ਬਾਬਾ ਨਾਨਕ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲੋਕ: ਖੱਟਰ

ਬਾਬਾ ਨਾਨਕ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲੋਕ: ਖੱਟਰ

ਪੰਚਕੂਲਾ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਚਕੂਲਾ ਦੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਵਿੱਚ ਛੇ ਮੰਜ਼ਿਲਾ ਪਾਰਕਿੰਗ ਦਾ ਉਦਘਾਟਨ ਕੀਤਾ। ਉਨ੍ਹਾਂ ਪ੍ਰਕਾਸ਼ ਪੁਰਬ ਮੌਕੇ ਹਰਿਆਣਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਨਾਢਾ ਸਾਹਿਬ ਗੁਰਦੁਆਰਾ ਵਿੱਚ ਪਾਰਕਿੰਗ ਦਾ ਨੀਂਹ ਪੱਥਰ ਵੀ ਉਨ੍ਹਾਂ ਨੇ ਰੱਖਿਆ ਸੀ ਅਤੇ ਅੱਜ ਇਸ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਲੋਕ ਗੁਰੂ ਨਾਨਕ ਦੇਵ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਆਪਣੇ ਦਿਲਾਂ ਵਿੱਚ ਵਸਾਉਣ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਵੱਧ ਤੋਂ ਵੱਧ ਵਿਕਾਸ ਦੇ ਕੰਮ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਨਾਢਾ ਸਾਹਿਬ ਗੁਰਦੁਆਰਾ ਦੀ ਬਹੁ-ਮੰਜ਼ਿਲਾ ਪਾਰਕਿੰਗ ਤੋਂ ਇਲਾਵਾ ਸੋਲਰ ਪਲਾਂਟ, ਸੀਵਰੇਜ ਸਿਸਟਮ, ਗੁਰਦੁਆਰੇ ਦੀ ਚਾਰ ਦਿਵਾਰੀ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸੈਕਟਰੀ ਰਮਨੀਕ ਸਿੰਘ ਮਾਨ ਨੇ ਅਤੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਮੈਨੇਜਰ ਪਰਮਜੀਤ ਸਿੰਘ, ਹੈੱਡ ਗ੍ਰੰਥੀ ਜਗਜੀਤ ਸਿੰਘ ਅਤੇ ਸਮਾਜਸੇਵੀ ਬੋਬੀ ਸਿੰਘ ਤੋਂ ਇਲਾਵਾ ਕਈਆਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਲ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਬਾਲ ਕਲਿਆਣ ਪਰਿਸ਼ਦ ਦੀ ਜਨਰਲ ਸਕੱਤਰ ਰਣਜੀਤਾ ਮਹਿਤਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਆਦਿ ਸ਼ਾਮਲ ਸਨ।
ਗੁਰਦੁਆਰੇ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਨਾਢਾ ਸਾਹਿਬ ਦੇ ਕੰਪਲੈਕਸ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਹੋਇਆ ਸੀ। ਅੱਜ ਟ੍ਰਾਈਸਿਟੀ ਤੋਂ ਵੱਡੀ ਗਿਣਤੀ ਸੰਗਤ ਗੁਰਦੁਆਰਾ ਨਾਢਾ ਸਾਹਿਬ ਵਿੱਚ ਪਹੁੰਚੀ ਹੋਈ ਸੀ। ਨਾਢਾ ਸਾਹਿਬ ਵਿੱਚ ਰਾਗੀ, ਢਾਡੀ ਅਤੇ ਕਿਰਤਨੀ ਜਥਿਆਂ ਨੇ ਸਾਰਾ ਦਿਨ ਧਾਰਮਿਕ ਪ੍ਰੋਗਰਾਮ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰੇ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਵੀਂ ਬਣੀ ਛੇ ਮੰਜ਼ਿਲਾ ਪਾਰਕਿੰਗ ਵਿੱਚ 300 ਗੱਡੀਆਂ ਦੇ ਖੜ੍ਹਨ ਦਾ ਪ੍ਰਬੰਧ ਹੈ। ਇਹ ਪਾਰਕਿੰਗ ਸੰਗਤ ਲਈ ਮੁਫ਼ਤ ਹੋਵੇਗੀ। ਗੁਰਦੁਆਰਾ ਨਾਢਾ ਸਾਹਿਬ ਤੋਂ ਇਲਾਵਾ ਸੈਕਟਰ-15 ਦੇ ਗੁਰਦੁਆਰਾ ਅੱਬਦੂ ਸਿੰਘ ਸ਼ਹੀਦਾਂ, ਸੈੱਕਟਰ ਬਾਰ੍ਹਾਂ ਦੇ ਗੁਰਦੁਆਰਾ ਸਾਹਿਬ ਅਤੇ ਸੈਕਟਰ ਸੱਤ ਗੁਰਦੁਆਰਾ ਸਿੰਘ ਸਭਾ ਵਿੱਚ ਪ੍ਰਕਾਸ਼ ਪੁਰਬ ਮਨਾਇਆ ਗਿਆ।
ਹਰਿਆਣਾ ਦੇ ਰਾਜਪਾਲ ਨੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਿਆ

ਪੰਚਕੂਲਾ: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਮਨੀਕ ਸਿੰਘ ਮਾਨ ਵੀ ਹਾਜ਼ਰ ਸਨ। ਰਾਜਪਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ, ਸਮਾਜ ਸੁਧਾਰਕ ਅਤੇ ਮਹਾਨ ਪੁਰਖ ਸਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ’ਤੇ ਚੱਲਣਾ ਚਾਹੀਦਾ ਹੈ।