ਕੇਸੀਆਰ ਨੇ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕੀਤਾ: ਸ਼ਾਹ

ਕੇਸੀਆਰ ਨੇ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕੀਤਾ: ਸ਼ਾਹ

ਸੱਤਾ ’ਚ ਆਉਣ ’ਤੇ ਘੁਟਾਲਿਆਂ ਦੀ ਜਾਂਚ ਕਰਵਾਉਣ ਦਾ ਵਾਅਦਾ
ਹੈਦਰਾਬਾਦ – ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਆਰਐੱਸ ਸੁਪਰੀਮੋ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ’ਤੇ ਨਿਸ਼ਾਨਾ ਸੇਧਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਜੇਕਰ ਭਾਜਪਾ ਸੱਤਾ ਵਿੱਚ ਆਈ ਤਾਂ ਘੁਟਾਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਸ਼ਾਹ ਨੇ ਆਰਮੂਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਸੀਆਰ ਨੇ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਕੁੱਝ ਨਹੀਂ ਹੋਵੇਗਾ। ਸ਼ਾਹ ਨੇ ਕਿਹਾ, ‘‘ਕੇਸੀਆਰ ਨੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ ਹਨ। ਕੇਸੀਆਰ ਨੂੰ ਲੱਗਦਾ ਹੈ ਕਿ ਕੁੱਝ ਨਹੀਂ ਹੋਵੇਗਾ। ਕੇਸੀਆਰ ਘੂੁਕ ਨੀਂਦ ਵਿੱਚ ਨਾ ਸੌਣ। ਉਨ੍ਹਾਂ ਦਾ ਸਮਾਂ ਪੁੱਗ ਗਿਆ ਹੈ, ਜੋ ਵੀ ਘੁਟਾਲੇ ਹੋਏ ਹਨ, ਭਾਜਪਾ ਸਰਕਾਰ ਉਨ੍ਹਾਂ ਦੀ ਜਾਂਚ ਕਰਾਵੇਗੀ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ।’’ ਸ਼ਾਹ ਨੇ ਕਿਹਾ ਕਿ ਕੇਸੀਆਰ ਸਰਕਾਰ ਨੇ ਭ੍ਰਿਸ਼ਟਾਚਾਰ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕੁੱਝ ਕਥਿਤ ਘੁਟਾਲਿਆਂ ਵਜੋਂ ‘ਮੀਆਪੁਰ ਜ਼ਮੀਨ ਘੁਟਾਲਾ’, ‘ਕਵਿਤਾ ਜੀ ਦਾ ਸ਼ਰਾਬ ਘੁਟਾਲਾ’, ‘ਆਊਟਰ ਰਿੰਗ ਰੋਡ ਘੁਟਾਲਾ’ ਦਾ ਜ਼ਿਕਰ ਕੀਤਾ। ਉਨ੍ਹਾਂ ਦੁਹਰਾਇਆ ਕਿ ਜੇਕਰ ਭਾਜਪਾ ਸੂਬੇ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਮੁਸਲਮਾਨਾਂ ਲਈ ਚਾਰ ਫ਼ੀਸਦੀ ਕੋਟਾ ਖ਼ਤਮ ਕਰ ਦਿੱਤਾ ਜਾਵੇਗਾ।