ਯੁਵਕ ਮੇਲਿਆਂ ਦਾ ਫ਼ਿੱਕਾ ਪੈਂਦਾ ਰੰਗ

ਯੁਵਕ ਮੇਲਿਆਂ ਦਾ ਫ਼ਿੱਕਾ ਪੈਂਦਾ ਰੰਗ

ਪ੍ਰੋ. ਕੰਵਲ ਢਿੱਲੋਂ

ਸੂਰਜ ਦੀ ਤਪਸ਼ ਘਟਦਿਆਂ ਹੀ ਅੱਸੂ ਅਤੇ ਕੱਤਕ ਦੇ ਮਹੀਨੇ ਪੰਜਾਬ ਦੀਆਂ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਯੁਵਕ ਮੇਲਿਆਂ ਦਾ ਆਗਾਜ਼ ਹੁੰਦਾ ਹੈ। ਪੜ੍ਹਾਈ ਦੇ ਨਾਲ਼ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵਿਦਿਆਰਥੀ ਬੜੇ ਚਾਅ ਨਾਲ਼ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸੰਸਥਾਵਾਂ ਵਿੱਚ ਉਦੋਂ ਅਜੀਬ ਜਿਹਾ ਜੋਸ਼ ਭਰ ਉੱਠਦਾ ਹੈ ਜਦੋਂ ਇਨ੍ਹਾਂ ਯੁਵਕ ਮੇਲਿਆਂ ਦੀ ਤਿਆਰੀ ਕਰਦੇ ਵਿਦਿਆਰਥੀ ਸਭਿਆਚਾਰਕ ਲੋਕ ਨਾਚਾਂ ਜਿਵੇਂ ਗਿੱਧਾ, ਭੰਗੜਾ, ਝੂਮਰ ਆਦਿ ਦਾ ਲੁਤਫ਼ ਉਠਾ ਰਹੇ ਹੁੰਦੇ ਹਨ। ਕਿਤੇ ਸਾਡੇ ਰੰਗਕਰਮੀ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾ ਰਹੇ ਹੁੰਦੇ ਹਨ ਹਨ। ਪੰਜਾਬੀ ਸਭਿਆਚਾਰ ਦਾ ਵੱਖ ਵੱਖ ਵੰਨਗੀਆਂ ਵਾਲ਼ਾ ਗੀਤ-ਸੰਗੀਤ ਕੰਨਾਂ ਵਿੱਚ ਰਸ ਘੋਲ਼ ਰਿਹਾ ਹੁੰਦਾ ਹੈ। ਮੁੱਛ- ਫੁੱਟ ਗੱਭਰੂਆਂ ਅਤੇ ਅੱਲੜ੍ਹ ਮੁਟਿਆਰਾਂ ਦੇ ਖਿੜੇ ਚਿਹਰੇ ਪੂਰੀ ਫਿਜ਼ਾ ਨੂੰ ਮਹਿਕਾ ਰਹੇ ਹੁੰਦੇ ਹਨ।

