ਰਣਬੀਰ ਤੇ ਬੌਬੀ ਦੀ ‘ਐਨੀਮਲ’ 100 ਕਰੋੜ ਕਲੱਬ ਵਿੱਚ ਦਾਖ਼ਲ

ਰਣਬੀਰ ਤੇ ਬੌਬੀ ਦੀ ‘ਐਨੀਮਲ’ 100 ਕਰੋੜ ਕਲੱਬ ਵਿੱਚ ਦਾਖ਼ਲ

ਮੁੰਬਈ: ਅਦਾਕਾਰ ਬੌਬੀ ਦਿਓਲ ਅਤੇ ਰਣਬੀਰ ਕਪੂਰ ਦੀ ਐਕਸ਼ਨ ਥ੍ਰਿਲਰ ‘ਐਨੀਮਲ’ ਦਾ ਨਸ਼ਾ ਪ੍ਰਸ਼ੰਸਕਾਂ ਨੂੰ ਚੜ੍ਹਦਾ ਜਾ ਰਿਹਾ ਹੈ। ਫਿਲਮ ਨੇ ਦੋ ਦਿਨਾਂ ਵਿੱਚ ਹੀ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਹਿੰਦੀ ਭਾਸ਼ਾ ਵਿੱਚ ਬਣੀ ਫਿਲਮ ਨੇ ਦੂਜੇ ਦਿਨ ਕੁੱਲ 58.37 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਨਾਲ ਭਾਰਤ ਵਿੱਚ ਇਸ ਦੀ ਕੁੱਲ ਕਮਾਈ 113.12 ਕਰੋੜ ’ਤੇ ਪਹੁੰਚ ਗਈ ਹੈ। ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਤਿਆਰ ਹੋਈਆਂ ਫਿਲਮਾਂ ਦੀ ਕਮਾਈ ਜੋੜ ਕੇ ਇਹ ਅੰਕੜਾ 131.07 ਕਰੋੜ ’ਤੇ ਪਹੁੰਚ ਗਿਆ ਹੈ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, ‘‘ਐਨੀਮਲ’ ਬਾਕਸ ਆਫਿਸ ਦਾ ਦੈਂਤ ਹੈ…‘ਐਨੀਮਲ’ ਮੈਟਰੋ, ਨਾਨ ਮੈਟਰੋ, ਹਰ ਥਾਂ ਛਾਈ ਹੋਈ ਹੈ।’’ ਜ਼ਿਕਰਯੋਗ ਹੈ ਕਿ ‘ਐਨੀਮਲ’ ਰਣਬੀਰ ਦੇ ਕਰੀਅਰ ਦੀ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਬਣ ਕੇ ਉੱਭਰੀ ਹੈ। ਇਹ ਫਿਲਮ ਪਿਤਾ-ਪੁੱਤ ਦੀ ਕਹਾਣੀ ਬਿਆਨਦੀ ਹੈ ਜਿਸ ਵਿੱਚ ਰਣਬੀਰ ਦੇ ਪਿਤਾ ਦੀ ਭੂਮਿਕਾ ਅਨਿਲ ਕਪੂਰ ਨੇ ਨਿਭਾਈ ਹੈ।