ਗੁਰਦੁਆਰਾ ਸ੍ਰੀ ਰੱਥ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ

ਗੁਰਦੁਆਰਾ ਸ੍ਰੀ ਰੱਥ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ

ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੇ ਕੀਤੀ ਨਗਰ ਕੀਰਤਨ ਦੀ ਅਗਵਾਈ; ਸੰਗਤ ਲਈ ਥਾਂ-ਥਾਂ ਲੰਗਰ ਲਗਾਏ
ਮੋਰਿੰਡਾ- ਗੁਰਦੁਆਰਾ ਸ੍ਰੀ ਰੱਥ ਸਾਹਿਬ ਪਿੰਡ ਸਹੇੜੀ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਪਵਿੱਤਰ ਯਾਦ ਵਿੱਚ ਅਤੇ ਉਨ੍ਹਾਂ ਦੀ ਮਹਾਨ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਨਗਰ ਕੀਰਤਨ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾਈ ਬਾਣੇ ਵਿੱਚ ਸਜੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਗਈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਦੀ ਸੇਵਾ ਗੁਰਦੁਆਰਾ ਸ੍ਰੀ ਰਥ ਸਾਹਿਬ ਦੀ ਮੁੱਖ ਸੇਵਾਦਾਰ ਬੀਬੀ ਹਰਭਜਨ ਕੌਰ ਨਿਭਾ ਰਹੇ ਸਨ।

ਉਨ੍ਹਾਂ ਪਿੱਛੇ ਖੁੱਲ੍ਹੇ ਟਰਾਲੇ ਵਿੱਚ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਮੁਗਲ ਫੌਜ ਵੱਲੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿੰਡ ਸਹੇੜੀ ਤੋਂ ਗ੍ਰਿਫਤਾਰ ਕਰਨ ਉਪਰੰਤ ਮੋਰਿੰਡਾ ਦੀ ਕੋਤਵਾਲੀ ਵਿੱਚ ਕੈਦ ਕਰਨ ਤੋਂ ਲੈ ਕੇ ਠੰਡੇ ਬੁਰਜ ਅਤੇ ਸ਼ਹਾਦਤ ਦਾ ਪ੍ਰਸੰਗ ਵੈਰਾਗਮਈ ਕੀਰਤਨ ਰਾਹੀਂ ਸਰਵਣ ਕਰਵਾ ਕੇ ਸੰਗਤ ਨੂੰ ਭਾਵੁਕ ਕਰ ਦਿੱਤਾ। ਲਗਭਗ ਤਿੰਨ ਕਿਲੋਮੀਟਰ ਲੰਮੇ ਇਸ ਨਗਰ ਕੀਰਤਨ ਦੌਰਾਨ ਇੱਕ ਛੋਟਾ ਰੱਥ ਸੰਗਤ ਲਈ ਖਿੱਚ ਦਾ ਕਾਰਨ ਬਣਿਆ ਰਿਹਾ, ਜਿਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਨ ਸ਼ਹੀਦਾਂ ਨੂੰ ਗੰਗੂ ਬ੍ਰਾਹਮਣ ਦੇ ਘਰ ਤੋਂ ਗ੍ਰਿਫ਼ਤਾਰ ਕਰਨ ਉਪਰੰਤ ਪਿੰਡ ਸਹੇੜੀ ਤੋਂ ਅਜਿਹੇ ਹੀ ਰੱਥ ਰਾਹੀਂ ਮੋਰਿੰਡਾ ਦੀ ਕੋਤਵਾਲੀ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਭੇਂਟ ਕੀਤੇ ਗਏ, ਜਦਕਿ ਵਰਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਅਤੇ ਜਨਰਲ ਸਕੱਤਰ ਤੀਰਥ ਸਿੰਘ ਭਟੋਆ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ।