ਰਾਜਨਾਥ ਵੱਲੋਂ ਲੜਕੀਆਂ ਦੇ ਪਹਿਲੇ ਸੈਨਿਕ ਸਕੂਲ ਦਾ ਉਦਘਾਟਨ

ਰਾਜਨਾਥ ਵੱਲੋਂ ਲੜਕੀਆਂ ਦੇ ਪਹਿਲੇ ਸੈਨਿਕ ਸਕੂਲ ਦਾ ਉਦਘਾਟਨ

ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਉਦੇਸ਼: ਮੰਤਰਾਲਾ

ਸਕੂਲ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਸ਼ਮੂਲੀਅਤ

ਮਥੁਰਾ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਰਿੰਦਾਵਨ ਵਿੱਚ ਲੜਕੀਆਂ ਦੇ ਪਹਿਲੇ ਸੈਨਿਕ ਸਕੂਲ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਉਨ੍ਹਾਂ ਲੜਕੀਆਂ ਲਈ ਚਾਨਣ ਮੁਨਾਰਾ ਕਰਾਰ ਦਿੱਤਾ ਜੋ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਕੇ ਮਾਤ ਭੂਮੀ ਦੀ ਰੱਖਿਆ ਕਰਨਾ ਚਾਹੁੰਦੀਆਂ ਹਨ।

ਕੇਂਦਰੀ ਰੱਖਿਆ ਮੰਤਰਾਲੇ ਅਨੁਸਾਰ ਸਮਵਿਦ ਗੁਰੂਕੁਲਮ ਗਰਲਜ਼ ਸੈਨਿਕ ਸਕੂਲ ਲਗਪਗ 870 ਵਿਦਿਆਰਥੀਆਂ ਦੀ ਗਿਣਤੀ ਵਾਲਾ ਲੜਕੀਆਂ ਦਾ ਪਹਿਲਾ ਸਕੂਲ ਹੈ। ਇਸ ਸਕੂਲ ਦਾ ਉਦਘਾਟਨ ਐਨਜੀਓਜ਼, ਨਿੱਜੀ, ਰਾਜ ਦੇ ਸਰਕਾਰੀ ਸਕੂਲਾਂ ਦੇ ਨਾਲ ਸਾਂਝੇਦਾਰੀ ਵਿੱਚ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਤਹਿਤ ਕੀਤਾ ਗਿਆ ਹੈ।

ਇਸ ਦੌਰਾਨ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ 33 ਸੈਨਿਕ ਸਕੂਲ ਪਹਿਲਾਂ ਤੋਂ ਕਾਰਜਸ਼ੀਲ ਹਨ।

ਇਸ ਦੌਰਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦੇ ਉਦੇਸ਼ ਪਿੱਛੇ ਵਿਦਿਆਰਥੀਆਂ ਨੂੰ ਕੌਮੀ ਸਿੱਖਿਆ ਨੀਤੀ 2020 ਦੇ ਅਨੁਸਾਰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਸਮੇਤ ਬਿਹਤਰ ਭਵਿੱਖ ਦੇ ਮੌਕੇ ਪ੍ਰਦਾਨ ਕਰਨਾ ਹੈ।

ਮੰਤਰਾਲੇ ਅਨੁਸਾਰ ਇਹ ਸਕੂਲ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਵੀ ਦਿੰਦਾ ਹੈ।

ਇਸ ਦੌਾਰਨ ਰਾਜਨਾਥ ਸਿੰਘ ਨੇ ਕਿਹਾ, ‘‘’ਮੈਂ ਇਸ ਇਲਾਕੇ ਦੇ ਲੋਕਾਂ ਨੂੰ ਬਾਲਿਕਾ ਸੈਨਿਕ ਸਕੂਲ ਦੀ ਸਥਾਪਨਾ ’ਤੇ ਵਧਾਈ ਦਿੰਦਾ ਹਾਂ। ਇਸ ਦੇਸ਼ ਦੀ ਸੁਰੱਖਿਆ ਕਰਨ ਦਾ ਜਿੰਨਾ ਅਧਿਕਾਰ ਪੁਰਸ਼ਾਂ ਨੂੰ ਹੈ ਓਨਾ ਹੀ ਇਸ ਦੇਸ਼ ਦੀ ਨਾਰੀ ਸ਼ਕਤਾ ਨੂੰ ਵੀ ਹੈ।

ਜਦੋਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਸੈਨਿਕ ਸਕੂਲ ਵਿੱਚ ਲੜਕੀਆਂ ਦੇ ਦਾਖ਼ਲੇ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਇਹ ਔਰਤਾਂ ਦੀ ਤਰੱਕੀ ਦੇ ਇਤਿਹਾਸ ਵਿੱਚ ਸੁਨਹਿਰੀ ਪਲਾਂ ’ਚੋਂ ਇੱਕ ਸੀ। ਮੈਨੂੰ ਖੁਸ਼ੀ ਹੈ ਕਿ ਇਸ ਮੌਕੇ ਯੋਗੀ ਆਦਿਤਿਆਨਾਥ ਨੇ ਸਕੂਲ ਦਾ ਉਦਘਾਟਨ ਕਰਨ ਮੌਕੇ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਅਤੇ ਖੁਸ਼ਹਾਲੀ ਪੈਦਾ ਕੀਤੀ ਹੈ। ’’ ਰੱਖਿਆ ਮੰਤਰੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੇ ਸੰਦੇਸ਼ ’ਚ ਕਿਹਾ, ‘‘ਮੈਂ ਮਥੁਰਾ-ਵ੍ਰਿੰਦਾਵਨ ਸਥਿਤ ਵਾਤਸਲਿਆ ਗ੍ਰਾਮ ’ਚ ਕਰਵਾਏ ਮਾਂ ਸਾਧਵੀ ਰਿਤੰਭਰਾ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥਣਾਂ ਲਈ ਬਣੇ ‘ਸੰਵਿਦ ਗੁਰੂਕੁਲਮ, ਸੈਨਿਕ ਸਕੂਲ’ ਦਾ ਉਦਘਾਟਨ ਕੀਤਾ ਗਿਆ।’’

ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।