ਭਾਈ ਰਾਜੋਆਣਾ ਨੇ ਲਿਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ

ਭਾਈ ਰਾਜੋਆਣਾ ਨੇ ਲਿਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ

ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਫਿਰ ਪਛਤਾਵਾ ਕਿਸ ਗੱਲ ਦਾ, ਮੁਆਫੀ ਕਿਸ ਗੱਲ ਦੀ?
ਪਟਿਆਲਾ : ਪਿਛਲੇ ਦਿਨੀਂ ਲੋਕ ਸਭਾ ’ਚ ਆਪਣੇ ਸੰਬੋਧਨ ਦੌਰਾਨ ਗ੍ਰਹਿ ਮੰਤਰੀ ਨੇ ਬੰਦੀ ਸਿੰਘਾਂ ਦੇ ਇਕ ਮੁੱਦੇ ’ਤੇ ਜਵਾਬ ਦਿੰਦਿਆਂ ਕਿਹਾ ਸੀ ਕਿ ਜਿਸ ਸ਼ਖਸ ਨੂੰ ਆਪਣੇ ਕੀਤੇ ਦਾ ਪਛਾਵਾ ਨਹੀਂ, ਉਸ ਨੂੰ ਮੁਆਫ਼ੀ ਕਹੀ। ਇਸ ਦੇ ਜਵਾਬ ’ਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਾਰ ਸਫ਼ਿਆਂ ਦਾ ਇਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਉਕਤ ਬਿਆਨ ’ਤੇ ਕਈ ਸਵਾਲ ਚੁੱਕੇ ਹਨ। ਪੱਤਰ ’ਚ ਭਾਈ ਰਾਜੋਆਣਾ ਨੇ ਲਿਖਿਆ ਹੈ ਕਿਦ ਮੈਂ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਤੁਸੀਂ ਦੇਸ਼ ਦੀ ਸੰਸਦ ਵਿਚ ਖੜ੍ਹ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿਚ ਬੈਠੇ ਮੈਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਹੈ ਕਿ ਅਗਰ ਉਸ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ, ਉਹ ਵਿਅਕਤੀ ਦਇਆ ਦਾ, ਰਹਿਮ ਦਾ ਹੱਕਦਾਰ ਨਹੀਂ ਹੈ। ਤੁਹਾਡੇ ਵਲੋਂ ਸੰਸਦ ਵਿਚ ਦਿੱਤੇ ਹੋਏ ਬਿਆਨ ’ਤੇ ਮੈਂ ਇਹੀ ਕਹਿਣਾ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ’ਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ, ਜਿਹੜੇ ਅਜੇ ਦੇਸ਼ ਵਿਚ ਲਾਗੂ ਹੀ ਨਹੀਂ ਹੋਏ। ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਫਿਰ ਪਛਤਾਵਾ ਕਿਸ ਗੱਲ ਦਾ, ਮੁਆਫ਼ੀ ਕਿਸ ਗੱਲ ਦੀ? ਮੈਂ ਤੁਹਾਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਇਹ ਕਿਹਾ ਸੀ ਕਿ 1984 ਵਿਚ ਕਾਂਗਰਸੀ ਹੁਕਮਰਾਨਾਂ ਵਲੋਂ ਸਿੱਖਾਂ ਦੇ ਸਰਬ-ਉਚ ਧਾਰਮਿਕ ਅਸਥਾਨ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਅਤੇ ਤੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ’ਚ ਖੋਭਿਆ ਹੋਇਆ ਖ਼ੰਜਰ ਹੈ, ਕਾਂਗਰਸੀ ਹੁਕਮਰਨਾਂ ਵਲੋਂ ਕੀਤੇ ਹੋਏ ਗੁਨਾਹ ਅਤੇ ਪਾਪ ਹਨ। ਹੁਣ ਤੁਸੀਂ ਹੀ ਦੱਸੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿਚ ਖ਼ੰਜਰ ਖੋਭਣ ਵਾਲੇ ਗੁਨਾਹਗਾਰਾਂ ਨਾਲ, ਪਾਪੀਆਂ ਨਾਲ ਖੜ੍ਹਨਾ, ਉਨ੍ਹਾਂ ਦੀ ਪੁਸ਼ਤਪਨਾਹੀ ਕਰਨਾ ਗੁਨਾਹ ਹੈ ਜਾਂ ਇਨ੍ਹਾਂ ਪਾਪੀਆਂ ਦੇ ਖਿਲਾਫ਼ ਲੜਨਾ ਗੁਨਾਹ ਹੈ। ਉਨ੍ਹਾਂ ਲਿਖਿਆ ਕਿ ਅਮਿਤ ਸ਼ਾਹ, ਜਿਥੋਂ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਜਾਂ ਨਾ ਮੰਨਣ ਦੀ ਗੱਲ ਹੈ, ਮੈਂ ਅਦਾਲਤ ਵਿਚ ਸੱਚ ਬੋਲਿਆ, ਮੈਂ ਜੋ ਵੀ ਕੀਤਾ, ਉਸ ਨੂੰ ਅਦਾਲਤ ਵਿਚ ਸਵੀਕਾਰ ਕੀਤਾ। ਮੈਂ ਅਦਾਲਤਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਸਭ ਕਿਉਂ ਕੀਤਾ। ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ। ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿਚ ਕਤਲੇਆਮ ਕਰਨ ਵਾਲੇ, ਗੁਜਾਰ ਦੰਗਿਆਂ ਦੇ ਦੋਸ਼ੀ, ਬੀਬੀ ਬਿਲਕਿਸ ਬਾਨੋ ਦੇ ਗੁਨਾਹਗਾਰ ਅਤੇ ਹੋਰ ਵੀ ਘਿਨਾਉਣੇ ਤੋਂ ਘਿਨਾਉਣੇ ਅਪਰਾਧ ਕਰਨ ਵਾਲੇ ਸਾਰੇ ਗੁਨਾਹਗਾਰ ਅਤੇ ਅਪਰਾਧੀ, ਕੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ? ਕੀ ਸੰਵਿਧਾਨ ਉਨ੍ਹਾਂ ਨੂੰ ਇਹ ਸਾਰੇ ਘਿਨਾਉਣੇ ਅਪਰਾਧ ਕਰਨ ਦੀ ਇਜ਼ਾਜਤ ਦਿੰਦਾ ਹੈ? ਅਮਿਤ ਸ਼ਾਹ, ਜਦੋਂ ਮੈਂ ਅਦਾਲਤਾਂ ਵਿਚ ਆਪਣੇ ਕੀਤੇ ਨੂੰ ਸਵੀਕਾਰ ਹੀ ਕਰ ਲਿਆ, ਉਸ ਦੇ ਬਦਲੇ ਮਿਲੀ ਸਜ਼ਾ ਨੂੰ ਵੀ ਹੱਸ ਕੇ ਸਵੀਕਾਰ ਕਰ ਲਿਆ। ਫਿਰ ਕਿਸੇ ਅੱਗੇ ਕੋਈ ਅਪੀਲ ਕਰਨ ਦਾ ਜਾਂ ਫਿਰ ਕਿਸੇ ਤੋਂ ਰਹਿਮ ਮੰਗਣ ਦਾ ਤਾਂ ਕੋਈ ਸਵਾਲ ਪੈਦਾ ਹੀ ਨਹੀਂ ਹੁੰਦਾ। ਇਹ ਅਪੀਲ ਜਿਹੜੀ ਤੁਹਾਡੇ ਕੋਲ ਪਿਛਲੇ 12 ਸਾਲਾਂ ਤੋਂ ਵਿਚਾਰ ਅਧੀਨ ਹੈ, ਇਹ ਅਪੀਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਰ ‘ਸ੍ਰੀ ਅਕਾਲ ਤਖਤ ਸਾਹਿਬ’ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਗਈ ਹੈ, ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕੀਤਾ, ਜਿਸ ’ਤੇ ਕਾਰਵਾਈ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਮੇਰੀ ਫ਼ਾਂਸੀ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ, ਜਿਸ ਅਪੀਲ ’ਤੇ ਤੁਹਾਡੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਐਲਾਨ ਕੀਤਾ, ਜਿਸ ਅਪੀਲ ’ਤੇ ਫੈਸਲਾ ਲੈਣ ਲਈ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸ ਸਾਹਿਬਾਨ ਨੇ ਤੁਹਾਨੂ’ੰ 7 ਹੁਕਮ ਜਾਰੀ ਕੀਤੇ ਅਤੇ ਜਿਹੜੀ ਅਪੀਲ ਪਿਛਲੇ 12 ਸਾਲਾਂ ਤੋਂ ਡੁਹਾਡੇ ਕੋਲ ਵਿਚਾਰ-ਅਧੀਨ ਪਈ ਹੈ, ਉਸ ਅਪੀਲ ’ਤੇ ਅੱਜ ਤੁਹਾਡੇ ਵਲੋਂ ਕੋਈ ਕਿੰਤੂ-ਪ੍ਰੰਤੂ ਕਰਨਾ ਇਨ੍ਹਾਂ ਸਾਰੀਆਂ ਹੀ ਸੰਸਥਾਵਾਂ ਦਾ ਅਪਮਾਨ ਹੈ। ਫਿਰ ਵੀ ਇਸ ਅਪੀਲ ’ਤੇ ਕੋਈ ਵੀ ਫੈਸਲਾ ਲੈਣਾ ਤੁਹਾਡਾ ਅਧਿਕਾਰ ਖੇਤਰ ਹੈ, ਜਿਸ ਫੈਸਲੇ ਦਾ ਮੈਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹਾਂ। ਵੈਸੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਗੁਨਾਹਗਾਰਾਂ ਦੀ ਪੁਸ਼ਤਪਨਾਹੀ ਨਹੀਂ ਕੀਤੀ ਜਾਂਦੀ, ਸਗੋਂ ਕੌਮ ਦੀਆਂ ਭਾਵਨਾਵਾਂ ਦੀ ਰਹਿਨੁਮਾਈ ਅਤੇ ਸਨਮਾਨ ਹੀ ਕੀਤਾ ਜਾਂਦਾ ਹੈ। ਅਮਿਤ ਸ਼ਾਹ, ਅਜੇ ਪਿਛਲੇ ਦਿਨੀਂ ਹੀ ਭਾਰਤ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ‘ਵੀਰ-ਬਾਲ’ ਦਿਵਸ ਪੂਰੇ ਦੇਸ਼ ਵਿਚ ਸ਼ਰਧਾ ਨਾਲ ਮਨਾਇਆ ਹੈ। ਇਸ ਮੌਕੇ ਵੀ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਦੇਸ਼ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਰਿਹਾ ਹੈ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਤਾਂ ਜ਼ੁਲਮ ਦੇ ਖ਼ਿਲਾਫ਼, ਗੁਨਾਹਗਾਰਾਂ ਦੇ ਖਿਲਾਫ਼ ਅਤੇ ਪਾਪੀਆਂ ਦੇ ਖ਼ਿਲਾਫ਼ ਲੜਨ ਦੀ ਪ੍ਰੇਰਨਾ ਮਿਲਦੀ ਹੈ, ਨਾ ਕਿ ਜ਼ਾਲਮਾਂ ਤੋਂ ਅਤੇ ਪਾਪੀਆਂ ਤੋਂ ਰਹਿਮ ਮੰਗਣ ਦੀ ਅਤੇ ਉਨ੍ਹਾਂ ਦੀ ਈਨ ਮੰਨਣ ਦੀ। ਸਾਡੇ ਦੇਸ਼ ਦੀਆਂ ਮਾਣ ਉਲੰਪਿਕ ’ਚੋਂ ਮੈਡਲ ਜਿੱਤਣ ਵਾਲੀਆਂ ਸਾਡੀਆਂ ਬੇਟੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਣ ਵਰਗੇ ਦਰਿੰਦੇ ਤੁਹਾਡੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਤੁਸੀਂ ਆਪਣੇ ਮੈਡਲ ਅਤੇ ਐਵਾਰਡ ਵਾਪਸ ਕਰ ਰਹੀਆਂ ਸਾਡੇ ਦੇਸ਼ ਦੀਆਂ ਮਾਣ ਬੇਟੀਆਂ ਦੀ ਪੁਕਾਰ ਸੁਣਨ ਨੂੰ ਤਿਆਰ ਨਹੀਂ ਹੋ। ਤੁਸੀਂ ਬੀਬੀ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਅਤੇ ਉਸ ਦੀ ਸਮੂਮ ਬੇਟੀ ਦਾ ਸਿਰ ਧੜ ਤੋਂ ਅਲੱਗ ਕਰਨ ਵਾਲੇ ਪਾਪੀ ਗੁਨਾਹਗਾਹਾਂ ਨੂੰ ਅਜ਼ਾਦੀ ਦੇ ਅਮ੍ਰਿਤ ਕਾਲ ਦੇ 75ਵੇਂ ਦਿਵਸ ’ਤੇ ਲੰਮੀਆਂ ਪੈਰੋਲਾਂ ਦੇਣ ਤੋਂ ਬਾਅਦ ਦੇਸ਼ ਭਗਤਾਂ ਦੀ ਤਰ੍ਹਾਂ ਸੰਸਕਾਰੀ ਬ੍ਰਾਹਮਣ ਕਹਿ ਕੇ ਸਿਫ਼ 14 ਸਾਲਾਂ ਬਾਅਦ ਰਿਹਾਅ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਆਪਣੀ ਪਾਰਟੀ ਦੀਆਂ ਸਟੇਜਾਂ ’ਤੇ ਬੁਲਾ ਕੇ ਸਨਮਾਨਿਤ ਵੀ ਕਰਦੇ ਹੋ।