ਭਾਜਪਾ ਦੀ ਸਫਲਤਾ ਮੋਦੀ ਦੀਆਂ ਗਾਰੰਟੀਆਂ ਦੀ ਜਿੱਤ ਕਰਾਰ

ਭਾਜਪਾ ਦੀ ਸਫਲਤਾ ਮੋਦੀ ਦੀਆਂ ਗਾਰੰਟੀਆਂ ਦੀ ਜਿੱਤ ਕਰਾਰ

ਨਵੀਂ ਦਿੱਲੀ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ’ਤੇ ਅੱਜ ਭਾਜਪਾ ਨੇਤਾਵਾਂ ਨੇ ਇੱਕੋ ਸੁਰ ਵਿੱਚ ਕਿਹਾ ਕਿ ਲੋਕਾਂ ਨੇ ‘ਮੋਦੀ ਦੀਆਂ ਗਾਰੰਟੀਆਂ’ ਉੱਤੇ ਭਰੋਸਾ ਜਤਾਇਆ ਹੈ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ‘‘ਚੋਣ ਨਤੀਜਿਆਂ ਨੇ ਦਿਖਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਲੋਕਾਂ ਨੇ ਸਵੀਕਾਰ ਕੀਤਾ ਹੈ।’’ ਜੋਸ਼ੀ ਜਿਹੜੇ ਕਿ ਰਾਜਸਥਾਨ ਲਈ ਭਾਜਪਾ ਦੇ ਚੋਣ ਇੰਚਾਰਜ ਹਨ, ਨੇ ਕਾਂਗਰਸ ਤੇ ਉਸ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ’ਤੇ ਵਿਅੰਗ ਕੱਸਿਆ ਹੈ। ਪ੍ਰਹਿਲਾਦ ਜੋਸ਼ੀ ਨੇ ਆਖਿਆ, ‘‘ਲੋਕਾਂ ਨੇ ਤਿੰਨ ਸੂਬਿਆਂ ’ਚ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦਾ ਸਮਰਥਨ ਕੀਤਾ ਹੈ ਅਤੇ ਕਾਂਗਰਸ ਦੇ ਝੂਠੇ ਵਾਅਦਿਆਂ ਨੂੰ ਨਕਾਰਿਆ ਹੈ।’’ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਰਮਨ ਸਿੰਘ ਨੇ ਰਾਏਪੁਰ ’ਚ ਕਿਹਾ, ‘‘ਲੋਕਾਂ ਨੇ ਮੋਦੀ ਦੀਆਂ ਗਾਰੰਟੀਆਂ ’ਤੇ ਭਰੋਸਾ ਜਤਾਇਆ ਹੈ।’’ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪਾਰਟੀ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦਾ ਨਤੀਜਾ ਹੈ। ਕੇਂਦਰੀ ਸੁੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ 2024 ’ਚ ਕੀ ਹੋਵੇਗਾ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਲੋਕ ‘ਜਾਦੂਗਰ’ ਦੇ ਜਾਦੂ ’ਚੋਂ ਬਾਹਰ ਨਿਕਲ ਆਏ ਹਨ।