ਮਹਿਲਾ ਕ੍ਰਿਕਟ: ਭਾਰਤ ਦੀ ਆਸਟਰੇਲੀਆ ਖ਼ਿਲਾਫ਼ ਪਹਿਲੀ ਟੈਸਟ ਜਿੱਤ

ਮਹਿਲਾ ਕ੍ਰਿਕਟ: ਭਾਰਤ ਦੀ ਆਸਟਰੇਲੀਆ ਖ਼ਿਲਾਫ਼ ਪਹਿਲੀ ਟੈਸਟ ਜਿੱਤ

ਮੁੰਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇੱਕੋ-ਇੱਕ ਟੈਸਟ ਮੈਚ ਵਿੱਚ ਜਿੱਤ ਦਰਜ ਕੀਤੀ। ਇਹ ਭਾਰਤੀ ਮਹਿਲਾ ਟੀਮ ਦੀ ਟੈਸਟ ਮੁਕਾਬਲੇ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੀ ਜਿੱਤ ਹੈ। ਮੈਚ ਦੇ ਆਖਰੀ ਦਿਨ ਭਾਰਤ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਸਵੇਰੇ 28 ਦੌੜਾਂ ’ਤੇ ਆਸਟਰੇਲੀਆ ਦੀਆਂ ਪੰਜ ਵਿਕਟਾਂ ਲਈਆਂ, ਜਿਸ ਨਾਲ ਮਹਿਮਾਨ ਟੀਮ ਦੂਜੀ ਪਾਰੀ ’ਚ 261 ਦੌੜਾਂ ’ਤੇ ਸਿਮਟ ਗਈ। ਭਾਰਤ ਨੂੰ 75 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸ ਨੇ 19ਵੇਂ ਓਵਰ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 75 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਵਿੱਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਨਾਬਾਦ 38, ਜੈਮੀਮਾ ਰੌਡਰਿਗਜ਼ ਨੇ ਨਾਬਾਦ 12, ਰਿਚਾ ਘੋਸ਼ ਨੇ 13 ਅਤੇ ਸ਼ੈਫਾਲੀ ਵਰਮਾ ਨੇ ਚਾਰ ਦੌੜਾਂ ਦਾ ਯੋਗਦਾਨ ਪਾਇਆ।
ਭਾਰਤੀ ਮਹਿਲਾ ਟੀਮ 1995 ਤੋਂ ਬਾਅਦ ਪਹਿਲੀ ਵਾਰ ਕਿਸੇ ਸੀਜ਼ਨ ’ਚ ਘਰੇਲੂ ਧਰਤੀ ’ਤੇ ਇਕ ਤੋਂ ਵੱਧ ਟੈਸਟ ਖੇਡ ਰਹੀ ਸੀ। ਇਸ ਦੌਰਾਨ ਭਾਰਤ ਨੇ ਆਸਟਰੇਲੀਆਂ ’ਤੇ ਪੂਰੇ ਮੈਚ ’ਚ ਦਬਦਬਾ ਬਣਾਈ ਰੱਖਿਆ। ਇਸ ਤੋਂ ਪਹਿਲਾਂ ਭਾਰਤ ਨੇ ਡੀਵਾਈ ਪਾਟਿਲ ਸਟੇਡੀਅਮ ’ਚ ਇੰਗਲੈਂਡ ਦੀ ਮਹਿਲਾ ਟੀਮ ਨੂੰ ਵੀ ਇਕਲੌਤੇ ਟੈਸਟ ’ਚ 347 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਆਸਟਰੇਲੀਆ ਖ਼ਿਲਾਫ਼ 11 ਟੈਸਟ ਮੈਚਾਂ ’ਚ ਭਾਰਤ ਦੀ ਇਹ ਪਹਿਲੀ ਜਿੱਤ ਹੈ।

ਭਾਰਤੀ ਮਹਿਲਾ ਟੀਮ ਨੇ ਹੁਣ ਤੱਕ 40 ਟੈਸਟ ਮੈਚਾਂ ਵਿੱਚ ਸੱਤ ਜਿੱਤਾਂ ਦਰਜ ਕੀਤੀਆਂ ਹਨ ਜਦਕਿ ਛੇ ਮੈਚ ਹਾਰੇ ਹਨ। ਟੀਮ ਨੇ 27 ਮੈਚ ਡਰਾਅ ਖੇਡੇ ਹਨ। ਪਿਛਲੇ ਹਫ਼ਤੇ ਇੰਗਲੈਂਡ ਖ਼ਿਲਾਫ਼ ਜਿੱਤ ਵਿੱਚ ਜਿੱਥੇ ਜੈਮੀਮਾ, ਸ਼ੁਭਾ ਸਤੀਸ਼ ਅਤੇ ਰੇਣੂਕਾ ਸਿੰਘ ਠਾਕੁਰ ਵਰਗੇ ਨਵੇਂ ਟੈਸਟ ਸਿਤਾਰੇ ਉਭਰ ਕੇ ਸਾਹਮਣੇ ਆਏ ਉਥੇ ਹੀ ਆਸਟਰੇਲੀਆ ਖ਼ਿਲਾਫ਼ 20 ਸਾਲ ਦੀ ਰਿਚਾ ਘੋਸ਼ ਨੇ ਆਪਣਾ ਪਹਿਲਾ ਟੈਸਟ ਖੇਡਦਿਆਂ 52 ਦੌੜਾਂ ਦੀ ਪਾਰੀ ਖੇਡੀ।

ਚੌਥੇ ਦਿਨ ਸਵੇਰੇ ਸਨੇਹ ਰਾਣਾ (63 ਦੌੜਾਂ ’ਤੇ ਚਾਰ ਵਿਕਟਾਂ) ਅਤੇ ਰਾਜੇਸ਼ਵਰੀ ਗਾਇਕਵਾੜ (42 ਦੌੜਾਂ ’ਤੇ ਦੋ ਵਿਕਟਾਂ) ਸਮੇਤ ਭਾਰਤ ਦੇ ਹੋਰ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਪਾਰੀ ਸਮੇਟਣ ’ਚ ਜ਼ਿਆਦਾ ਸਮਾਂ ਨਹੀਂ ਲਗਾਇਆ। ਪਹਿਲੀ ਪਾਰੀ ਵਿੱਚ 219 ਦੌੜਾਂ ਬਣਾਉਣ ਵਾਲੀ ਆਸਟਰੇਲੀਆ ਦੀ ਟੀਮ ਨੇ ਦੂਜੀ ਪਾਰੀ ਵਿੱਚ 261 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੂੰ 75 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਪਹਿਲੀ ਪਾਰੀ ਵਿੱਚ 406 ਦੌੜਾਂ ਬਣਾਈਆਂ ਸਨ। ਸ਼ੈਫਾਲੀ ਵਰਮਾ (4) ਨੇ ਪਾਰੀ ਦੀ ਪਹਿਲੀ ਗੇਂਦ ’ਤੇ ਚੌਕਾ ਜੜਿਆ ਪਰ ਉਸੇ ਓਵਰ ਵਿੱਚ ਆਊਟ ਹੋ ਗਈ। ਮਗਰੋਂ ਸਮ੍ਰਿਤੀ ਅਤੇ ਰਿਚਾ ਨੇ ਦੂਜੀ ਵਿਕਟ ਲਈ 51 ਦੌੜਾਂ ਜੋੜ ਕੇ ਭਾਰਤ ਦਾ ਰਾਹ ਆਸਾਨ ਕਰ ਦਿੱਤਾ। ਰਿਚਾ ਦੇ ਆਊਟ ਹੋਣ ਤੋਂ ਬਾਅਦ ਸਮ੍ਰਿਤੀ ਨੇ ਜੈਮੀਮਾ ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ।