ਗਾਜ਼ਾ: ਜੰਗਬੰਦੀ ਦੋ ਦਿਨ ਹੋਰ ਵਧਾਉਣ ਦਾ ਸਮਝੌਤਾ ਸਿਰੇ ਚੜ੍ਹਿਆ

ਗਾਜ਼ਾ: ਜੰਗਬੰਦੀ ਦੋ ਦਿਨ ਹੋਰ ਵਧਾਉਣ ਦਾ ਸਮਝੌਤਾ ਸਿਰੇ ਚੜ੍ਹਿਆ

ਕਤਰ ਅਤੇ ਮਿਸਰ ਦੇ ਸਹਿਯੋਗ ਨਾਲ ਇਜ਼ਰਾਈਲ ਅਤੇ ਹਮਾਸ ਸਮਝੌਤੇ ਲਈ ਹੋਏ ਰਾਜ਼ੀ
ਗਾਜ਼ਾ/ਯੇਰੂਸ਼ਲਮ- ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਜੰਗਬੰਦੀ ਦੀ ਮਿਆਦ ਅੱਜ ਖ਼ਤਮ ਹੋ ਗਈ। ਉਂਜ ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੈ ਕਿ ਗਾਜ਼ਾ ’ਚ ਜੰਗਬੰਦੀ ਦੋ ਹੋਰ ਦਿਨ ਵਧਾਉਣ ਲਈ ਮਿਸਰ ਅਤੇ ਕਤਰ ਦੇ ਦਖ਼ਲ ਸਦਕਾ ਸਮਝੌਤਾ ਸਿਰੇ ਚੜ੍ਹ ਗਿਆ ਹੈ। ਮਿਸਰ ਦੀ ਸਟੇਟ ਇਨਫਰਮੇਸ਼ਨ ਸਰਵਿਸ ਦੇ ਮੁਖੀ ਦੀਆ ਰਸ਼ਵਾਨ ਨੇ ਕਿਹਾ ਕਿ ਜੰਗਬੰਦੀ ਦੀ ਮਿਆਦ ’ਚ ਵਾਧੇ ਦੌਰਾਨ ਹਮਾਸ ਵੱਲੋਂ ਬੰਦੀ ਬਣਾਏ ਗਏ 20 ਇਜ਼ਰਾਇਲੀਆਂ ਨੂੰ ਛੱਡਣਾ ਸ਼ਾਮਲ ਹੈ। ਉਸ ਨੇ ਕਿਹਾ ਕਿ ਇਸ ਦੇ ਬਦਲੇ ’ਚ 60 ਫਲਸਤੀਨੀਆਂ ਨੂੰ ਇਜ਼ਰਾਈਲ ਦੀਆਂ ਜੇਲ੍ਹਾਂ ’ਚੋਂ ਰਿਹਾਅ ਕੀਤਾ ਜਾਵੇਗਾ। ਰਸ਼ਵਾਨ ਨੇ ਕਿਹਾ ਕਿ ਜੰਗਬੰਦੀ ਦੇ ਆਖਰੀ ਦਿਨ 11 ਇਜ਼ਰਾਇਲੀ ਬੰਧਕਾਂ ਨੂੰ ਛੱਡੇ ਜਾਣ ਅਤੇ 33 ਫਲਸਤੀਨੀਆਂ ਦੀ ਰਿਹਾਈ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹਮਾਸ ਨੇ ਚਾਰ ਦਿਨਾਂ ਜੰਗਬੰਦੀ ਦੀ ਮਿਆਦ ’ਚ ਵਾਧੇ ਜਦਕਿ ਇਜ਼ਰਾਈਲ ਨੇ ਇਸ ’ਚ ਰੋਜ਼ਾਨਾ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਸੀ। ਇਜ਼ਰਾਈਲ ਦੇ ਇਕ ਅਧਿਕਾਰੀ ਨੇ ਦੁਹਰਾਇਆ ਕਿ ਜੰਗਬੰਦੀ ਦੇ ਹਰ ਵਾਧੂ ਦਿਨ ’ਤੇ 10-10 ਬੰਧਕਾਂ ਦੀ ਰਿਹਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬਦਲੇ ’ਚ ਤਿੰਨ ਗੁਣਾ ਫਲਸਤੀਨੀ ਕੈਦੀਆਂ ਨੂੰ ਛੱਡਿਆ ਜਾਵੇਗਾ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਪੁਲੀਸ ਮੁਖੀ ਜੋਸੇਫ਼ ਬੋਰੈੱਲ ਨੇ ਕਿਹਾ ਕਿ ਜੰਗਬੰਦੀ ਦੀ ਮਿਆਦ ’ਚ ਵਾਧਾ ਤੈਅ ਹੈ ਅਤੇ ਇਸ ਨਾਲ ਕੌਮਾਂਤਰੀ ਭਾਈਚਾਰੇ ਨੂੰ ਮਸਲੇ ਦਾ ਸਿਆਸੀ ਹੱਲ ਲੱਭਣ ’ਚ ਸਹਾਇਤਾ ਮਿਲ ਸਕਦੀ ਹੈ। ਇਜ਼ਰਾਇਲੀ ਸਰਕਾਰ ਦੇ ਤਰਜਮਾਨ ਨੇ ਕਿਹਾ ਕਿ ਬੰਧਕ ਬਣਾਏ ਗਏ ਲੋਕਾਂ ’ਚ 14 ਵਿਦੇਸ਼ੀਆਂ ਅਤੇ ਦੋਹਰੀ ਨਾਗਰਿਕਤਾ ਵਾਲੇ 80 ਇਜ਼ਰਾਇਲੀਆਂ ਸਣੇ 184 ਵਿਅਕਤੀ ਅਜੇ ਵੀ ਗਾਜ਼ਾ ’ਚ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਉਹ ਪੂਰੀ ਤਾਕਤ ਨਾਲ ਗਾਜ਼ਾ ’ਚ ਹਮਲਾ ਕਰਨਗੇ ਅਤੇ ਹਮਾਸ ਦਾ ਖ਼ਾਤਮਾ ਕਰਕੇ ਰਹਿਣਗੇ। ਉਧਰ ਗਾਜ਼ਾ ’ਚ ਫਲਸਤੀਨੀ ਆਪਣੇ ਘਰਾਂ ਵੱਲ ਪਰਤਣਾ ਸ਼ੁਰੂ ਹੋ ਗਏ ਜਦਕਿ ਬਹੁਤੇ ਲੋੜੀਂਦੇ ਰਾਸ਼ਨ ਲਈ ਕਤਾਰਾਂ ’ਚ ਲੱਗੇ ਰਹੇ।