ਸਿੱਖੀ ਲਈ ਸਾਰਾ ਪਰਿਵਾਰ ਲੇਖੇ ਲਾਉਣ ਵਾਲੇ

ਸਿੱਖੀ ਲਈ ਸਾਰਾ ਪਰਿਵਾਰ ਲੇਖੇ ਲਾਉਣ ਵਾਲੇ

ਸ਼ਹੀਦ ਬਾਬਾ ਜੀਵਨ ਸਿੰਘ

ਦਲਬੀਰ ਸਿੰਘ ਸੱਖੋਵਾਲੀਆ
ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸਿੱਖ ਧਰਮ ਵਿਚ ਵਿਲੱਖਣ ਸਥਾਨ ਹੈ। ਉਨ੍ਹਾਂ ਦਾ ਪਰਿਵਾਰ ਗੁਰੂ ਸਾਹਿਬਾਨ ਨਾਲ ਪੀੜ੍ਹੀ ਦਰ ਪੀੜ੍ਹੀ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਈ ਸਦਾਨੰਦ ਦੇ ਪੜਦਾਦਾ ਭਾਈ ਕਲਿਆਣਾ ਦਾ ਜ਼ਿਕਰ ਛੇਵੇਂ ਪਾਤਸ਼ਾਹੀ ਦੁਆਰਾ ਜਾਰੀ ਹੁਕਮਨਾਮਿਆਂ ਵਿਚ ਵੀ ਮਿਲਦਾ ਹੈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਖ਼ਿਰੀ ਸਾਹਾਂ ਤੱਕ ਸਾਥ ਰਿਹਾ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹੋਏ ਹਨ। ਉਹ ਯੁੱਧ ਵਿੱਦਿਆ ਦੇ ਮਾਹਿਰ, ਰਹਿਤਨਾਮਾਕਾਰ, ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਰਚਿਤ ਕਿਰਤ ‘ਸ੍ਰੀ ਗੁਰੂ ਕਥਾ’ ਵਿਚ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ, ਰਾਜਸੀ ਹਾਲਾਤ ਬਾਰੇ ਬੜੀ ਗਿਆਨ ਭਰਪੂਰ ਜਾਣਕਾਰੀ ਮਿਲਦੀ ਹੈ।
ਬਾਬਾ ਜੀਵਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵੱਖ ਵੱਖ ਜੰਗਾਂ ਵਿਚ ਹਿੱਸਾ ਲਿਆ। ਤਲਵਾਰ ਦੇ ਧਨੀ, ਘੋੜਸਵਾਰੀ ’ਚ ਨਿਪੁੰਨ ਅਤੇ ਵਫਾਦਾਰ ਯੋਧਾ ਬਾਬਾ ਜੀਵਨ ਸਿੰਘ ਦੇ ਜਨਮ ਬਾਰੇ ਤਾਂ ਵੱਖ ਵੱਖ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਉਨ੍ਹਾਂ ਦਾ ਜਨਮ ਪਿਤਾ ਸਦਾਨੰਦ ਅਤੇ ਮਾਤਾ ਲਾਜਵੰਤੀ ਦੇ ਘਰ ਹੋਇਆ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਦੂਸਰੀ ਯਾਤਰਾ ਪਟਨਾ (ਬਿਹਾਰ) ਗਏ ਸਨ ਤਾਂ ਉਸ ਸਮੇਂ ਗੁਰੂ ਕੇ ਮਹਿਲ (ਮਾਤਾ ਗੁਜਰੀ ਜੀ) ਭਾਈ ਸਦਾਨੰਦ ਅਤੇ ਉਨ੍ਹਾਂ ਦੀ ਪਤਨੀ ਪ੍ਰੇਮੋ (ਮਾਤਾ ਲਾਜਵੰਤੀ) ਵੀ ਨਾਲ ਗਏ ਸਨ ਜਿੱਥੇ ਭਾਈ ਜੈਤਾ ਦਾ ਜਨਮ ਹੋਇਆ। ਦਲਬੀਰ ਸਿੰਘ ਦੀ ਕਿਤਾਬ ‘ਵਰਿਆਮ ਇਕੇਲਾ’ ਅਨੁਸਾਰ: ਭਾਈ ਕਲਿਆਣਾ ਕੱਥੂਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ। ਭਾਈ ਕਲਿਆਣਾ ਦੇ ਪੁੱਤਰ ਸੁੱਖਭਾਨ ਹੋਏ, ਅੱਗੋਂ ਉਸ ਦੇ ਪੁੱਤਰ ਜਸਭਾਨ ਹੋਏ ਸਨ ਜਿਸ ਦੇ ਦੋ ਪੁੱਤਰ ਆਗਿਆ ਰਾਮ ਅਤੇ ਭਾਈ ਸਦਾਨੰਦ ਹੋਏ। ਭਾਈ ਸਦਾਨੰਦ ਬਚਪਨ ਤੋਂ ਸਾਧੂ ਸੁਭਾਅ ਦੇ ਹੋਣ ਕਰ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆ ਗਏ ਸਨ। ਨੌਵੇਂ ਗੁਰੂ ਅਤੇ ਮਾਤਾ ਗੁਜਰੀ ਜੀ ਵੱਲੋਂ ਉਸ ਸਮੇਂ ਵੀ ਜਾਤ-ਪਾਤ ਮਿਟਾਉਣ ਦੀ ਪਹਿਲਕਦਮੀ ਕਰਦਿਆਂ ਭਾਈ ਸਦਾਨੰਦ ਦੀ ਸ਼ਾਦੀ ਦਿੱਲੀ ਦੇ ਸੰਗੀਤ ਘਰਾਣੇ ਦੇ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਕੀਤੀ ਗਈ। ਮਾਤਾ ਨਾਨਕੀ (ਨੌਵੇਂ ਗੁਰੂ ਜੀ ਦੇ ਮਾਤਾ) ਅਤੇ ਮਾਤਾ ਗੁਜਰੀ ਨੇ ਲਾਜਵੰਤੀ ਦਾ ਨਾਮ ਬਾਅਦ ਵਿਚ ਪ੍ਰੇਮੋ ਰੱਖਿਆ ਜਿਸ ਦੀ ਕੁੱਖੋਂ ਦੋ ਪੁੱਤਰ ਜੈਤਾ (ਬਾਬਾ ਜੀਵਨ ਸਿੰਘ) ਅਤੇ ਸੰਗਤਾ (ਭਾਈ ਸੰਗਤ ਸਿੰਘ) ਹੋਏ।
ਬਾਬਾ ਜੀਵਨ ਸਿੰਘ ਦੀ ਰਚਨਾ ‘ਸ੍ਰੀ ਗੁਰੂ ਕਥਾ’ ਵਿਚ ਦੋਹਿਰਾ ‘ਜਯਤੇ ਤਾਰਣਹਾਰ ਗੁਰ ਤਾਰ ਦੀਏ ਰੰਘਰੇਟੜੋ। ਗੁਰ ਪਾਰਸ ਨੇ ਕਰ ਦੀਏ ਰੰਘਰੇਟੇ ਗੁਰ ਬੇਟੜੇ’ ਦਰਜ ਹੈ। ਇਸੇ ਰਚਨਾ ਵਿਚ ਉਸ ਸਮੇਂ ਦੀ ਇਤਿਹਾਸਿਕ ਜਾਣਕਾਰੀ ਵੀ ਲਿਖੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਬਬ ਕਿਵੇਂ ਬਣਿਆ? ਔਰੰਗਜ਼ੇਬ ਦੀ ਕੂਟਨੀਤੀ ਕੀ ਸੀ? ਦਸਵੇਂ ਗੁਰੂ ਜੀ ਨਾਲ ਪਹਾੜੀ ਰਾਜੇ ਕਿਸ ਤਰ੍ਹਾਂ ਅਤੇ ਕਿਉਂ ਸਾੜਾ ਕਰਦੇ ਸਨ। ਇਸ ਤੋਂ ਇਲਾਵਾ ਦਸਮੇਸ਼ ਪਿਤਾ ਜੀ ਦੀਆਂ ਨਿੱਤ ਦੀਆਂ ਗਤੀਵਿਧੀਆਂ ਸਮੇਤ ਹੋਰ ਧਾਰਮਿਕ ਜਾਣਕਾਰੀ ਵੀ ਇਸ ਰਚਨਾ ਤੋਂ ਮਿਲਦੀ ਹੈ।
ਨਿਸ਼ਾਨ ਸਿੰਘ ਗੰਡੀਵਿੰਡ ਦੀ ਪੁਸਤਕ ‘ਸ਼ਹੀਦ ਬਾਬਾ ਜੀਵਨ ਸਿੰਘ- ਜੀਵਨ, ਰਚਨਾ ਅਤੇ ਵਿਆਖਿਆ’ ਨੂੰ ਘੋਖਣ ‘ਤੇ ਉਨ੍ਹਾਂ ਰਚਿਤ ਸਾਹਿਤ ਵਿਚ ਖ਼ਾਲਸੇ ਦੀ ਸਾਜਨਾ ਦਾ ਜ਼ਿਕਰ ਮਿਲਦਾ ਹੈ। ਇਸ ਵਿਚ ਦਸਵੇਂ ਗੁਰੂ ਦੇ ਰੋਜ਼ਾਨਾ ਦੇ ਕਾਰਜ- ਸੇਵਾ, ਭਗਤੀ, ਕੁਰਬਾਨੀ ਤੇ ਆਤਮਿਕ ਸਚਾਈਆਂ ਵੀ ਕਲਮਬੱਧ ਹਨ। ਉਨ੍ਹਾਂ ਦੇ ਨਿਪੁੰਨ ਜਰਨੈਲ ਤੇ ਨੀਤੀਵਾਨ ਹੋਣ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦਾ ਪਤਾ ਇਕ ਅਹਿਮ ਘਟਨਾ ਤੋਂ ਲੱਗਦਾ ਹੈ। ਜਦੋਂ ਨੌਵੇਂ ਗੁਰੂ ਜੀ ਨੂੰ ਦਿੱਲੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਗੁਰੂ ਜੀ ਨੇ ਕੈਦ ਵਿਚ ਹੀ ਭਾਈ ਜੈਤਾ ਜੀ ਨੂੰ 57 ਸਲੋਕ, ਪੰਜ ਪੈਸੇ, ਨਾਰੀਅਲ ਅਤੇ ਹੋਰ ਸਮੱਗਰੀ ਦੇ ਕੇ ਆਨੰਦਪੁਰ ਸਾਹਿਬ ਭੇਜਿਆ ਅਤੇ ਇਉਂ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਨੂੰ ਦਸਵੇਂ ਗੁਰੂ ਦੇ ਰੂਪ ਵਿਚ ਗੁਰਗੱਦੀ ਦਿੱਤੀ ਗਈ। ਇਉਂ ਦਸਮੇਸ਼ ਪਿਤਾ ਜੀ ਦੀ ਗੁਰਗੱਦੀ ਲਈ ਜਿੱਥੇ ਬਾਬਾ ਜੀਵਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨਾਲ ਵੀ ਉਹ ਨੇੜਿਓਂ ਜੁੜੇ ਹੋਏ ਸਨ। 1675 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਜਦੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੁਰੂ ਗੋਬਿੰਦ ਰਾਏ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਬਾਬਾ ਜੀਵਨ ਸਿੰਘ ਰੱਖਿਆ।
