੇਕਰ ਜੀਵਨ ਵਿੱਚ ਆਉਂਦੀਆਂ ਖੁਸ਼ੀਆਂ ਤੇ ਗ਼ਮੀਆਂ ਨੂੰ ਸੰਤੁਲਿਤ ਨਜ਼ਰੀਏ ਨਾਲ ਵਿਚਾਰਿਆ ਜਾਵੇ ਤਾਂ ਜ਼ਿੰਦਗੀ ਦੀ ਸਹਿਜਤਾ ਬਰਕਰਾਰ ਰਹਿੰਦੀ ਹੈ।

ਕੁਝ ਲੋਕਾਂ ਦੇ ਵਿਵਹਾਰ ਵਿੱਚ ਤਲਖ਼ੀ ਤੇ ਗੁੱਸਾ ਇਸ ਕਦਰ ਛਾਇਆ ਰਹਿੰਦਾ ਹੈ ਕਿ ਉਨ੍ਹਾਂ ਦੇ ਮੱਥੇ ’ਤੇ ਹਰ ਸਮੇਂ ਹੀ ਤਿਊੜੀਆਂ ਉੱਭਰੀਆਂ ਰਹਿੰਦੀਆਂ ਹਨ। ਅਜਿਹੇ ਵਿਅਕਤੀਆਂ ਦੇ ਵਿਵਹਾਰ ਵਿੱਚੋਂ ਹਲੀਮੀ, ਨਿਮਰਤਾ ਤੇ ਸਹਿਣਸ਼ੀਲਤਾ ਭਾਲਿਆਂ ਵੀ ਨਹੀਂ ਲੱਭਦੀ। ਕਈ ਵਾਰ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਆਪਣੇ ਆਪ ਨਾਲ ਹੀ ਲੜ ਰਹੇ ਹੋਣ। ਕੁਝ ਲੋਕਾਂ ਦੇ ਵਿਵਹਾਰ ਵਿੱਚ ਏਨਾ ਸਲੀਕਾ ਹੁੰਦਾ ਹੈ ਕਿ ਉਹ ਹਮੇਸ਼ਾਂ ਲਈ ਤੁਹਾਡੇ ਚੇਤਿਆਂ ਵਿੱਚ ਵਸ ਜਾਂਦੇ ਹਨ। ਅਜਿਹੇ ਸ਼ਖ਼ਸ ਜਦੋਂ ਬੋਲਦੇ ਹਨ ਤਾਂ ਵਿਲੱਖਣ ਸਲੀਕੇ ਦਾ ਮੁਜ਼ਾਹਰਾ ਤਾਂ ਕਰਦੇ ਹੀ ਹਨ, ਉਨ੍ਹਾਂ ਦੇ ਬੋਲਾਂ ਨਾਲ ਵੀ ਹਰ ਕੋਈ ਗਦਗਦ ਹੋ ਉੱਠਦਾ ਹੈ। ਮਨੁੱਖੀ ਵਿਵਹਾਰ ਤੋਂ ਹੀ ਕਿਸੇ ਮਨੁੱਖ ਦੇ ਅੰਦਰਲੇ ਸੁਹੱਪਣ ਦਾ ਪਤਾ ਲੱਗਦਾ ਹੈ। ਅਜਿਹੇ ਵਿਅਕਤੀਆਂ ਦੀ ਹਾਜ਼ਰੀ ਮਾਹੌਲ ਨੂੰ ਖੁਸ਼ਗਵਾਰ ਤੇ ਸਹਿਜ ਬਣਾ ਦਿੰਦੀ ਹੈ।

ਕੁਝ ਲੋਕ ਬਿਨਾਂ ਕਿਸੇ ਉਦੇਸ਼ ਜਾਂ ਨਿਸ਼ਾਨੇ ਦੇ ਵਾਹੋਦਾਹੀ ਦੌੜੇ ਰਹਿੰਦੇ ਹਨ, ਪਰ ਉਹ ਸਾਰਾ ਜੀਵਨ ਪਹੁੰਚਦੇ ਕਿਤੇ ਨਹੀਂ। ਕੁਝ ਮੰਜ਼ਿਲ ’ਤੇ ਪਹੁੰਚਣ ਦੀ ਕਾਹਲ ਵਿੱਚ ਛੇਤੀ ਹੀ ਰਾਹਾਂ ਦੀ ਧੂੜ ਵਿੱਚ ਗਵਾਚ ਜਾਂਦੇ ਹਨ। ਜਿਹੜੇ ਨਿਰੰਤਰ ਯਤਨਾਂ ਸਦਕਾ, ਹਿੰਮਤ ਤੇ ਹੌਸਲੇ ਨਾਲ ਔਖੀਆਂ ਘਾਟੀਆਂ ਨੂੰ ਵੀ ਪਾਰ ਕਰ ਜਾਂਦੇ ਹਨ, ਮੰਜ਼ਿਲ ਉਨ੍ਹਾਂ ਦਾ ਹੀ ਸਵਾਗਤ ਕਰਦੀ ਹੈ। ਕੇਵਲ ਖਾਣਾ-ਪੀਣਾ ਤੇ ਐਸ਼ਪ੍ਰਸਤੀ ਹੀ ਜ਼ਿੰਦਗੀ ਜਿਉਣਾ ਨਹੀਂ ਹੈ। ਪੈਸੇ ਦੀ ਦੌੜ ਵਿੱਚ ਹਫੇ ਹੋਏ ਲੋਕਾਂ ਦਾ ਜੀਵਨ ਵੀ ਸੁਖਾਵਾਂ ਨਹੀਂ ਹੁੰਦਾ। ਅਜੋਕਾ ਮਨੁੱਖ ਸੋਚਾਂ ਦੇ ਭਵਸਾਗਰ ਵਿੱਚ ਡੁੱਬਿਆ, ਮਾਨਸਿਕ ਪਰੇਸ਼ਾਨੀਆਂ ਦੇ ਬੋਝ ਥੱਲੇ ਦੱਬਿਆ ਹੀ ਬੁਰਕੀ ਸੰਘੋਂ ਲਘਾਉਂਦਾ ਹੈ। ਜਦੋਂ ਨੋਟਬੰਦੀ ਹੋਈ, ਨੋਟਾਂ ਦੇ ਅੰਬਾਰ ਸਿਰਜਣ ਵਾਲੇ ਕੱਖੋਂ ਹੌਲੇ ਹੋ ਗਏ। ਬਹੁਤ ਵੱਡੇ ਧਨਾਢਾਂ ਨੂੰ ਇਸ ਦਾ ਜ਼ਰੂਰ ਲਾਭ ਵੀ ਹੋਇਆ ਹੋਵੇਗਾ, ਪਰ ਅਮੀਰ ਬਣਨ ਦੀ ਹੋੜ ਵਿੱਚ ਜਿਹੜੇ ਦੋਹੀਂ ਹੱਥੀਂ ਧਨ ਲੁੱਟ ਕੇ ਨੋਟਾਂ ਦੇ ਬੋਰੇ ਭਰਦੇ ਰਹੇ, ਉਹ ਬਹੁਤੇ ਉਨ੍ਹਾਂ ਦੇ ਕੰਮ ਨਹੀਂ ਆਏ। ਮਨੁੱਖ ਦਾ ਲਾਲਚੀ ਹੋਣਾ ਤਾਂ ਸਮਝ ਆਉਂਦਾ ਹੈ, ਪਰ ਜਦੋਂ ਇਹ ਸਥਿਤੀ ਸਭ ਹੱਦਾਂ ਪਾਰ ਕਰ ਜਾਵੇ ਉਦੋਂ ਮਨੁੱਖ ਦਾ ਅਮਾਨਵੀ ਪੱਖ ਉਜਾਗਰ ਹੋ ਜਾਂਦਾ ਹੈ। ਕਰੋਨਾ ਮਹਾਮਾਰੀ ਨੇ ਵੀ ਬਾਹਰੋਂ ਸਾਬਤ-ਸਬੂਤੇ ਦਿਸਦੇ ਮਨੁੱਖ ਦੇ ਕਈ ਕੋਹਜ ਸਾਹਮਣੇ ਲਿਆਂਦੇ ਹਨ। ਡਰ, ਖੌਫ਼ ਤੇ ਉਤੇਜਨਾ ਕਾਰਨ ਕਰੋਨਾ ਦੀ ਲਪੇਟ ਵਿੱਚ ਆ ਕੇ ਜਹਾਨੋਂ ਤੁਰ ਗਏ ਲੋਕਾਂ ਦੀਆਂ ਅੰਤਮ ਰਸਮਾਂ ਕਰਨ ਤੋਂ ਬਹੁਤੀ ਥਾਈਂ ਆਪਣੇ ਹੀ ਪਿੱਠ ਦਿਖਾ ਗਏ। ਕਈ ਥਾਵਾਂ ’ਤੇ ਕਰੋਨਾ ਪੀੜਤਾਂ ਨੂੰ ਧਾਰਮਿਕ ਤੇ ਫਿਰਕੂ ਐਨਕਾਂ ਲਾ ਕੇ ਨਫ਼ਰਤ ਦੇ ਪਾਤਰ ਬਣਾਇਆ ਗਿਆ।

ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਵਿਅਕਤੀ ਜ਼ਿੰਦਗੀ ਨੂੰ ਖੂਬ ਮਾਣਦੇ ਹਨ ਤੇ ਜ਼ਿੰਦਗੀ ਜਿਉਣ ਦੇ ਚਾਅ ਨਾਲ ਭਰੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਸਦਕਾ ਹੀ ਇਹ ਧਰਤੀ ਰਹਿਣਯੋਗ ਤੇ ਖੁਸ਼ਗਵਾਰ ਨਜ਼ਰ ਆਉਂਦੀ ਹੈ। ਨਿਰਾਸ਼ਾ ਵਿਅਕਤੀ ਦੇ ਅੰਦਰਲੀ ਮੌਲਿਕਤਾ ਨੂੰ ਨਸ਼ਟ ਕਰ ਕੇ ਉਸ ਨੂੰ ਅਜਿਹੇ ਰਾਹਾਂ ’ਤੇ ਤੋਰ ਦਿੰਦੀ ਹੈ ਜਿਹੜੇ ਕਿਸੇ ਅੰਨ੍ਹੀ ਗੁਫ਼ਾ ਵੱਲ ਜਾਂਦੇ ਹੋਣ। ਆਪਣੇ ਆਪ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਦੂਜਿਆਂ ਲਈ ਜਿਉਣਾ ਵਿਰਲਿਆਂ ਦੇ ਹੀ ਹਿੱਸੇ ਆਇਆ ਹੈ। ਜਿਹੜੇ ਇਸ ਰਾਹ ਤੁਰ ਪੈਂਦੇ ਹਨ ਉਹ ਜੀਵਨ ਦੀ ਸਾਰਥਿਕਤਾ ਨੂੰ ਸਮਝਣ ਦੀ ਸੂਝ ਪੈਦਾ ਕਰ ਲੈਂਦੇ ਹਨ। ਜ਼ਿੰਦਗੀ ਬਹੁਤ ਵੱਡਮੁੱਲੀ ਤੇ ਖੂਬਸੂਰਤ ਹੈ ਤੇ ਜਦੋਂ ਜਿਉਣ ਦਾ ਸਲੀਕਾ ਤੇ ਸੂਝ ਪੈਦਾ ਹੋ ਜਾਵੇ ਤਾਂ ਇਹ ਹੋਰ ਵੀ ਮਾਣਨਯੋਗ ਹੋ ਜਾਂਦੀ ਹੈ।