‘ਕੈਨੇਡਾ ਦਾ ਲੱਡੂ’ ਨਾਟਕ ਨਾਲ ‘ਨੌਰ੍ਹਾ ਰਿਚਰਡ ਥੀਏਟਰ ਫੈਸਟੀਵਲ’ ਸ਼ੁਰੂ

‘ਕੈਨੇਡਾ ਦਾ ਲੱਡੂ’ ਨਾਟਕ ਨਾਲ ‘ਨੌਰ੍ਹਾ ਰਿਚਰਡ ਥੀਏਟਰ ਫੈਸਟੀਵਲ’ ਸ਼ੁਰੂ

ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਪਟਿਆਲਾ ਵਲੋਂ ਕਰਵਾਇਆ ਜਾ ਰਿਹਾ 9ਵਾਂ ‘ਨੌਰ੍ਹਾ ਰਿਚਰਡ ਥੀਏਟਰ ਫੈਸਟੀਵਲ’ ਆਰੰਭ ਹੋ ਗਿਆ। ਇਸ ਦਾ ਆਗਾਜ਼ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਨਾਹਰ ਸਿੰਘ ਔਜਲਾ ਦੇ ਲਿਖੇ ਅਤੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਿਤ ਕੀਤੇ ਨਾਟਕ ‘ਕੈਨੇਡਾ ਦਾ ਲੱਡੂ’ ਨਾਲ ਹੋਇਆ। ਮੇਲੇ ਦਾ ਉਦਘਾਟਨ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਨਾਟਕ ਦੀ ਨੱਕੜਦਾਦੀ ਨੌਰ੍ਹਾ ਰਿਚਰਡ ਦੀ ਪੰਜਾਬੀ ਰੰਗਮੰਚ ਨੂੰ ਵੱਡੀ ਦੇਣ ਹੈ। ਉਨ੍ਹਾਂ ਦੀ ਯਾਦ ਵਿੱਚ ਨਾਟਕ ਮੇਲਾ ਕਰਵਾਉਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਯੂਥ ਵੈਲਫੇਅਰ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਨਾਟਕ ‘ਕੈਨੇਡਾ ਦਾ ਲੱਡੂ’ ਕਲਾ ਭਵਨ ਦੇ ਮੰਚ ਉਪਰ ਲੱਖਾ ਲਹਿਰੀ ਦੀ ਪ੍ਰਪੱਕ ਅਤੇ ਲਾਮਿਸਾਲ ਨਿਰਦੇਸ਼ਨਾ ਅਧੀਨ ਪੇਸ਼ ਕੀਤਾ ਗਿਆ। ਪਰਵਾਸੀ ਜੀਵਨ ਦੀ ਹੱਡ ਭੰਨਵੀਂ ਕਮਾਈ ਨਾਲ ਦੋ ਦੋ ਸ਼ਿਫ਼ਟਾਂ ਲਾ ਕੇ ਦਿਖਾਵੇ ਲਈ ਵੱਡਾ ਘਰ ਲੈਣ ਅਤੇ ਲੋੜ ਵੇਲੇ ਬੱਚਿਆਂ ਵੱਲ ਧਿਆਨ ਨਾ ਦੇਣ ਕਾਰਣ ਨਾਟਕ ਵਿਚ ਤਿੰਨ ਪੀੜ੍ਹੀਆਂ ਵੱਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਇੰਨੀ ਕਲਾਤਮਿਕਤਾ, ਸਾਰਥਕਤਾ ਅਤੇ ਹਰ ਅੱਖ ਨੂੰ ਮੱਲੋਮੱਲੀ ਰੋਣ ਲਈ ਮਜਬੂਰ ਕੀਤਾ। ਜਿਸ ਦੌਰਾਨ ਇਸ ਨਾਟਕ ਨੇ ਬਾਹਰੋਂ ਦਿਸਦੀ ਜੀਵਨ ਦੀ ਚਮਕ ਅਤੇ ਸੁਨਹਿਰੀ ਦਿੱਖ ਪਿਛੇ ਭੋਗੇ ਜਾ ਰਹੇ ਕਰੂਰ ਸੰਤਾਪ ਨੂੰ ਨੰਗਿਆਂ ਕਰ ਕੇ ਸਮਾਜ ਨੂੰ ਇਧਰਲੇ ਪੰਜਾਬੀ ਜੀਵਨ ਅਤੇ ਪਰਵਾਸੀ ਜੀਵਨ ਦੇ ਪਾੜੇ ਰਾਹੀਂ ਮੁੱਲਵਾਨ ਸੰਦੇਸ਼ ਦਿੱਤਾ।

ਰਵੀ ਨੰਦਨ ਦਾ ਪਿੱਠਵਰਤੀ ਸੰਗੀਤ, ਗਾਇਕੀ ਅਤੇ ਗਾਏ ਤੇ ਮਾਸਟਰ ਤਰਲੋਚਨ ਤੇ ਅਮੋਲਕ ਦੇ ਲਿਖੇ ਗੀਤ ਬਹੁਤ ਸੰਜੀਦਾ, ਢੁਕਵੇਂ ਅਤੇ ਸ਼ਲਾਘਾਯੋਗ ਹਨ। ਸੰਚਾਲਨ ਨੈਨਸੀ ਨੇ ਕੀਤਾ। ਕਲਾਕਾਰਾਂ ਵਿੱਚ ਮਨਦੀਪ ਸਿੰਘ, ਫਤਹਿ ਸੋਹੀ, ਕਰਮਨ ਸਿੱਧੂ, ਸਿਮਰਜੀਤ ਕੌਰ ਤੇ ਟਾਪੁਰ ਸ਼ਰਮਾ ਨੇ ਆਪਣੇ ਪਾਤਰਾਂ ਨਾਲ ਇੱਕ ਮਿੱਕ ਹੋ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਬਾਕੀ ਕਲਾਕਾਰਾਂ ਵਿੱਚ ਬਹਾਰ ਗਰੋਬਰ, ਉੱਤਮਜੋਤ, ਸਿੱਦਕ ਰੰਧਾਵਾ, ਸ਼ਿਫਾ ਕੰਬੋਜ, ਕੁਲਤਰਨ, ਲਵਪ੍ਰੀਤ ਸਿੰਘ ਲਵੀ ਤੇ ਨਵਨੀਤ ਕੌਰ ਨੇ ਵੀ ਆਪਣੇ ਕਿਰਦਾਰ ਬਾਖੂਬੀ ਨਿਭਾਏ। ਮਨਪ੍ਰੀਤ ਸਿੰਘ ਦੇ ਰੌਸ਼ਨੀ ਪ੍ਰਭਾਵਾਂ ਨੇ ਵੀ ਨਾਟਕ ਦੇ ਵਿਸ਼ੇ ਨੂੰ ਉਭਾਰਨ ਵਿੱਚ ਮਦਦ ਕੀਤੀ। ਨਾਟਕ ਦਾ ਸੈੱਟ ਬਲਵਿੰਦਰ ਸਿੰਘ ਦੁਆਰਾ ਤਿਆਰ ਕੀਤਾ ਗਿਆ। ਫੈਸਟੀਵਲ ਦਾ ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।