ਉੱਤਰਕਾਸ਼ੀ: ਸੁਰੰਗ ਵਿੱਚ ਡਰਿਲਿੰਗ ਦਾ ਕੰਮ ਮੁੜ ਰੁਕਿਆ

ਉੱਤਰਕਾਸ਼ੀ: ਸੁਰੰਗ ਵਿੱਚ ਡਰਿਲਿੰਗ ਦਾ ਕੰਮ ਮੁੜ ਰੁਕਿਆ

ਸੁਰੰਗ ’ਚ ਫਸੇ 41 ਵਰਕਰਾਂ ਦੇ ਬਾਹਰ ਨਿਕਲਣ ਦੀ ਉਡੀਕ ਹੋਰ ਲੰਮੀ ਹੋਈ
ਉੱਤਰਕਾਸ਼ੀ- ਉੱਤਰਾਖੰਡ ਦੀ ਸਿਲਕਯਾਰਾ ਸੁਰੰਗ ਵਿਚ ਫਸੇ 41 ਵਰਕਰਾਂ ਨੂੰ ਕੱਢਣ ਲਈ ਹੋ ਰਹੀ ਡਰਿੱਲਿੰਗ ਅੱਜ ਸ਼ਾਮ ਤੱਕ ਸ਼ੁਰੂ ਨਹੀਂ ਹੋ ਸਕੀ ਸੀ। ਜ਼ਿਕਰਯੋਗ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਵੀਰਵਾਰ ਨੂੰ ਰੋਕ ਦਿੱਤਾ ਗਿਆ ਸੀ। ਇਹ ਵਰਕਰ 12 ਦਿਨਾਂ ਤੋਂ ਸੁਰੰਗ ਵਿਚ ਫਸੇ ਹੋਏ ਹਨ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੁਪਹਿਰੇ ਦੱਸਿਆ ਸੀ ਕਿ ਤਕਨੀਕੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ ਤੇ ਕੁਝ ਘੰਟਿਆਂ ਬਾਅਦ ਡਰਿੱਲਿੰਗ ਮੁੜ ਸ਼ੁਰੂ ਹੋਵੇਗੀ। ਪਰ ਸ਼ਾਮ ਤੱਕ ਔਗਰ ਮਸ਼ੀਨ ਵੱਲੋਂ ਡਰਿਲਿੰਗ ਮੁੜ ਸ਼ੁਰੂ ਕਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਕਰੀਬ 12 ਮੀਟਰ ਦੀ ਡਰਿਲਿੰਗ ਅਜੇ ਬਾਕੀ ਹੈ।
‘ਗਰਾਊਂਡ ਪੈਨੀਟ੍ਰੇਟਿੰਗ ਰਾਡਾਰ’ ਤੋਂ ਮਿਲੇ ਅੰਕੜਿਆਂ ਤੋਂ ਸੰਕੇਤ ਮਿਲਿਆ ਹੈ ਕਿ ਸੁਰੰਗ ਵਿਚ ਡਰਿੱਲ ਕੀਤੇ ਜਾ ਚੁੱਕੇ ਹਿੱਸੇ ਦੇ ਅੱਗੇ ਪੰਜ ਮੀਟਰ ਤੱਕ ਧਾਤਾਂ ਦੀ ਮੌਜੂਦਗੀ ਜਿਹਾ ਕੋਈ ਅੜਿੱਕਾ ਨਹੀਂ ਹੈ। ਇਸ ਦੇ ਨਾਲ ਹੀ ਡਰਿੱਲ ਕੀਤੇ ਗਏ ਹਿੱਸੇ ਵਿਚ ਸਟੀਲ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਕ ਵਾਰ ਪ੍ਰਕਿਰਿਆ ਪੂਰੀ ਹੋਣ ’ਤੇ ਐੱਨਡੀਆਰਐਫ ਦੇ ਕਰਮੀ ਫਸੇ ਹੋਏ ਵਰਕਰਾਂ ਨੂੰ ਇਕ-ਇਕ ਕਰ ਕੇ ਇਨ੍ਹਾਂ ਰਾਹੀਂ ਬਾਹਰ ਕੱਢ ਲੈਣਗੇ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਮਸ਼ੀਨ ਦੇ ਉਸ ਪਲੈਟਫਾਰਮ ਨੂੰ ਜਲਦੀ ਪੱਕਣ ਵਾਲੇ ਸੀਮਿੰਟ ਨਾਲ ਮਜ਼ਬੂਤ ਕੀਤਾ ਗਿਆ ਹੈ ਜਿਸ ’ਤੇ ਇਸ ਨੂੰ ਰੱਖਿਆ ਗਿਆ ਹੈ। ਵਰਕਰਾਂ ਨੇ ‘ਪੈਸੇਜ’ ਦੇ 45 ਮੀਟਰ ਤੱਕ ਅੰਦਰ ਜਾ ਕੇ ਪਾਈਪ ਦੇ ਨੁਕਸਾਨੇ ਗਏ ਮੂਹਰਲੇ 1.2 ਮੀਟਰ ਹਿੱਸੇ ਨੂੰ ਕੱਟਿਆ ਹੈ। ਇਸ ਕੰਮ ਵਿਚ ਕਈ ਘੰਟੇ ਲੱਗੇ ਹਨ। ਪਾਈਪ ਦਾ ਇਹ ਹਿੱਸਾ ਕਿਸੇ ਚੀਜ਼ ਵਿਚ ਵੱਜ ਕੇ ਮੁੜ ਗਿਆ ਸੀ। ਡਰਿੱਲ ਕਰ ਰਹੀ ਮਸ਼ੀਨ ਦੇ ਬਲੇਡ ਦੀ ਵੀ ਮੁਰੰਮਤ ਕੀਤੀ ਗਈ ਹੈ। ਜਦ ਵੀਰਵਾਰ ਅਪਰੇਸ਼ਨ ਰੁਕਿਆ ਤਾਂ ਉਸ ਵੇਲੇ ਸੁਰੰਗ ਤੋਂ ਨਿਕਲਣ ਦਾ ਰਸਤਾ (ਐਸਕੇਪ ਪੈਸੇਜ) ਬਣਾਉਣ ਲਈ ਮਸ਼ੀਨ ਮਲਬੇ ਦੇ ਅੰਦਾਜ਼ਨ 57 ਮੀਟਰ ਲੰਮੇ ਹਿੱਸੇ ਵਿਚੋਂ 48 ਮੀਟਰ ਤੱਕ ਡਰਿੱਲ ਕਰ ਚੁੱਕੀ ਸੀ। ਰਾਜ ਸਰਕਾਰ ਦੇ ਨੋਡਲ ਅਧਿਕਾਰੀ ਨੀਰਜ ਖੈਰਵਾਲ ਨੇ ਦੱਸਿਆ ਕਿ ‘ਪੈਸੇਜ’ ਲਈ 46.8 ਮੀਟਰ ਤੱਕ ਸਟੀਲ ਪਾਈਪ ਪੈ ਚੁੱਕੇ ਹਨ। ਦਿੱਲੀ ਵਿਚ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਮੈਂਬਰ ਸਈਦ ਅਤਾ ਹਸਨੈਨ ਨੇ ਦੱਸਿਆ ਕਿ ਕੋਈ ਅੜਿੱਕਾ ਬਾਕੀ ਨਹੀਂ ਹੈ ਤੇ ਮਸ਼ੀਨ ਇਕ ਘੰਟੇ ਵਿਚ 4-5 ਮੀਟਰ ਡਰਿੱਲਿੰਗ ਕਰਨ ਦੇ ਸਮਰੱਥ ਹੈ। ਸਟੀਲ ਪਾਈਪਾਂ ਨੂੰ ਜੋੜਨ ਲਈ ਵੈਲਡਿੰਗ ਕਰਨ ਵਿਚ ਵਾਧੂ ਸਮਾਂ ਲੱਗ ਰਿਹਾ ਹੈ, ਜਿਨ੍ਹਾਂ ਨੂੰ ਡਰਿੱਲ ਕੀਤੇ ਗਏ ‘ਪੈਸੇਜ’ ਵਿਚ ਪਾਇਆ ਜਾਵੇਗਾ। ਇਨ੍ਹਾਂ ਰਾਹੀਂ ਫਸੇ ਵਰਕਰ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਬਾਹਰ ਇੱਕ ਰਾਹ ਬਣਨ ’ਤੇ ਐੱਨਡੀਆਰਐਫ ਆਪਣਾ ਕੰਮ ਸ਼ੁਰੂ ਕਰੇਗੀ ਤੇ ਇਸ ਵਿਚ ਤਿੰਨ ਹੋਰ ਘੰਟੇ ਲੱਗਣਗੇ। ਗੜ੍ਹਵਾਲ ਰੇਂਜ ਦੇ ਆਈਜੀ ਕੇਐੱਸ ਨਗਨਿਆਲ ਨੇ ਦੱਸਿਆ ਕਿ ਫਸੇ ਵਰਕਰਾਂ ਨੂੰ ਮੈਡੀਕਲ ਕੇਂਦਰਾਂ ਤੱਕ ਲਿਜਾਣ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਇਨ੍ਹਾਂ ਨੂੰ ਪੁਲੀਸ ਐਸਕਾਰਟ ਵਿਚ ‘ਗਰੀਨ ਕੌਰੀਡੋਰ’ ਰਾਹੀਂ ਲਿਜਾਇਆ ਜਾਵੇਗਾ। ਇਸੇ ਦੌਰਾਨ ਅੱਜ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਵੀਕੇ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਮੁੱਖ ਮੰਤਰੀ ਧਾਮੀ ਨੂੰ ਫੋਨ ਕਰ ਕੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।