ਸਰਬੱਤ ਦਾ ਭਲਾ ਮੰਗ ਕੇ ਨਵੇਂ ਸਾਲ ਦੀ ਸ਼ੁਰੂਆਤ

ਸਰਬੱਤ ਦਾ ਭਲਾ ਮੰਗ ਕੇ ਨਵੇਂ ਸਾਲ ਦੀ ਸ਼ੁਰੂਆਤ

ਧਾਰਮਿਕ ਸਮਾਗਮ ਕਰਵਾਏ; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਈ ਵੱਡੀ ਗਿਣਤੀ ਸੰਗਤ
ਸ੍ਰੀ ਆਨੰਦਪੁਰ ਸਾਹਿਬ- ਨਵੇਂ ਸਾਲ ਦੀ ਆਮਦ ਮੌਕੇ ਅੱਜ ਵੱਡੀ ਗਿਣਤੀ ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਤਖ਼ਤ ਸਾਹਿਬ ਦੇ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਸਥਿਤ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਆਦਿ ਹੋਰ ਗੁਰਦੁਆਰਿਆਂ ’ਚ ਸਾਰਾ ਦਿਨ ਸੰਗਤਾਂ ਨਵੇਂ ਸਾਲ ਮੌਕੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਦਿਖੀਆਂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਈ ਸੰਗਤ ਨੂੰ ਲੰਮਾ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਸੰਗਤ ਨੇ ਜਿੱਥੇ ਗੁਰੂ-ਘਰਾਂ ’ਚ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਦੌਰਾਨ ਵੱਡੀ ਗਿਣਤੀ ਸੰਗਤਾਂ ਮਾਤਾ ਸ੍ਰੀ ਨੈਣਾ ਦੇਵੀ ਜੀ ਵਿਖੇ ਵੀ ਦਰਸ਼ਨ ਕਰਨ ਪਹੁੰਚੀਆਂ।

ਕੁਰਾਲੀ : ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਅਸਥਾਨ ਵਿਖੇ 24ਵਾਂ ਸਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਇਸ ਕੀਰਤਨ ਦਰਬਾਰ ਦੌਰਾਨ ਰਾਗੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਕੀਰਤਨ ਦਰਬਾਰ ਦੀ ਸ਼ੁਰੂਆਤ ਇਸਤਰੀ ਸਤਿਸੰਗ ਸਭਾ ਕੁਰਾਲੀ ਦੇ ਕੀਰਤਨ ਨਾਲ ਹੋਈ ਜਿਸ ਉਪਰੰਤ ਹਜ਼ੂਰੀ ਰਾਗੀ ਭਾਈ ਰਾਜਵਿੰਦਰ ਸਿੰਘ ਦਾਰਾਪੁਰੀ, ਭਾਈ ਰਛਪਾਲ ਸਿੰਘ ਜਲੰਧਰ ਵਾਲੇ, ਪ੍ਰਿੰਸੀਪਲ ਹਰਭਜਨ ਸਿੰਘ ਮਿਸ਼ਨਰੀ ਕਾਲਜ, ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਕੁਲਵਿੰਦਰ ਸਿੰਘ ਤੇ ਭਾਈ ਪਰਮਿੰਦਰ ਸਿੰਘ ਸ੍ਰੀ ਤਰਨਤਾਰਨ ਸਾਹਿਬ ਦੇ ਜਥਿਆਂ ਨੇ ਹਾਜ਼ਰੀ ਲਵਾਉਂਦਿਆਂ ਸੰਗਤ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸੇ ਦੌਰਾਨ ਅੱਧੀ ਰਾਤ ਨੂੰ 12 ਵੱਜਣ ’ਤੇ ਜੈਕਾਰਿਆਂ ਦੀ ਗੂੰਜ ਵਿੱਚ ਨਵੇਂ ਸਾਲ 2024 ਨੂੰ ਖੁਸ਼ਆਮਦੀਦ ਅਤੇ 2023 ਨੂੰ ਅਲਵਿਦਾ ਆਖਿਆ ਗਿਆ।

ਮੋਰਿੰਡਾ : ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਸਭ ਕਿਛੁ ਤੇਰਾ ਵੈਲਫੇਅਰ ਸੁਸਾਇਟੀ ਰਜਿ. ਮੋਰਿੰਡਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭਾਈ ਜਸਕਰਨ ਸਿੰਘ ਨੰਗਲ ਵਾਲੇ, ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਦੇ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ।

ਖਮਾਣੋਂ : ਨਵੇਂ ਸਾਲ ਦੇ ਆਗਮਨ ਦਿਵਸ ਮੌਕੇ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ (ਖਮਾਣੋਂ) ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ। ਸਮਾਗਮ ਮੌਕੇ ਮੰਚ ਸੰਚਾਲਨ ਭਾਈ ਤੇਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਛੋਟੇ ਬੱਚੇ ਸਾਹਿਬਪ੍ਰੀਤ ਸਿੰਘ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਉਪਰੰਤ ਭਾਈ ਮਨਦੀਪ ਸਿੰਘ ਭਾਮੀਆਂ, ਭਾਈ ਲਖਵਿੰਦਰ ਸਿੰਘ ਰਾਣਵਾਂ, ਭਾਈ ਸੁਖਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਮੁੱਲਾਂਪੁਰ, ਪਰਮਿੰਦਰ ਕੌਰ, ਦਲਵੀਰ ਸਿੰਘ ਮੰਡੀ ਗੋਬਿੰਦਗੜ੍ਹ, ਭਾਈ ਦਲਜੀਤ ਸਿੰਘ ਫਰੌਰ, ਭਾਈ ਗੁਰਦੇਵ ਸਿੰਘ, ਭਾਈ ਗੁਰਮੇਲ ਸਿੰਘ ਨਾਗਪਾਲ ਖੰਨੇ ਵਾਲੇ, ਭਾਈ ਸਤਨਾਮ ਸਿੰਘ ਖੰਨਾ, ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਂਸੀ ਵਾਲੇ, ਭਾਈ ਫਤਹਿ ਸਿੰਘ ਅਤੇ ਦਾਸ ਦਿਵਜੋਤ ਸਿੰਘ ਨੇ ਰਸ-ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।