ਮਹਿਲਾ ਕ੍ਰਿਕਟ ਟੈਸਟ: ਹਰਮਨਪ੍ਰੀਤ ਕੌਰ ਨੇ ਦੋ ਵਿਕਟਾਂ ਲੈ ਕੇ ਭਾਰਤ ਦੀ ਵਾਪਸੀ ਕਰਵਾਈ

ਮਹਿਲਾ ਕ੍ਰਿਕਟ ਟੈਸਟ: ਹਰਮਨਪ੍ਰੀਤ ਕੌਰ ਨੇ ਦੋ ਵਿਕਟਾਂ ਲੈ ਕੇ ਭਾਰਤ ਦੀ ਵਾਪਸੀ ਕਰਵਾਈ

ਆਸਟਰੇਲੀਆ ਨੇ 46 ਦੌੜਾਂ ਦੀ ਲੀਡ ਲਈ
ਮੁੰਬਈ- ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟਰੇਲੀਆ ਖ਼ਿਲਾਫ਼ ਇੱਕੋ-ਇੱਕ ਮਹਿਲਾ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਆਖਰੀ ਪਲਾਂ ਵਿੱਚ ਦੋ ਵਿਕਟਾਂ ਲੈ ਕੇ ਭਾਰਤ ਦੀ ਮੈਚ ਵਿੱਚ ਵਾਪਸੀ ਕਰਵਾਈ। ਆਸਟਰੇਲੀਆ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਉਸ ਨੇ 46 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਨੇ ਆਸਟਰੇਲੀਆ ਦੀਆਂ 219 ਦੌੜਾਂ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ’ਚ 406 ਦੌੜਾਂ ਬਣਾ ਕੇ 187 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਹਰਮਨਪ੍ਰੀਤ ਨੇ ਤਾਹਲੀਆ ਮੈਕਗ੍ਰਾਥ (177 ਗੇਂਦਾਂ ’ਚ 73 ਦੌੜਾਂ) ਨੂੰ ਬੋਲਡ ਕੀਤਾ ਅਤੇ ਫਿਰ ਖਤਰਨਾਕ ਨਜ਼ਰ ਆ ਰਹੀ ਐਲਿਸਾ ਹੀਲੀ (32) ਨੂੰ ਐੱਲਬੀਡਬਲਿਊ ਕੀਤਾ। ਐਨਾਬੇਲ ਸਦਰਲੈਂਡ 12 ਅਤੇ ਐਸ਼ਲੇ ਗਾਰਡਨਰ ਸੱਤ ਦੌੜਾਂ ਬਣਾ ਕੇ ਖੇਡ ਰਹੀਆਂ ਹਨ। ਤੀਜਾ ਦਿਨ ਆਸਟਰੇਲੀਆ ਦੇ ਨਾਮ ਰਿਹਾ। ਭਾਰਤ ਨੇ ਸਵੇਰੇ ਆਪਣੀ ਪਾਰੀ ਸੱਤ ਵਿਕਟਾਂ ਦੇ ਨੁਕਸਾਨ ’ਤੇ 376 ਦੌੜਾਂ ਤੋਂ ਅੱਗੇ ਵਧਾਈ ਅਤੇ ਅੱਧੇ ਘੰਟੇ ਵਿੱਚ 30 ਦੌੜਾਂ ਜੋੜ ਕੇ ਆਪਣੀਆਂ ਬਾਕੀ ਤਿੰਨ ਵਿਕਟਾਂ ਗੁਆ ਦਿੱਤੀਆਂ। ਸਦਰਲੈਂਡ (41 ਦੌੜਾਂ ’ਤੇ 2 ਵਿਕਟਾਂ) ਨੇ ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਇਸ ਮਗਰੋਂ ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਬੇਥ ਮੂਨੀ (33) ਅਤੇ ਫੋਏਬੇ ਲਿਚਫੀਲਡ (18) ਨੇ ਚੰਗੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਰਿਚਾ ਘੋਸ਼ ਨੇ ਮੂਨੀ ਨੂੰ ਰਨ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਸਨੇਹ ਰਾਣਾ (54 ਦੌੜਾਂ ਦੇ ਕੇ 2 ਵਿਕਟਾਂ) ਨੇ ਰਿਵਰਸ ਸਵੀਪ ਕਰਨ ਤੋਂ ਖੁੰਝੀ ਲਿਚਫੀਲਡ ਨੂੰ ਬੋਲਡ ਕੀਤਾ। ਐਲਿਸ ਪੈਰੀ ਵੱਡੀ ਪਾਰੀ ਖੇਡਣ ਦੇ ਮੂਡ ਵਿੱਚ ਨਜ਼ਰ ਆ ਰਹੀ ਸੀ ਪਰ ਭਾਰਤੀ ਵਿਕਟਕੀਪਰ ਯਾਸਤਿਕਾ ਭਾਟੀਆ ਨੇ ਰਾਣਾ ਦੀ ਗੇਂਦ ’ਤੇ ਸ਼ਾਨਦਾਰ ਕੈਚ ਲੈ ਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਪੈਰੀ ਨੇ 91 ਗੇਂਦਾਂ ’ਚ ਪੰਜ ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਇਸ ਮਗਰੋਂ ਹਰਮਨਪ੍ਰੀਤ ਨੇ ਮੈਕਗ੍ਰਾਥ ਅਤੇ ਹੀਲੀ ਦੀਆਂ ਵਿਕਟਾਂ ਲਈਆਂ।