ਨਵੇਂ ਵਰ੍ਹੇ ’ਚ ਨਵੇਂ ਸੰਕਲਪ

ਨਵੇਂ ਵਰ੍ਹੇ ’ਚ ਨਵੇਂ ਸੰਕਲਪ

ਬਿੰਦਰ ਸਿੰਘ ਖੁੱਡੀ ਕਲਾਂ

ਵਿਸ਼ਵ ਦੇ ਬਹੁਤ ਸਾਰੇ ਸਮਾਜਾਂ ਵੱਲੋਂ ਆਪੋ  ਆਪਣੀਆਂ ਪੁਰਾਤਨ ਰਵਾਇਤਾਂ ਅਨੁਸਾਰ ਵੀ ਵਰ੍ਹੇ  ਦਾ ਸਮਾਂ ਨਿਸ਼ਚਤ ਕੀਤਾ ਗਿਆ ਹੈ। ਸਾਡੇ ਸਮਾਜ ਵਿੱਚ ਵੀ ਕਈ ਤਰ੍ਹਾਂ ਦੇ ਕੈਲੰਡਰ ਪ੍ਰਚੱਲਿਤ ਹਨ। ਦੇਸੀ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਅਤੇ ਸਮਾਪਤੀ ਫੱਗਣ ਮਹੀਨੇ ਨਾਲ ਕੀਤੀ ਜਾਂਦੀ ਹੈ। ਧਰਮਾਂ ਅਨੁਸਾਰ ਵੀ ਕਈ ਕੈਲੰਡਰ ਪ੍ਰਚੱਲਿਤ ਹਨ। ਸਿੱਖ ਧਰਮ ਦੇ ਆਪਣੇ ਕੈਲੰਡਰ ਦਾ ਨਾਮ ਨਾਨਕਸ਼ਾਹੀ ਕੈਲੰਡਰ ਹੈ। ਪਰ ਜਨਵਰੀ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਅੰਗਰੇਜ਼ੀ ਕੈਲੰਡਰ ਨੂੰ ਵਿਸ਼ਵ ਦੇ ਬਹੁਗਿਣਤੀ ਮੁਲਕਾਂ ਅਤੇ ਸਮਾਜਾਂ ਵੱਲੋਂ ਅਪਣਾਇਆ ਗਿਆ ਹੈ। ਤਕਰੀਬਨ ਹਰ ਮੁਲਕ ਦੇ ਸਰਕਾਰੀ ਅਦਾਰਿਆਂ ’ਚ ਨਵੇਂ ਵਰ੍ਹੇ ਦੀ ਸ਼ੁਰੂਆਤ ਪਹਿਲੀ ਜਨਵਰੀ ਤੋਂ ਕੀਤੀ ਜਾਂਦੀ ਹੈ। ਵਿਸ਼ਵ ਦੀਆਂ ਜੀਵਿਤ ਵਸਤਾਂ ਦੀ ਉਮਰ ਵੀ ਇਸ ਵਰ੍ਹੇ ਅਨੁਸਾਰ ਹੀ ਗਿਆਤ ਕੀਤੀ ਜਾਂਦੀ ਹੈ। ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਹੋਣ ਕਾਰਨ ਅੰਗਰੇਜ਼ੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦੇ ਜਸ਼ਨ ਵੀ ਵਿਸ਼ਾਲ ਹੁੰਦੇ ਹਨ।

