ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਸੰਗਰੂਰ – ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦਪੁਰਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਸਜਾਏ ਗਏ ਅਤੇ ਅਖੰਡ ਪਾਠ ਦੇ ਭੋਗ ਪਾਏ ਗਏ। ਭੋਗ ਮੌਕੇ ਹਜ਼ੂਰੀ ਭਾਈ ਗੁਰਧਿਆਨ ਸਿੰਘ, ਹਰਮਨਜੀਤ ਸਿੰਘ ਦੇ ਜਥਿਆਂ ਵਲੋਂ ਸ਼ਬਦ ਗੁਰਬਾਣੀ ਦਾ ਕਥਾ ਕੀਰਤਨ ਕੀਤਾ ਗਿਆ। ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਨੇ ਗੁਰੂ ਸਾਹਿਬ ਦੇ ਜੀਵਨ ਤੇ ਕਥਾ ਵਿਚਾਰ ਕੀਤੀ। ਇਸ ਸਮਾਗਮ ਲਈ ਹਰਪ੍ਰੀਤ ਸਿੰਘ ਪ੍ਰੀਤ ਦੀ ਨਿਗਰਾਨੀ ਹੇਠ ਨਾਗਪਾਲ ਪਰਿਵਾਰ ਦੇ ਪ੍ਰੀਤਮ ਲਾਲ , ਸੰਜੈ ਕੁਮਾਰ ਅਤੇ ਸੁਨੀਲ ਕੁਮਾਰ ਦੇ ਨਾਲ ਸੁਖਪਾਲ ਸਿੰਘ, ਵਿਕਰਮਜੀਤ ਸਿੰਘ, ਹਰਜੀਤ ਸਿੰਘ ਹੈਪੀ, ਰਾਜ ਕੁਮਾਰ ਰਾਜੂ, ਪਰਵੀਨ ਕੁਮਾਰ, ਭਰਪੂਰ ਸਿੰਘ ਗੋਲਡੀ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ, ਹਮੀਰ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਹਿਯੋਗੀਆਂ ਦਾ ਸਨਮਾਨ ਕੀਤਾ।

ਪਟਿਆਲਾ (ਸਰਬਜੀਤ ਸਿੰਘ ਭੰਗੂ): ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋਈ। ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੀਆਂ ਵੱਖ ਵੱਖ ਸਿੱਖ ਸਭਾਵਾਂ, ਸੁਸਾਇਟੀਆਂ ਅਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਵੱਲੋਂ ਗੁਰਦੁਆਰਾ ਕੰਪਲੈਕਸ ਅੰਦਰ ਜਿਥੇ ਗੁਰੂ ਦੇ ਅਤੁੱਟ ਲੰਗਰ ਚਲਾਏ ਗਏ, ਉੱਥੇ ਹੀ ਸੰਗਤ ਨੇ ਗੁਰੂ ਦਰਬਾਰ ਵਿੱਚ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਤੜਕ ਸਵੇਰੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਭਾਤ ਫੇਰੀਆਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪੁੱਜੀਆਂ ਅਤੇ ਸੰਗਤ ਨੇ ਨਾਸਿਮਰਨ ਰਾਹੀਂ ਗੁਰੂ ਜਸ ਦਾ ਗਾਇਨ ਕੀਤਾ। ਇਸ ਮੌਕੇ 75 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਹਲਕਾ ਇੰਚਾਰਜ ਅਮਰਿੰਦਰ ਬਜਾਜ ਦਾ ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਵਿਰਕ ਨੇ ਸਿਰੋਪਾਓ ਨਾਲ ਸਨਮਾਨ ਕੀਤਾ।