ਬਾਬਾ ਜੀਵਨ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ-ਪੇਚ ਸਿਖਾਉਣ ਦਾ ਮਾਣ ਮਿਲਿਆ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ ਜੋ ਆਪਣੀਆਂ ਦੋ ਬੰਦੂਕਾਂ- ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ। ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਵਿਚ ਜ਼ਿਕਰ ਹੈ ਕਿ ‘ਭਾਈ ਜੈਤਾ ਜੀ ਨੇ ਚਾਂਦਨੀ ਚੌਕ ਦਿੱਲੀ ਵਿਚ ਗੁਰੂ ਜੀ ਦਾ ਸੀਸ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਸਦਾਨੰਦ ਨੂੰ ਸ਼ਹੀਦ ਕਰ ਕੇ ਉਸ ਦਾ ਸੀਸ ਗੁਰੂ ਜੀ ਦੇ ਧੜ ਨਾਲ ਟਿਕਾਇਆ।’ ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਆਖ਼ਿਰੀ ਦਮ ਤੱਕ ਬਿਖੜੇ ਰਾਹਾਂ ਦੇ ਪਾਂਧੀ ਬਣਿਆ ਰਿਹਾ। ਬਾਬਾ ਜੀਵਨ ਸਿੰਘ ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਸਿਰਸਾ ਨਦੀ ਕੰਢੇ ਸ਼ਹੀਦ ਹੋ ਗਏ। ਉਨ੍ਹਾਂ ਦੇ ਮਾਤਾ ਪ੍ਰੇਮੋ, ਪਤਨੀ ਰਾਜ ਕੌਰ ਵੀ ਸਿਰਸਾ ਨਦੀ ਕੰਢੇ ਜਾਂ ਸ਼ਹੀਦ ਹੋ ਗਏ ਜਾਂ ਨਦੀ ਵਿਚ ਵਹਿ ਗਏ। ਉਨ੍ਹਾਂ ਦੇ ਵੱਡੇ ਪੁੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜ਼ਾਨ ਸਿੰਘ ਰਿਆੜ (ਵਾਸੀ ਪੱਟੀ) ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਦੌਰਾਨ ਸ਼ਹੀਦ ਹੋ ਗਏ।
ਜਦੋਂ ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਦਸਤਾਰ, ਖ਼ੁਦ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ‘ਤੇ ਬੈਠਾਇਆ ਤਾਂ ਜੋ ਦੁਸ਼ਮਣ ਫੌਜਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਯੁੱਧ ਵਿਚ ਹਾਜ਼ਰ ਹੋਣ ਦਾ ਭੁਲੇਖਾ ਪੈਦਾ ਰਹੇ। ਬਾਬਾ ਜੀਵਨ ਸਿੰਘ ਮਮਟੀ ‘ਤੇ ਫੌਜਾਂ ਨੂੰ ਟੱਕਰ ਦਿੰਦੇ ਰਹੇ ਅਤੇ ਅੰਤ ਨੂੰ ਸ਼ਹੀਦ ਹੋ ਗਏ। ਉਹ ਚਮਕੌਰ ਦੀ ਗੜ੍ਹੀ ਦੇ ਆਖ਼ਿਰੀ ਅੱਠ ਸਿੰਘਾਂ ਵਿਚੋਂ ਸਨ ਜੋ 23 ਦਸੰਬਰ 1704 ਨੂੰ ਦੁਸ਼ਮਣ ਫ਼ੌਜਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ।