ਬਕਾਇਆ ਫੰਡਾਂ ਲਈ ਦਿੱਲੀ ਪੁੱਜੀ ਮਮਤਾ ਬੈਨਰਜੀ

ਬਕਾਇਆ ਫੰਡਾਂ ਲਈ ਦਿੱਲੀ ਪੁੱਜੀ ਮਮਤਾ ਬੈਨਰਜੀ

ਨਵੀਂ ਦਿੱਲੀ/ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸੁਪਰੀਮੋ ਮਮਤਾ ਬੈਨਰਜੀ ਚਾਰ ਰੋਜ਼ਾ ਦੌਰੇ ਲਈ ਅੱਜ ਇਥੇ ਪਹੁੰਚੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਤੇ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦੀ ਮੀਟਿੰਗ ’ਚ ਸ਼ਿਰਕਤ ਕਰਨਗੇ। ਕੋਲਕਾਤਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਪੱਛਮੀ ਬੰਗਾਲ ਲਈ ਕੇਂਦਰੀ ਫੰਡ ਰਿਲੀਜ਼ ਕਰਨ ਦੀ ਮੰਗ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਇਕੱਲਾ ਅਜਿਹਾ ਸੂਬਾ ਹੈ ਜਿਸ ਦੇ ਫੰਡ ਕੇਂਦਰ ਸਰਕਾਰ ਨੇ ਰੋਕੇ ਹੋਏ ਹਨ ਤੇ ਫੰਡ ਰਿਲੀਜ਼ ਨਹੀਂ ਕੀਤੇ ਜਾ ਰਹੇੇ। ਇਸ ਰੁਝਾਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਹ ਦਿੱਲੀ ਜਾ ਰਹੀ ਹੈ।

ਉਨ੍ਹਾਂ ਨੇ 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ’ਚ ਲਾਈ ਗਈ ਸੰਨ੍ਹ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ। ਦਿੱਲੀ ਦੌਰੇ ਦੇ ਵੇਰਵਿਆਂ ਅਨੁਸਾਰ ਮਮਤਾ ਬੈਨਰਜੀ ਸੋਮਵਾਰ ਨੂੰ ਟੀਐੱਮਸੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਤੇ ਮੰਗਲਵਾਰ ਨੂੰ ਉਹ ‘ਇੰਡੀਆ’ ਗੱਠਜੋੜ ਦੀ ਮੀਟਿੰਗ ’ਚ ਸ਼ਾਮਲ ਹੋਣਗੇ। ਇਸ ਮਗਰੋਂ 20 ਦਸੰਬਰ ਨੂੰ ਉਹ ਪਾਰਟੀ ਸੰਸਦ ਮੈਂਬਰਾਂ ਨਾਲ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਫੰਡਾਂ ਦਾ ਮੁੱਦਾ ਉਠਾਉਣਗੇ।

ਸੰਸਦ ’ਚ ਲਾਈ ਗਈ ਸੰੰਨ੍ਹ ਦੇ ਮੁੱਦੇ ’ਤੇ ਕੋਲਕਾਤਾ ’ਚ ਗੱਲਬਾਤ ਕਰਦਿਆਂ ਸ੍ਰੀਮਤੀ ਬੈਨਰਜੀ ਨੇ ਕਿਹਾ, ‘‘ਗ੍ਰਹਿ ਮੰਤਰਾਲਾ ਪਹਿਲਾਂ ਹੀ ਮੰਨ ਚੁੱਕਾ ਹੈ ਕਿ ਇਹ ਇਕ ਵੱਡੀ ਕੁਤਾਹੀ ਸੀ। ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਦਿਓ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦੇ ਜਿਨ੍ਹਾਂ ਮੈਂਬਰਾਂ ਨੇ ਇਸ ਕੁਤਾਹੀ ਖ਼ਿਲਾਫ਼ ਆਵਾਜ਼ ਉਠਾਈ ਹੈ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ਡੈਰੇਕ ਓ ਬ੍ਰਾਇਨ (ਟੀਐੱਸਸੀ ਸੰਸਦ ਮੈਂਬਰ) ਅਤੇ ਵਿਰੋਧੀ ਧਿਰਾਂ ਦੇ 14 ਹੋਰ ਸੰਸਦ ਮੈਂਬਰਾਂ ਨੂੰ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।’