ਉੱਤਰਕਾਸ਼ੀ: ਸੁਰੰਗ ਦੇ ਉਪਰੋਂ 36 ਮੀਟਰ ਤੱਕ ਡਰਿਲਿੰਗ ਹੋਈ

ਉੱਤਰਕਾਸ਼ੀ: ਸੁਰੰਗ ਦੇ ਉਪਰੋਂ 36 ਮੀਟਰ ਤੱਕ ਡਰਿਲਿੰਗ ਹੋਈ

ਮਲਬੇ ਨੂੰ ਹੱਥਾਂ ਨਾਲ ਹਟਾਉਣ ਦਾ ਕੰਮ ਵੀ ਹੋਇਆ ਸ਼ੁਰੂ

  • ਔਗਰ ਮਸ਼ੀਨ ਦੇ ਫਸੇ ਹੋਏ ਹਿੱਸਿਆਂ ਨੂੰ ਬਾਹਰ ਕੱਢਿਆ
  • ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਗ੍ਰਹਿ ਸਕੱਤਰ ਨੇ ਕੀਤੀ ਵਰਕਰਾਂ ਨਾਲ ਗੱਲਬਾਤ

ਉੱਤਰਕਾਸ਼ੀ- ਪਿਛਲੇ 15 ਦਿਨਾਂ ਤੋਂ ਸਿਲਕਿਆਰਾ ਸੁਰੰਗ ’ਚ ਫਸੇ 41 ਵਰਕਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੇ ਉਪਰੋਂ 36 ਮੀਟਰ ਤੱਕ ਡਰਿਲਿੰਗ ਹੋ ਚੁੱਕੀ ਹੈ। ਸੁਰੰਗ ਉਪਰੋਂ 86 ਮੀਟਰ ਤੱਕ ਡਰਿਲਿੰਗ ਕਰਨੀ ਪਵੇਗੀ। ਸੁਰੰਗ ਅੰਦਰੋਂ ਮਲਬੇ ਨੂੰ ਹੱਥਾਂ ਨਾਲ ਹਟਾਉਣ ਲਈ ਵਿਸ਼ੇਸ਼ ਮਾਈਨਰ ਪਹੁੰਚ ਚੁੱਕੇ ਹਨ ਅਤੇ ਡਰਿਲਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਮਲਬੇ ’ਚ ਫਸੇ ਔਗਰ ਮਸ਼ੀਨ ਦੇ ਹਿੱਸਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀ ਕੇ ਮਿਸ਼ਰਾ, ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਐੱਸ ਐੱਸ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮਿਸ਼ਰਾ ਨੇ ਸੁਰੰਗ ’ਚ ਫਸੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਬਣਾਈ ਰੱਖਣ ਲਈ ਕਿਹਾ। ਮਿਸ਼ਰਾ ਨੇ ਵਰਕਰਾਂ ਦਾ ਹਾਲ-ਚਾਲ ਪੁੱਛਦਿਆਂ ਕਿਹਾ ਕਿ ਵੱਖ ਵੱਖ ਏਜੰਸੀਆਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਫਸੇ ਹੋਏ ਵਰਕਰਾਂ ਵੱਲੋਂ ਗੱਬਰ ਸਿੰਘ ਨੇਗੀ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਸੁਰੰਗ ਅੰਦਰ ਭੇਜੀ ਗਈ ਸੰਚਾਰ ਪ੍ਰਣਾਲੀ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਮਲਬੇ ’ਚ ਫਸੀ ਔਗਰ ਮਸ਼ੀਨ ਦੇ ਬਲੇਡ ਅਤੇ ਸ਼ਾਫਟ ਕੱਟਣ ਵਾਲੇ ਵਰਕਰਾਂ ਟਿੰਕੂ ਦੂਬੇ, ਅਮਿਤ, ਸ਼ਸ਼ੀਕਾਂਤ, ਝਾਰੂ ਰਾਮ, ਰਾਧੇ ਰਮਨ ਦੂਬੇ, ਓਮ ਪ੍ਰਕਾਸ਼, ਐੱਨ ਡੀ ਅਹਿਮਦੀ ਨਾਲ ਗੱਲ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਡਰਿਲਿੰਗ ਕਰ ਰਹੀ ਔਗਰ ਮਸ਼ੀਨ ਦੇ ਟੁੱਟਣ ਮਗਰੋਂ ਬਦਲਵਾਂ ਰਾਹ ਤਿਆਰ ਕਰਨ ਲਈ ਐਤਵਾਰ ਨੂੰ ਸੁਰੰਗ ਦੇ ਉਪਰੋਂ ਡਰਿਲਿੰਗ ਸ਼ੁਰੂ ਕੀਤੀ ਗਈ ਸੀ।
ਫ਼ੌਜ ਦੇ ਸਾਬਕਾ ਚੀਫ਼ ਇੰਜਨੀਅਰ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ (ਰਿਟਾਇਰਡ) ਨੇ ਸਿਲਕਿਆਰਾ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ 31 ਮੀਟਰ ਡਰਿਲਿੰਗ ਕੀਤੀ ਜਾ ਚੁੱਕੀ ਹੈ। ਇਸ ਤਹਿਤ 1.2 ਮੀਟਰ ਮੋਟੇ ਪਾਈਪ ਸੁਰੰਗ ਦੇ ਉਪਰੋਂ ਹੇਠਾਂ ਵੱਲ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਡਰਿਲਿੰਗ ਦੌਰਾਨ ਮਲਬੇ ’ਚ ਫਸ ਗਏ ਅਮਰੀਕੀ ਔਗਰ ਮਸ਼ੀਨ ਦੇ ਬਾਕੀ ਬਚੇ ਹਿੱਸੇ ਵੀ ਸੋਮਵਾਰ ਤੜਕੇ ਬਾਹਰ ਕੱਢ ਲਏ ਗਏ।