ਵਰ੍ਹਾ 2023 ਆਪਣੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਦੇ ਸਿਰਨਾਵੇਂ ਛੱਡਦਾ ਸਾਡੇ ਕੋਲੋਂ ਰੁਖ਼ਸਤ ਹੋ ਰਿਹਾ ਹੈ। ਨਵੇਂ ਵਰ੍ਹੇ ਦੀ ਸੂਹੀ ਸਵੇਰ ਦਸਤਕ ਦੇਣ ਵਾਲੀ ਹੈ। ਵਿਸ਼ਵ ਦੇ ਹਰ ਕੋਨੇ ’ਚ ਵਸੀ ਮਨੁੱਖਤਾ ਵੱਲੋਂ ਆਪੋ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰ ਅਨੁਸਾਰ ਬੀਤੇ ਨੂੰ ਅਲਵਿਦਾ ਕਹਿਣ ਦੇ ਨਾਲ ਨਾਲ ਆਉਣ ਵਾਲੇ ਨੂੰ ਖੁਸ਼ਆਮਦੀਦ ਕਹਿਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਆਦਾਨ ਪ੍ਰਦਾਨ ਦੇ ਵੱਖ ਵੱਖ ਤਰੀਕਿਆਂ ਨਾਲ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦੇਣ ਜਾ ਰਹੇ ਹਨ, ਪਰ ਨਵੇਂ ਵਰ੍ਹੇ ਦੇ ਜਸ਼ਨ ਇੱਕ ਦੂਜੇ ਨੂੰ ਮੁਬਾਰਕਾਂ ਦੇਣ ਜਾਂ ਕੰਧਾਂ ’ਤੇ ਲਟਕਾਏ ਕੈਲੰਡਰਾਂ ਦੀ ਤਬਦੀਲੀ ਤੱਕ ਮਹਿਦੂਦ ਨਹੀਂ ਹਨ। ਨਵੇਂ ਵਰ੍ਹੇ ਦੇ ਜਸ਼ਨ ਤਾਂ ਨਵੇਂ ਵਰ੍ਹੇ ’ਚ ਨਵੇਂ ਸੰਕਲਪਾਂ ਦੀ ਮੰਗ ਕਰਦੇ ਹਨ। ਨਵੇਂ ਵਰ੍ਹੇ ਦੇ ਜਸ਼ਨ ਤਾਂ ਬੀਤੇ ’ਚ ਕੀਤੇ ਵਿਹਾਰ ਦੀ ਸਮੀਖਿਆ ਦੀ ਮੰਗ ਕਰਦੇ ਹਨ। ਅਸਲ ਵਿੱਚ ਨਵੇਂ ਵਰ੍ਹੇ ਦੇ ਜਸ਼ਨਾਂ ਦੀ ਸਾਰਥਿਕਤਾ ਤਾਂ ਨਵੇਂ ਵਰ੍ਹੇ ’ਚ ਵਿਵਹਾਰ ਨੂੰ ਹੋਰ ਸਮਾਜ ਪੱਖੀ ਬਣਾਉਣ ਦੇ ਵਾਅਦਿਆਂ ਵਿੱਚ ਛੁਪੀ ਹੈ।

ਕੁਦਰਤ ਦੀ ਹਰ ਸ਼ੈਅ ਵੱਲੋਂ ਇਨਸਾਨ ਨੂੰ ਖ਼ੁਸ਼ੀਆਂ ਅਤੇ ਖੇੜਿਆਂ ਦੇ ਦਿੱਤੇ ਜਾ ਰਹੇ ਪੈਗਾਮ ਨੂੰ ਮਨ ’ਚ ਵਸਾ ਕੇ ਅੱਗੇ ਵਧਣ ਦੇ ਤਹੱਈਏ ਵਿੱਚ ਹੀ ਨਵੇਂ

ਵਰ੍ਹੇ ਦੇ ਜਸ਼ਨਾਂ ਨੂੰ ਮਨਾਉਣ ਦੀ ਸਾਰਥਿਕਤਾ ਛੁਪੀ ਹੋਈ ਹੈ। ਬੀਤੇ ਵਿੱਚ ਕੀਤੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ ਸਾਡੇ ਸਭ ਲਈ ਬੇਹੱਦ ਜ਼ਰੂਰੀ ਹੈ। ਇਸ ਨੂੰ ਮਨੁੱਖਤਾ ਦੀ ਬਦਕਿਸਮਤੀ ਕਹੀਏ ਜਾਂ ਕੁੱਝ ਹੋਰ ਸਾਖਰ ਹੋ ਰਿਹਾ ਇਨਸਾਨ ਦਿਨੋਂ ਦਿਨ ਸਵਾਰਥੀ ਹੁੰਦਾ ਜਾ ਰਿਹਾ ਹੈ। ਇਨਸਾਨ ਦਾ ਸਵਾਰਥੀਪੁਣਾ ਦੂਜੇ ਇਨਸਾਨਾਂ ਸਮੇਤ ਕੁਦਰਤ ਨੂੰ ਵੀ ਆਪਣੀ ਲਪੇਟ ਵਿੱਚ ਲੈ

ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਨਾ ਇਨਸਾਨ ਲਈ ਗੰਭੀਰਤਾ ਦਾ ਵਿਸ਼ਾ ਨਹੀਂ ਰਿਹਾ। ਸ਼ਾਇਦ ਇਸੇ ਲਈ ਕੁਦਰਤ ਨਾਲ ਇਨਸਾਨ ਵੱਲੋਂ ਕੀਤੇ ਜਾ ਰਹੇ ਖਿਲਵਾੜ ਨੇ ਇਨਸਾਨ ਨੂੰ ਗੰਭੀਰ ਸਮੱਸਿਆਵਾਂ ਦੇ ਸਨਮੁੱਖ ਕਰ ਦਿੱਤਾ ਹੈ। ਇਨਸਾਨ ਦੀਆਂ ਕੁਦਰਤ ਨਾਲ ਛੇੜਾਂ ਨੇ ਇਨਸਾਨ ਸਮੇਤ ਬੇਕਸੂਰ ਪਸ਼ੂ ਪੰਛੀਆਂ ਲਈ ਵੀ ਗੰਭੀਰ ਬਿਮਾਰੀਆਂ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਮਨੁੱਖਤਾ ਲਈ ਕਹਿਰ ਬਣ ਕੇ ਬਰਸੀ ਕਰੋਨਾ ਦੀ ਬਿਮਾਰੀ ਅਤੇ ਪਸ਼ੂਆਂ ਲਈ ਕਹਿਰ ਬਣ ਕੇ ਆਈ ਲੰਪੀ ਸਕਿਨ ਸਮੇਤ ਸਵਾਈਨ ਫਲੂ ਜਿਹੇ ਵਾਇਰਸਾਂ ਦੀ ਉਪਜ ਇਸ ਦਾ ਪ੍ਰਤੱਖ ਪ੍ਰਮਾਣ ਹੈ। ਨਵੇਂ ਵਰ੍ਹੇ ਸਾਨੂੰ ਸਭ ਨੂੰ ਕੁਦਰਤ ਨਾਲ ਹੋਣ ਵਾਲੀਆਂ ਛੇੜਛਾੜਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਇਸ ਮੌਕੇ ਲਏ ਜਾਣ ਵਾਲੇ ਸੰਕਲਪਾਂ ਵਿੱਚ ਖ਼ੁਦ ਵੱਲੋਂ ਕੁਦਰਤ ਨਾਲ ਛੇੜਛਾੜ ਨਾ ਕਰਨ ਸਮੇਤ ਦੂਜਿਆਂ ਨੂੰ ਵੀ ਇਸ ਤੋਂ ਰੋਕਣ ਦੇ ਸੰਕਲਪਾਂ ਨੂੰ ਸ਼ਾਮਿਲ ਕਰਨਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ।

ਸਾਡੇ ਸਮਾਜ ਵਿੱਚ ਨਸ਼ਿਆਂ ਦੀ ਅਲਾਮਤ ਗੰਭੀਰ ਮੁੱਦਾ ਬਣਦੀ ਜਾ ਰਹੀ ਹੈ। ਕੁੱਝ ਸਵਾਰਥੀ ਲੋਕਾਂ ਵੱਲੋਂ ਹਕੂਮਤਾਂ ਅਤੇ ਪ੍ਰਸ਼ਾਸਨ ਦੀ ਪੁਸ਼ਤਪਨਾਹੀ ਹੇਠ ਚਲਾਇਆ ਜਾ ਰਿਹਾ ਨਸ਼ਿਆਂ ਦਾ ਕਾਰੋਬਾਰ ਪਰਿਵਾਰਾਂ ਦੇ ਉਜਾੜੇ ਦਾ ਕਾਰਨ ਬਣਦਾ ਜਾ ਰਿਹਾ ਹੈ। ਨੌਜਵਾਨ ਮੁੰਡੇ ਕੁੜੀਆਂ ਧੜਾਧੜ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਮਾਪਿਆਂ ਨੂੰ ਨੌਜਵਾਨ ਧੀਆਂ ਪੁੱਤਾਂ ਦੀਆਂ ਅਰਥੀਆਂ ਨੂੰ ਮੋਢੇ ਦੇਣੇ ਪੈ ਰਹੇ ਹਨ। ਨਸ਼ਿਆਂ ਦੀ ਰੋਕਥਾਮ ਬਾਰੇ ਸਰਕਾਰਾਂ ਦੇ ਦਾਅਵੇ ਅਤੇ ਵਾਅਦੇ ਵੋਟਾਂ ਬਟੋਰਨ ਦਾ ਜ਼ਰੀਆ ਬਣ ਕੇ ਰਹਿ ਗਏ ਹਨ। ਨਸ਼ਿਆਂ ਦੇ ਰਾਹ ਤੁਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਹੀ ਰਸਤੇ ’ਤੇ ਲਿਆਉਣਾ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਜ਼ਾਵਾਂ ਦਿਵਾਉਣਾ ਅਤੇ ਦੇਣਾ ਸਾਡਾ ਸਭ ਦੀ ਅਤੇ ਸਰਕਾਰਾਂ ਦੀ ਨਵੇਂ ਵਰ੍ਹੇ ਵਿੱਚ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਾਡੇ ਮੁਲਕ ਵਿੱਚ ਬੇਰੁਜ਼ਗਾਰੀ ਦੀ ਮਾਰ ਨੌਜਵਾਨ ਵਰਗ ਨੂੰ ਲਗਾਤਾਰ ਬੁਰਾਈਆਂ ਵੱਲ ਧਕੇਲ ਰਹੀ ਹੈ। ਬੇਰੁਜ਼ਗਾਰੀ ਦੇ ਖਾਤਮੇ ਲਈ ਸਰਕਾਰਾਂ ਦੀ ਗੈਰਯੋਜਨਾਬੰਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵਿਕਰਾਲ ਬਣਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਸਮੇਤ ਤਮਾਮ ਹੋਰ ਬੁਰਾਈਆਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਨਵੇਂ ਵਰ੍ਹੇ ’ਚ ਬੇਰੁਜ਼ਗਾਰੀ ਦੇ ਖਾਤਮੇ ਲਈ ਅਸਰਦਾਰ ਯੋਜਨਾਵਾਂ ਬਹੁਤ ਜ਼ਰੂਰੀ ਹਨ।

