ਥੀਏਟਰ ਫੈਸਟੀਵਲ: ਨਾਟਕ ‘ਡਾਕ ਘਰ’ ਤੇ ‘ਹੱਕ ਪਰਾਇਆ ਨਾਨਕਾ’ ਦੀ ਪੇਸ਼ਕਾਰੀ

ਥੀਏਟਰ ਫੈਸਟੀਵਲ: ਨਾਟਕ ‘ਡਾਕ ਘਰ’ ਤੇ ‘ਹੱਕ ਪਰਾਇਆ ਨਾਨਕਾ’ ਦੀ ਪੇਸ਼ਕਾਰੀ

ਪਟਿਆਲਾ- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ-ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ’ਚ ਸਵ: ਪ੍ਰੀਤਮ ਸਿੰਘ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਬਾਰ੍ਹਵੇਂ ਦਿਨ ਸਟੈਪਕੋ, ਨਾਹਨ (ਹਿਮਾਚਲ ਪ੍ਰਦੇਸ਼) ਵੱਲੋਂ ਗੁਰੂ ਰਵਿੰਦਰ ਨਾਥ ਟੈਗੋਰ ਦਾ ਲਿਖਿਆ ਅਤੇ ਰਣਜੀਤ ਸਿੰਘ ਕੰਵਰ ਦੀ ਨਿਰਦੇਸ਼ਨਾ ਹੇਠ ਨਾਟਕ ‘ਡਾਕ ਘਰ’ ਅਤੇ ਦੂਜਾ ਨਾਟਕ ਤਸ਼ਿੰਦਰ ਥਿੰਦ ਦੀ ਨਿਰਦੇਸ਼ਨਾ ਹੇਠ ‘ਹੱਕ ਪਰਾਇਆ ਨਾਨਕ’’ ਸਬ ਰੰਗ ਕਲਾ ਮੰਚ ਵੱਲੋਂ ਪੇਸ਼ ਕੀਤਾ ਗਿਆ।

ਨਾਟਕ ‘ਹੱਕ ਪਰਾਇਆ ਨਾਨਕਾ’ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਸ਼ਾਮਲ ਕੀਤਾ ਗਿਆ ਸੀ। ਇਸ ਨਾਟਕ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਉਜਾਗਰ ਕੀਤਾ ਕਿ ਮਨੁੱਖ ਨੂੰ ਆਪਣੇ ਹੱਕਾਂ ਅਨੁਸਾਰ ਅਤੇ ਆਪਣੀ ਮਿਹਨਤ ਨਾਲ ਕੰਮ ਕਰਕੇ ਇਮਾਨਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ।

ਨਾਟਕ ਵਿੱਚ ਤਸ਼ਿੰਦਰ ਥਿੰਦ, ਵਕੀਲ ਮਾਨ, ਜਰਨੈਲ ਸਿੰਘ, ਅਮਰਜੀਤ ਵਾਲੀਆ, ਗੁਰਨੇਕ ਭੱਟੀ, ਰਿੰਕੂ ਸ਼ਰਮਾ, ਹਰਮੀਤ ਬਾਜਵਾ, ਗਗਨਦੀਪ ਕੌਰ ਅਤੇ ਅੰਮ੍ਰਿਤ ਕੌਰ ਸਮੇਤ ਹੋਰ ਕਲਾਕਾਰਾਂ ਨੇ ਵੀ ਨਾਟਕ ਵਿੱਚ ਵੱਖ-ਵੱਖ ਕਿਰਦਾਰਾਂ ਦੇ ਰੂਪ ਵਿੱਚ ਆਪਣੀ ਕਲਾ ਦੀ ਛਾਪ ਛੱਡੀ। ਦੂਜਾ ਨਾਟਕ ‘ਡਾਕ ਘਰ’ ਸਟੈਪਕੋ ਨਾਹਨ ਹਿਮਾਚਲ ਪ੍ਰਦੇਸ਼ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਪਰਮਿੰਦਰਪਾਲ ਕੌਰ, ਗੋਪਾਲ ਸ਼ਰਮਾ ਤੇ ਪੈਨਲ ਵਿੱਚ ਮੁੱਖ ਮਹਿਮਾਨ ਪਰਮਜੀਤ ਸਿੰਘ ਗਿੱਲ ਆਈਪੀਐਸ, ਆਈ.ਜੀ. (ਸੇਵਾਮੁਕਤ), ਸਤਨਾਮ ਸਿੰਘ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਰਾਜੇਸ਼ ਅਗਰਵਾਲ, ਨਵਯੁਗ ਵਸਤਰਾਲਾ ਪਟਿਆਲਾ ਨੇ ਸਾਰੇ ਕਲਾਕਾਰਾਂ ਨੂੰ ਨਾਟਕ ਦੀ ਸਫਲ ਪੇਸ਼ਕਾਰੀ ਲਈ ਵਧਾਈ ਦਿੱਤੀ।