ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਰਹਿਬਰ: ਸਿੱਧੂ

ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਰਹਿਬਰ: ਸਿੱਧੂ

ਬਨੂੜ- ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਗੁਰੂ ਨਾਨਕ ਦੇਵ ਸਮੁੱਚੀ ਮਾਨਵਤਾ ਦੇ ਰਹਿਬਰ ਸਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਸਮਾਜ ਨੂੰ ਹਮੇਸ਼ਾ ਰੋਸ਼ਨੀ ਅਤੇ ਸੇਧ ਦਿੰਦੀਆਂ ਰਹਿਣਗੀਆਂ। ਉਹ ਅੱਜ ਸਵੇਰੇ ਪਿੰਡ ਗੋਬਿੰਦਗੜ੍ਹ ਦੀ ਸੰਗਤ ਵੱਲੋਂ ਗੁਰਪੁਰਬ ਦੀ ਖੁਸ਼ੀ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਵੇਲੇ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀ ਬਾਣੀ ਮਨੁੱਖ ਨੂੰ ਚੰਗਾ ਇਨਸਾਨ ਬਣਨ ਲਈ ਸੇਧ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਗੁਰੂ ਨਾਨਕ ਦੇਵ ਦੀਆਂ ਸਿਖਿਆਵਾਂ ’ਤੇ ਚੱਲਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਇਸ ਮੌਕੇ ਪ੍ਰਬੰਧਕਾਂ ਭਾਈ ਬਲਬੀਰ ਸਿੰਘ, ਡਾ ਬਲਵਿੰਦਰ ਸਿੰਘ ਆਦਿ ਵੱਲੋਂ ਸ੍ਰੀ ਸਿੱਧੂ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ। ਨਗਰ ਕੀਰਤਨ ਢੇਲਪੁਰ, ਤਸੌਲੀ, ਮਾਣਕਪੁਰ, ਖੇੜਾ ਗੱਜੂ, ਅਬਰਾਵਾਂ, ਸਨੇਟਾ, ਰਾਏਪੁਰ ਕਲਾਂ, ਸ਼ਾਮਪੁਰ ਆਦਿ ਪਿੰਡਾਂ ਨੂੰ ਹੁੰਦਾ ਹੋਇਆ ਗੋਬਿੰਦਗੜ੍ਹ ਆ ਕੇ ਸਮਾਪਤ ਹੋਇਆ। ਇਸੇ ਦੌਰਾਨ ਸਮੁੱਚੇ ਖੇਤਰ ਵਿੱਚ ਅੱਜ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।