ਉਨ੍ਹਾਂ ਕਿਹਾ,‘‘800 ਐੱਮਐੱਮ ਡਾਇਆਮੀਟਰ ਪਾਈਪਾਂ ਦੇ ਢਾਂਚੇ ਤਿਆਰ ਕੀਤੇ ਗਏ ਹਨ। ਅਸੀਂ ਹੌਲੀ ਹੌਲੀ ਅੱਧੇ ਤੋਂ ਇਕ ਮੀਟਰ ਤੱਕ ਅੱਗੇ ਵਧਾਂਗੇ। ਜੇਕਰ ਸਾਰਾ ਕੁਝ ਠੀਕ ਰਿਹਾ ਅਤੇ ਕੋਈ ਰੁਕਾਵਟ ਨਾ ਆਈ ਤਾਂ ਮਲਬੇ ਦਾ 10 ਮੀਟਰ ਦਾ ਹਿੱਸਾ 24 ਤੋਂ 36 ਘੰਟਿਆਂ ’ਚ ਡਰਿਲ ਕੀਤਾ ਜਾ ਸਕਦਾ ਹੈ।’’

ਜਦੋਂ ਇਹ ਪੁੱਛਿਆ ਗਿਆ ਕਿ ਹੱਥਾਂ ਨਾਲ ਮਲਬੇ ਨੂੰ ਖੋਦਣਾ ਜਾਂ ਮਸ਼ੀਨਾਂ ਰਾਹੀਂ ਡਰਿਲਿੰਗ ’ਚੋਂ ਕਿਹੜਾ ਤਰੀਕਾ ਪਹਿਲਾਂ ਮੁਕੰਮਲ ਹੋਵੇਗਾ ਤਾਂ ਅਧਿਕਾਰੀ ਨੇ ਕਿਹਾ ਕਿ ਇਹ ਸਾਰਾ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸੁਰੰਗ ਦੇ ਰਾਹ ’ਚ ਕੋਈ ਅੜਿੱਕਾ ਨਾ ਆਵੇ।