ਚੀਨ ਵਿੱਚ ਬੱਚਿਆਂ ’ਚ ਫੈਲੇ ਸਾਹ ਰੋਗ ’ਤੇ ਭਾਰਤ ਦੀ ਨਜ਼ਰ: ਕੇਂਦਰ

ਚੀਨ ਵਿੱਚ ਬੱਚਿਆਂ ’ਚ ਫੈਲੇ ਸਾਹ ਰੋਗ ’ਤੇ ਭਾਰਤ ਦੀ ਨਜ਼ਰ: ਕੇਂਦਰ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਚੀਨ ਵਿੱਚ ਫੈਲੇ ਇਨਫਲੂਐਂਜਾ ਅਤੇ ਬੱਚਿਆਂ ਵਿੱਚ ਸਾਹ ਰੋਗ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੇਸ਼ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਚੀਨ ਵਿੱਚ ਐੱਚ9ਐੱਨ2 ਫੈਲਣ ਅਤੇ ਉੱਥੋਂ ਦੇ ਬੱਚਿਆਂ ਵਿੱਚ ਸਾਹ ਰੋਗ ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਹਨ। ਸਰਕਾਰ ਨੇ ਕਿਹਾ ਕਿ ਇਨ੍ਹਾਂ ਦੋਵਾਂ ਬਿਮਾਰੀਆਂ ਦਾ ਭਾਰਤ ਵਿੱਚ ਜ਼ੋਖ਼ਮ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਮੀਡੀਆ ਦੀਆਂ ਕੁੱਝ ਖ਼ਬਰਾਂ ਵਿੱਚ ਉੱਤਰੀ ਚੀਨ ਵਿੱਚ ਬੱਚਿਆਂ ਵਿੱਚ ਸਾਹ ਰੋਗਾਂ ਦੇ ਮਾਮਲੇ ਸਾਹਮਣੇ ਆਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਵੀ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਮੁਤਾਬਕ, ਚੀਨ ਵਿੱਚ ਪਿਛਲੇ ਕੁੱਝ ਹਫ਼ਤਿਆਂ ਤੋਂ ਸਾਹ ਸਬੰਧੀ ਰੋਗਾਂ ਦੇ ਮਾਮਲੇ ਵਧ ਰਹੇ ਹਨ। ਮੰਤਰਾਲੇ ਨੇ ਕਿਹਾ, ‘‘ਬੱਚਿਆਂ ਵਿੱਚ ਸਾਹ ਰੋਗਾਂ ਦੇ ਆਮ ਕਾਰਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਕਿਸੇ ਖਾਸ ਲੱਛਣ ਦੀ ਪਛਾਣ ਨਹੀਂ ਕੀਤੀ ਗਈ।’