ਟਰੰਪ ਨੇ ਬਾਇਡਨ ’ਤੇ ਨਿਸ਼ਾਨਾ ਸੇਧਿਆ

ਟਰੰਪ ਨੇ ਬਾਇਡਨ ’ਤੇ ਨਿਸ਼ਾਨਾ ਸੇਧਿਆ

ਸਿਡਾਰ ਰੈਪਿਡਸ (ਆਇਓਵਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਵਰਤਮਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਲੋਕਤੰਤਰ ਦਾ ‘ਨਾਸ਼ਕ’ ਕਰਾਰ ਦਿੱਤਾ। ਸੰਨ 2020 ਦੇ ਚੋਣ ਨਤੀਜੇ ਪਲਟਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਟਰੰਪ ਨੇ ਕਿਹਾ ਕਿ ਬਾਇਡਨ ਨੇ ਅਮਰੀਕੀ ਲੋਕਤੰਤਰ ਨੂੰ ਖ਼ਤਮ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਬਾਇਡਨ ਉਨ੍ਹਾਂ ਖਿਲਾਫ਼ ਫੈਡਰਲ ਜਸਟਿਸ ਢਾਂਚੇ ਦੀ ਦੁਰਵਰਤੋਂ ਕਰ ਰਹੇ ਸਨ ਤੇ ਇਸੇ ਤਹਿਤ ਅਪਰਾਧਕ ਮੁਕੱਦਮੇ ਚਲਾਏ ਜਾ ਰਹੇ ਹਨ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜੋਅ ਬਾਇਡਨ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸਰਕਾਰ ਨੂੰ ਵਰਤ ਰਹੇ ਹਨ ਤੇ ਬਦਲਾਖੋਰੀ ਦੀ ਸਿਆਸਤ ਭਾਰੂ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਲੋਕ ‘ਫਾਸ਼ੀਵਾਦੀਆਂ’ ਨੂੰ ਪਸੰਦ ਨਹੀਂ ਕਰਦੇ। ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ ਚੀਨ ਵਿਚ ਨਸ਼ਾ ਤਸਕਰਾਂ ਨੂੰ ਤੁਰੰਤ ਮੌਤ ਦੀ ਸਜ਼ਾ ਮਿਲਦੀ ਹੈ ਤੇ ਉਨ੍ਹਾਂ ਦਾ ਅਪਰਾਧਕ ਨਿਆਂ ਢਾਂਚਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦਾ ਆਗੂ ਕਿਮ ਜੌਂਗ ਵੀ ਉਨ੍ਹਾਂ ਨੂੰ ਪਸੰਦ ਕਰਦਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਨ੍ਹਾਂ ਰਿਸ਼ਤਿਆਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ‘ਉਨ੍ਹਾਂ ਲੋਕਾਂ ਨਾਲ ਸੁਖਾਵੇਂ ਰਿਸ਼ਤੇ ਰੱਖਣਾ ਚੰਗਾ ਹੈ ਜਿਨ੍ਹਾਂ ਕੋਲ ਪਰਮਾਣੂ ਹਥਿਆਰ ਹਨ।’ ਭਾਸ਼ਣ ਵਿਚ ਟਰੰਪ ਨੇ ਕਈ ਵਾਰ ਦੁਹਰਾਇਆ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਨੂੰ ‘ਹੇਰਾਫੇਰੀ’ ਨਾਲ ਹਰਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਦਾਅਵਿਆਂ ਲਈ ਸਾਬਕਾ ਰਾਸ਼ਟਰਪਤੀ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।