ਦੇਸ਼ ਵੰਡ ਤੋਂ ਬਾਅਦ ਪੰਜਾਬ ਵਿੱਚ ਉਚੇਰੀ ਸਿੱਖਿਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੀ ਹੁੰਦੀ ਸੀ ਜਿਸ ਵਿੱਚ ਯੁਵਕ ਮੇਲਿਆਂ ਦਾ ਆਗਾਜ਼ 1958 ਵਿੱਚ ਹੋਇਆ। ਇਸ ਵਰ੍ਹੇ 65ਵਾਂ ਯੁਵਕ ਮੇਲਾ ਪੰਜਾਬ ਯੂਨੀਵਰਸਿਟੀ ਅਧੀਨ ਪੈਂਦੇ ਵੱਖੋ ਵੱਖ ਜ਼ੋਨਾਂ ਵਿੱਚ ਸਫਲਤਾ ਪੂਰਵਕ ਸੰਪਨ ਹੋਇਆ ਅਤੇ ਵਿਦਿਆਰਥੀ ਅੰਤਰ ਜ਼ੋਨਲ ਮੁਕਾਬਲਿਆਂ ਦੀ ਤਿਆਰੀ ਵਿੱਚ ਰੁੱਝੇ ਹਨ। ਅਮੂਮਨ ਦੇਖਣ ਵਿੱਚ ਆਉਂਦਾ ਹੈ ਇਨ੍ਹਾਂ ਮੇਲਿਆਂ ਵਿੱਚ ਵਿਦਿਆਰਥੀ ਸਬੰਧਤ ਗਤੀਵਿਧੀਆਂ ਦੀਆਂ ਬਰੀਕੀਆਂ ਨੂੰ ਸਮਝਦੇ ਹੋਏ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਕਈ ਤਾਂ ਅੱਗੇ ਚੱਲ ਕੇ ਸਬੰਧਤ ਗਤੀਵਿਧੀ ਨੂੰ ਹੀ ਆਪਣਾ ਮੁਸਤਕਬਿਲ ਬਣਾ ਲੈਂਦੇ ਹਨ। ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ, ਉਨ੍ਹਾਂ ਦੀ ਪੇਸ਼ਕਾਰੀ ਵਿੱਚੋਂ ਝਲਕਦੀ ਹੈ, ਭਾਵੇਂ ਇਹ ਵਿਦਿਆਰਥੀ ਪੇਸ਼ੇਵਰ ਕਲਾਕਾਰ ਨਹੀਂ, ਪ੍ਰੰਤੂ ਇਨ੍ਹਾਂ ਦੀ ਤਿਆਰੀ ਮਾਹਿਰ ਕਲਾਕਾਰਾਂ ਵੱਲੋਂ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਇਨ੍ਹਾਂ ਕਲਾਕਾਰਾਂ ਤੋਂ ਕਲਾ ਦੀਆਂ ਬਾਰੀਕੀਆਂ ਸਿੱਖਣ ਦਾ ਸੁਨਹਿਰੀ ਮੌਕਾ ਮਿਲਦਾ ਹੈ। ਕਈ ਵਾਰ ਇਨ੍ਹਾਂ ਯੁਵਕ-ਮੇਲਿਆਂ ਦੀ ਹੱਲਾਸ਼ੇਰੀ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੇ ਮਹਾਨ ਕਲਾਕਾਰ ਬਣਾ ਦਿੰਦੀ ਹੈ।

ਅੱਜ ਵੀ ਇਨ੍ਹਾਂ ਯੁਵਕ-ਮੇਲਿਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਈ ਕਾਲਜ ਅਤੇ ਉਨ੍ਹਾਂ ਵਿੱਚ ਪੜ੍ਹਾਉਂਦੇ ਪ੍ਰੋਫੈਸਰ ਆਪਣਾ ਫਰਜ਼ ਨਿਭਾ ਰਹੇ ਹਨ ਪਰ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਅਤੇ ਕਰੋਨਾ ਕਾਲ ਦੀ ਮਾਰ ਦਾ ਖਮਿਆਜ਼ਾ ਕਾਲਜਾਂ ਨੂੰ ਝੱਲਣਾ ਪੈ ਰਿਹਾ ਹੈ। ਕਾਲਜਾਂ ਅਤੇ ਯੂਨੀਵਰਸੀਟੀਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਜਿਸ ਕਾਰਨ ਕਾਲਜਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੁੰਦੀ ਜਾ ਰਹੀ ਹੈ। ਇਸ ਕਰਕੇ ਬਹੁਤ ਸਾਰੇ ਕਾਲਜ ਇਨ੍ਹਾਂ ਯੁਵਕ-ਮੇਲਿਆਂ ਵਿੱਚ ਭਾਗ ਨਹੀਂ ਲੈ ਰਹੇ। ਜੋ ਹਿੱਸਾ ਲੈ ਵੀ ਰਹੇ ਹਨ, ਛੋਟੀਆਂ-ਛੋਟੀਆਂ ਵੰਨਗੀਆਂ ਵਿੱਚ ਹੀ ਲੈ ਰਹੇ ਹਨ। ਵੱਡੀ ਵੰਨਗੀ ਦੀ ਤਿਆਰੀ ਦਾ ਬੋਝ ਚੁੱਕਣਾ ਉਨ੍ਹਾਂ ਲਈ ਅਸੰਭਵ ਜਿਹਾ ਹੋ ਗਿਆ ਹੈ। ਜਿਵੇਂ ਗਰੁੱਪ ਡਾਂਸ, ਗਿੱਧਾ, ਭੰਗੜਾ, ਨਾਟਕ ਜਿਹੀਆਂ ਵੰਨਗੀਆਂ ਦੀਆਂ ਤਿਆਰੀ ‘ਤੇ ਕਾਫੀ ਖਰਚਾ ਆਉਂਦਾ ਹੈ। ਬਾਹਰੋਂ ਤਿਆਰੀ ਕਰਵਾਉਣ ਆਏ ਪ੍ਰਬੀਨ ਕਲਾਕਾਰ ਅਤੇ ਉਸਤਾਦਾਂ ਦਾ ਮਿਹਨਤਾਨਾ ਦੇਣਾ ਵੀ ਕਾਲਜਾਂ ਦੇ ਵੱਸੋਂ ਬਾਹਰੀ ਗੱਲ ਹੋ ਜਾਂਦੀ ਹੈ। ਕਈ ਵਾਰ ਤਾਂ ਸਿਰਫ਼ ਦੋ ਜਾਂ ਤਿੰਨ ਟੀਮਾਂ ਹੀ ਮੁਕਾਬਲੇ ਵਿਚ ਹੁੰਦੀਆਂ ਹਨ। ਜੱਜਾਂ ਨੂੰ ਉਨ੍ਹਾਂ ਵਿੱਚੋਂ ਹੀ ਪਹਿਲੇ, ਦੂਜੇ, ਤੀਜੇ ਸਥਾਨ ਦੇਣੇ ਪੈਂਦੇ ਹਨ, ਜਿਸ ਦੇ ਚਲਦਿਆਂ ਨਾ ਕੇਵਲ ਸਬੰਧਤ ਵੰਨਗੀਆਂ ਦੀ ਗੁਣਵੱਤਾ ਦਾ ਪੱਧਰ ਹੇਠਾਂ ਆਉਂਦਾ ਹੈ ਬਲਕਿ ਮੁਕਾਬਲੇ ਦਾ ਜੋ ਅਸਲ ਜਜ਼ਬਾ ਹੋਣਾ ਚਾਹੀਦਾ ਹੈ ਉਹ ਵੀ ਕਿਤੇ ਨਾ ਕਿਤੇ ਗ਼ਾਇਬ ਹੁੰਦਾ ਹੈ। ਏਸੇ ਕਰਕੇ ਇਨ੍ਹਾਂ ਯੁਵਕ ਮੇਲਿਆਂ ਦਾ ਰੰਗ ਆਏ ਸਾਲ ਫਿੱਕਾ ਪੈਂਦਾ ਜਾ ਰਿਹਾ ਹੈ।