ਮਨੁੱਖੀ ਅਧਿਕਾਰਾਂ ਦਾ ਘਾਣ ਬੇਸ਼ੱਕ ਪਿਛਲੇ ਲੰਬੇ ਅਰਸੇ ਤੋਂ ਹੁੰਦਾ ਆ ਰਿਹਾ ਹੈ, ਪਰ ਪਿਛਲੇ ਕਈ ਵਰ੍ਹਿਆਂ ਤੋਂ ਇਹ ਸਭ ਹੱਦਾਂ ਬੰਨੇ ਪਾਰ ਕਰਦਾ ਨਜ਼ਰ ਆ ਰਿਹਾ ਹੈ। ਸਾਡੇ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਸਰਕਾਰਾਂ ਦੀ ਸੰਵੇਦਨਾ ਕਿਧਰੇ ਵੀ ਨਜ਼ਰ ਨਹੀਂ ਆ ਰਹੀ। ਮਨੁੱਖੀ ਅਧਿਕਾਰਾਂ ਪ੍ਰਤੀ ਸੰਵੇਦਨ ਹੋਣਾ ਵੀ ਸਰਕਾਰਾਂ ਸਮੇਤ ਸਾਡਾ ਸਭ ਦਾ ਮੁੱਢਲਾ ਫਰਜ਼ ਬਣਨਾ ਸਮੇਂ ਦੀ ਪਹਿਲੀ ਜ਼ਰੂਰਤ ਹੈ। ਔਰਤਾਂ ਨਾਲ ਹੋਣ ਵਾਲਾ ਵਿਤਕਰਾ ਹਾਲੇ ਵੀ ਸਾਡੇ ਸਮਾਜ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚ ਸ਼ੁਮਾਰ ਹੈ। ਬਾਲ ਮਜ਼ਦੂਰੀ ਅਤੇ ਮਹਿੰਗੀ ਉਚੇਰੀ ਸਿੱਖਿਆ ਆਮ ਘਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਲਗਾਤਾਰ ਦੂਰ ਕਰ ਰਹੀ ਹੈ। ਡਾਕਟਰੀ ਸਮੇਤ ਹੋਰ ਉਚੇਰੀ ਸਿੱਖਿਆ ਕੁੱਝ ਘਰਾਂ ਦੇ ਬੱਚਿਆਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ।

ਆਧੁਨਿਕ ਯੁੱਗ ਦੀਆਂ ਤਕਨੀਕਾਂ ਅਤੇ ਜ਼ਰੂਰਤਾਂ ਨੇ ਸਮੁੱਚੇ ਵਿਸ਼ਵ ਨੂੰ ਇੱਕ ਸਮਾਜ ਬਣਾ ਦਿੱਤਾ ਹੈ। ਇੱਕ ਰਾਸ਼ਟਰ ਦੀ ਦੂਜੇ ਰਾਸ਼ਟਰ ’ਤੇ ਨਿਰਭਰਤਾ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਾਂਝਾ ਕਰ ਰਹੀ ਹੈ। ਵਿਸ਼ਵ ਦੇ ਇੱਕ ਖਿੱਤੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਹੋਰਨਾਂ ਖਿੱਤਿਆਂ ਦੇ ਲੋਕਾਂ ਨੂੰ ਬਾਖੂਬੀ ਪ੍ਰਭਾਵਿਤ ਕਰਨ ਲੱਗੀਆਂ ਹਨ। ਇਸੇ ਲਈ ਅੱਜਕੱਲ੍ਹ ਬਹੁਗਿਣਤੀ ਸਮੱਸਿਆਵਾਂ ਸੂਬਾਈ ਜਾਂ ਕੌਮੀ ਦੀ ਬਜਾਏ ਕੌਮਾਂਤਰੀ ਹੋਣ ਲੱਗੀਆਂ ਹਨ। ਦੋ ਦੇਸ਼ਾਂ ਦਾ ਯੁੱਧ ਹੁਣ ਮਹਿਜ਼ ਦੋ ਦੇਸ਼ਾਂ ਦਾ ਹੀ ਯੁੱਧ ਨਹੀਂ ਰਹਿੰਦਾ ਸਗੋਂ ਉਸ ਦੇ ਅਸਰ ਵਿਸ਼ਵਵਿਆਪੀ ਅਤੇ ਕੌਮਾਂਤਰੀ ਹੋਣ ਲੱਗੇ ਹਨ। ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਿਹਾ ਯੁੱਧ ਇਸ ਦਾ ਪ੍ਰਤੱਖ ਪ੍ਰਮਾਣ ਹੈ। ਕਿਵੇਂ ਇਨ੍ਹਾਂ ਦੋ ਮੁਲਕਾਂ ਦੇ ਯੁੱਧ ਨੇ ਸਮੁੱਚੇ ਵਿਸ਼ਵ ਨੂੰ ਮਹਿੰਗਾਈ ਅਤੇ ਵਾਯੂਮੰਡਲ ਵਿੱਚ ਤਾਪਮਾਨ ਦੇ ਇਜ਼ਾਫੇ ਸਮੇਤ ਤਮਾਮ ਸਮੱਸਿਆਵਾਂ ਦੇ ਰੂਬਰੂ ਕੀਤਾ। ਦੋਵਾਂ ਮੁਲਕਾਂ ਨੂੰ ਲੈ ਕੇ ਹੋਰਨਾਂ ਮੁਲਕਾਂ ਵਿੱਚ ਹੋਣ ਵਾਲੀ ਸਫਬੰਦੀ ਕੌਮਾਂਤਰੀ ਸਬੰਧਾਂ ਦੇ ਵਿਗਾੜ ਦਾ ਸਬੱਬ ਬਣਨ ਲੱਗੀ ਹੈ। ਵਿਸ਼ਵ ਸ਼ਾਂਤੀ ਨਵੇਂ ਵਰ੍ਹੇ ਦਾ ਮੁੱਢਲਾ ਸੰਕਲਪ ਬਣਨੀ ਚਾਹੀਦੀ ਹੈ।

ਸੋਨ ਸੁਨਹਿਰੀ ਕਿਰਨਾਂ ਲੈ ਕੇ ਉੱਚੇ ਉਠ ਰਹੇ ਨਵੇਂ ਵਰ੍ਹੇ ਦੇ ਸੂਰਜ ਨਾਲ ਨਵੀਂ ਸੋਚ ਦਾ ਵਾਅਦਾ ਕਰਦਿਆਂ ਸਮਾਜ ਦੀ ਖੁਸ਼ਹਾਲੀ ਵਿੱਚ ਭਾਈਵਾਲ ਬਣਨ ਵੱਲ ਕਦਮ ਵਧਾਉਣੇ ਸਾਡੀ ਸਭ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਬੀਤੇ ਦੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਉਨ੍ਹਾਂ ਵਿੱਚ ਸੁਧਾਰ ਦੇ ਵਾਅਦੇ ਨਾਲ ਸਭ ਨੂੰ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ।