ਕਾਨੂੰਨ ਵਿਵਸਥਾ ਸੁਧਰਨ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਰੋਲ ਮਾਡਲ ਬਣਿਆ: ਧਨਖੜ

ਕਾਨੂੰਨ ਵਿਵਸਥਾ ਸੁਧਰਨ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਰੋਲ ਮਾਡਲ ਬਣਿਆ: ਧਨਖੜ

ਨੋਇਡਾ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨਿਵੇਸ਼ ਅਤੇ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਵਿੱਚ ਹੋ ਰਹੇ ਵਿਕਾਸ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸ਼ਲਾਘਾ ਕੀਤੀ। ਗਰੇਟਰ ਨੋਇਡਾ ’ਚ ਗੌਤਮ ਬੁੱਧ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ ਜਿਸ ਤਰ੍ਹਾਂ ਸੂਬੇ ਵਿੱਚ ਬਦਲਾਅ ਲਿਆਂਦਾ ਹੈ, ਉਸ ਨਾਲ ਉੱਤਰ ਪ੍ਰਦੇਸ਼ ‘ਆਦਰਸ਼ਾਂ ਦਾ ਆਦਰਸ਼’ ਬਣਨ ਦੀ ਸਥਿਤੀ ’ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, ‘‘ਜਦੋਂ ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ ਤਾਂ ਮੈਂ ਹੈਰਾਨ ਸੀ ਕਿਉਂਕਿ ਕਾਨੂੰਨ ਵਿਵਸਥਾ ਅਤੇ ਵਿਕਾਸ ਦੋਵੇਂ ਹੀ ਸੂਬੇ ਲਈ ਚਿੰਤਾ ਦਾ ਵਿਸ਼ਾ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਲੋਕਾਂ ਵਿੱਚ ਨਿਰਾਸ਼ਾ ਸੀ ਕਿਉਂਕਿ ਸੱਤਾ ’ਚ ਬੈਠੇ ਲੋਕ ਮੁੱਦਿਆਂ ’ਤੇ ਵਿਚਾਰ ਕਰਨ ਲਈ ਤਿਆਰ ਨਹੀਂ ਸਨ ਪਰ ਹੁਣ ਇੱਕ ਵੱਡੇ ਬਦਲਾਅ ਨਾਲ ਉੱਤਰ ਪ੍ਰਦੇਸ਼ ‘ਆਦਰਸ਼’ ਬਣ ਗਿਆ ਹੈ। ਉਨ੍ਹਾਂ ਕਿਹਾ, ‘‘ਦੇਸ਼ ਦੀ ਗੱਲ ਛੱਡੋ, ਦੁਨੀਆਂ ’ਚ ਜਦੋਂ ਕਿਸੇ ‘ਰੋਲ ਮਾਡਲ’ ਦੀ ਗੱਲ ਹੁੰਦੀ ਹੈ ਤਾਂ ਮੁੱਖ ਮੰਤਰੀ ਨੂੰ ਯਾਦ ਕੀਤਾ ਜਾਂਦਾ ਹੈ।’’

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੇ ਨਿਵੇਸ਼ ਵਿੱਚ ਵੀ ਆਪਣੀ ਪਛਾਣ ਬਣਾਈ ਹੈ। ਧਨਖੜ ਨੇ ਆਦਿਤਿਆਨਾਥ, ਸੂਬੇ ਦੇ ਮੰਤਰੀ ਨੰਦ ਗੋਪਾਲ ਗੁਪਤਾ, ਬ੍ਰਿਜੇਸ਼ ਸਿੰਘ ਅਤੇ ਗੌਤਮ ਬੁੱਧ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਹਾ, ‘‘ਇਹ ਪ੍ਰੀਮੀਅਮ ਸ਼੍ਰੇਣੀ ਵਿੱਚ ਵੀ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ। ਆਮ ਨਿਵੇਸ਼ਕ ਪਹਿਲਾਂ ਤੋਂ ਹੀ ਇੱਥੇ ਆ ਰਹੇ ਸਨ।’’ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਧਨਖੜ ਨੇ ਕਿਹਾ ਕਿ ਉਹ ਉਸ ਸੂਬੇ ਦੀਆਂ ਤਿੰਨ ਦਰਜਨ ਯੂਨੀਵਰਸਿਟੀਆਂ ਦੇ ਕੁਲਪਤੀ ਰਹੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਪਤਾ ਹੈ ਕਿ ਕੁਝ ਥਾਵਾਂ ’ਤੇ ਕੁਲਪਤੀ ਨਾਲ ਕੀ ਹੋ ਸਕਦਾ ਹੈ। ਮੈਨੂੰ ਪੰਜਾਬ ਯੂਨੀਵਰਸਿਟੀ ਵਰਗੀਆਂ ਕੁਝ ਵਿਦਿਅਕ ਸੰਸਥਾਵਾਂ ’ਚ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।’’ ਉਪ ਰਾਸ਼ਟਰਪਤੀ ਨੇ ਆਦਿਤਿਆਨਾਥ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਨੇ ਮੇਰੇ ਦਿਲ ਅਤੇ ਮੇਰੇ ਸੰਬੋਧਨ ਦਾ ਹਿੱਸਾ ਚੋਰੀ ਕਰ ਲਿਆ ਹੈ।’’ ਧਨਖੜ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਮੁੱਖ ਮੰਤਰੀ ਇਕ ਸਿਆਸੀ ਆਗੂ ਵਾਂਗ ਸੰਬੋਧਨ ਕਰਨਗੇ ਪਰ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਅਧਿਆਤਮਿਕ ਆਗੂ, ਸਿੱਖਿਆ ਸ਼ਾਸਤਰੀ, ਅਤੇ ਦੂਰਦਰਸ਼ੀ ਵਿਅਕਤੀ ਵਾਂਗ ਗੱਲ ਕੀਤੀ।