ਕਈ ਮੇਜ਼ਬਾਨ ਕਾਲਜਾਂ ਵੱਲੋਂ ਪੁਖਤਾ-ਪ੍ਰਬੰਧਾਂ ਦੀ ਘਾਟ ਕਰਕੇ ਬਾਹਰੋਂ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧੂਰੇ ਪ੍ਰਬੰਧਾਂ ਕਾਰਨ ਕਈ ਨਿਰਾਸ਼ ਵਿਦਿਆਰਥੀ ਤੇ ਅਧਿਆਪਕ ਅਗਲੇ ਯੁਵਕ-ਮੇਲੇ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਦੇ ਹਨ। ਬਹੁਤਾਤ ਕਾਲਜਾਂ ਵਿੱਚ ਸਹੂਲਤਾਂ ਤੋਂ ਸੱਖਣੇ ਇਨਡੋਰ ਹਾਲ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਪ੍ਰਭਾਵਿਤ ਕਰਦੇ ਹਨ। ਸਾਊਂਡ-ਸਿਸਟਮ ਦਾ ਮਾੜਾ ਪ੍ਰਬੰਧ ਉਸ ਤੋਂ ਵੀ ਵੱਧ ਮਾਰੂ ਪ੍ਰਭਾਵ ਪਾਉਂਦਾ ਹੈ। ਨਾਟਕ ਵਰਗੀ ਪੇਸ਼ਕਾਰੀ ਲਈ ਸੁਚੱਜੇ ਇਨਡੋਰ ਨਾਟਕ ਹਾਲ ਦੀ ਜ਼ਰੂਰਤ ਹੁੰਦੀ ਹੈ, ਜੋ ਪੇਸ਼ਕਾਰੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ, ਪਰ ਇਸ ਦੀ ਅਣਹੋਂਦ ਵਿੱਚ ਨਾਟਕ ਤੇ ਅਦਾਕਾਰ ਆਪਣਾ ਸੁਮੱਚਾ ਪ੍ਰਭਾਵ ਸਿਰਜਣ ਵਿੱਚ ਨਾਕਾਮਯਾਬ ਰਹਿੰਦੇ ਹਨ, ਜਿਸ ਦੀ ਮਿਹਨਤ ਵਿਦਿਆਰਥੀ ਕਈ ਮਹੀਨਿਆਂ ਤੋਂ ਕਰ ਰਹੇ ਹੁੰਦੇ ਹਨ। ਮਾੜੇ ਸਾਊਂਡ ਸਿਸਟਮ ਕਾਰਨ ਜੱਜ ਸਾਹਿਬਾਨ ਵੀ ਡਾਇਲਾਗ ਸੁਣ ਨਹੀਂ ਪਾਉਂਦੇ, ਕਿਉਂਕਿ ਇੱਕ ਤਾਂ ਪ੍ਰਬੰਧ ਪੂਰਾ ਨਹੀਂ ਹੁੰਦਾ, ਉੱਪਰੋਂ ਕੁਝ ਹੁੱਲੜਬਾਜ਼ ਵਿਦਿਆਰਥੀ ਵੀ ਚੀਕਾਂ-ਕੂਕਾਂ ਮਾਰ ਕੇ ਵਿਘਨ ਪਾਉਂਦੇ ਹਨ।

ਯੂਨੀਵਰਸਿਟੀਆਂ ਦੇ ਯੁਵਕ ਭਲਾਈ ਵਿਭਾਗ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਯੁਵਕ ਮੇਲੇ ਕਰਵਾਏ ਜਾਂਦੇ ਹਨ, ਦਾ ਫਰਜ਼ ਹੈ ਕਿ ਉਹ ਮੇਜ਼ਬਾਨ ਕਾਲਜ ਵਿੱਚ ਹਰੇਕ ਵੰਨਗੀ ਦੇ ਪੁਖਤਾ ਪ੍ਰਬੰਧਾਂ ਦਾ ਨਿਰੀਖਣ ਕਰਨ ਅਤੇ ਇਸ ਗੱਲ ਦਾ ਵੀ ਖ਼ਿਆਲ ਰੱਖਣ ਕਿ ਸਾਰਾ ਯੁਵਕ ਮੇਲਾ ਲਿਖਤੀ ਮਾਪਦੰਡਾਂ ਦੇ ਅਧਾਰ ‘ਤੇ ਪੂਰੇ ਅਨੁਸ਼ਾਸਨ ਵਿੱਚ ਸਿਰੇ ਚੜ੍ਹੇੇ। ਜੱਜਾਂ ਦੀ ਜੱਜਮੈਂਟ ਵੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋਵੇ। ਜੱਜ ਅਖੀਰ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਮੀਆਂ ਬਾਰੇ ਜਾਣਕਾਰੀ ਦੇਣ ਅਤੇ ਪਹਿਲੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਜਾਂ ਵਿਦਿਆਰਥੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜ਼ਰੂਰ ਦੱਸਣ, ਤਾਂ ਜੋ ਬਾਕੀ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਾ ਰਹੇ।

ਸ਼ਾਲਾ! ਇਹ ਯੁਵਕ ਮੇਲੇ ਹੀ ਹਨ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਸ਼ਾਲਾ ਇਹ ਯੁਵਕ-ਮੇਲੇ ਇੰਝ ਹੀ ਲੱਗਦੇ ਰਹਿਣ, ਆਪਣੀ ਮਹਿਕ ਬਿਖੇਰਦੇ ਰਹਿਣ। ਇਨ੍ਹਾਂ ਦਾ ਰੰਗ ਕਦੇ ਵੀ ਫਿੱਕਾ ਨਾ ਪਵੇ।